ਚੰਡੀਗੜ੍ਹ : ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਚੰਡੀਗੜ੍ਹ ਪੁਲਸ ਕੋਲ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਿਰੁੱਧ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ਵਿੱਚ ਉਨ੍ਹਾ ਦੇ ਰਾਜਨੀਤਕ ਅਕਸ ਨੂੰ ਖਰਾਬ ਕਰਨ ਦੇ ਇਰਾਦੇ ਨਾਲ ਤੋੜ-ਮਰੋੜ ਕੇ ਵੀਡੀਓਜ਼ ਪੇਸ਼ ਕਰਨ ਦਾ ਦੋਸ਼ ਲਾਇਆ ਹੈ।
ਬਾਜਵਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਚੰਡੀਗੜ੍ਹ ਪੁਲਸ ਨੇ ਬਿਕਰਮ ਸਿੰਘ ਮਜੀਠੀਆ ਦੀ ਗਿ੍ਰਫਤਾਰੀ ਤੋਂ ਬਾਅਦ ਘਰ ਦੀ ਤਲਾਸ਼ੀ ਦੌਰਾਨ ਵਿਧਾਇਕ ਗਨੀਵ ਮਜੀਠੀਆ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਕਥਿਤ ਦੁਰਵਿਹਾਰ ਦੀ ਆਲੋਚਨਾ ਕੀਤੇ ਜਾਣ ਦੀ ਵੀਡੀਓ ਪੋਸਟ ਕਰਨ ਲਈ ਆਮ ਆਦਮੀ ਪਾਰਟੀ ਦੇ ਇੱਕ ਅਣਪਛਾਤੇ ਮੀਡੀਆ ਹੈਂਡਲਰ ਵਿਰੁੱਧ ਐੱਫ ਆਈ ਆਰ ਦਰਜ ਕੀਤੀ ਹੈ। ਪੁਲਸ ਨੇ ਐੱਫ ਆਈ ਆਰ ਵਿੱਚ ਕੇਜਰੀਵਾਲ ਅਤੇ ਮਾਨ ਦਾ ਨਾਂਅ ਦਰਜ ਨਹੀਂ ਕੀਤਾ।
ਬਾਜਵਾ ਨੇ ਸੈਕਟਰ 3 ਪੁਲਸ ਸਟੇਸ਼ਨ ਦੇ ਐੱਸ ਐੱਚ ਓ ਨੂੰ ਆਪਣੀ ਲਿਖਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ ਕਿ ਇੱਕ ਵੀਡੀਓ, ਜੋ ਅਸਲ ਵਿੱਚ 25 ਜੂਨ ਨੂੰ ਉਨ੍ਹਾ ਵੱਲੋਂ ਪੋਸਟ ਕੀਤੀ ਗਈ ਸੀ ਤੇ ਜਿਸ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਵਿਧਾਇਕ ਗਨੀਵ ਕੌਰ ਅਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਰੁੱਧ ਕਥਿਤ ਦੁਰਵਿਹਾਰ ਦੀ ਆਲੋਚਨਾ ਕੀਤੀ ਗਈ ਸੀ, ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਕਥਿਤ ਤੌਰ ’ਤੇ ਬਦਲੇ ਹੋਏ ਸੰਸਕਰਣ ਵਿੱਚ ਇਹ ਪ੍ਰਤੀਤ ਹੁੰਦਾ ਸੀ ਕਿ ਬਾਜਵਾ ਵੱਲੋਂ ਬਿਕਰਮ ਸਿੰਘ ਮਜੀਠੀਆ ਦਾ ਸਮਰਥਨ ਕੀਤਾ ਜਾ ਰਿਹਾ ਸੀ। ਬਾਜਵਾ ਨੇ ਕਿਹਾ ਕਿ ਛੇੜਛਾੜ ਵਾਲੀ ਵੀਡੀਓ ਨੂੰ ‘ਆਪ’ ਨੇਤਾਵਾਂ ਦੁਆਰਾ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਾਂ ਤੋਂ ਵੱਡੇ ਪੱਧਰ ’ਤੇ ਸਾਂਝਾ ਕੀਤਾ ਗਿਆ ਸੀ, ਤਾਂ ਜੋ ਜਨਤਾ ਨੂੰ ਗੁੰਮਰਾਹ ਕੀਤਾ ਜਾ ਸਕੇ ਅਤੇ ਕਾਂਗਰਸ ਪਾਰਟੀ ਸਮੇਤ ਉਨ੍ਹਾ ਦੀ ਸਾਖ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ।




