ਰੱਬ ਮੈਨੂੰ ਹੀ ਚੁੱਕ ਲੈਂਦਾ!

0
67

ਜੈਪੁਰ : ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਦੇ ਪਿੰਡ ਪਿਪਲੋਦੀ ਵਿੱਚ ਸ਼ੁੱਕਰਵਾਰ ਮਿਡਲ ਸਕੂਲ ਦੀ ਛੱਤ ਡਿੱਗਣ ਨਾਲ ਜਿਹੜੇ 7 ਬੱਚੇ ਮਾਰੇ ਗਏ, ਉਨ੍ਹਾਂ ਵਿੱਚੋਂ ਦੋ ਇੱਕੋ ਮਾਂ ਦੇ ਸਨ। ਝਾਲਾਵਾੜ ਵਿੱਚ ਪੋਸਟਮਾਰਟਮ ਤੋਂ ਬਾਅਦ ਜਿਗਰ ਦੇ ਟੁਕੜਿਆਂ ਦੀਆਂ ਲਾਸ਼ਾਂ ਲੈਣ ਆਈ ਮਾਂ ਨੇ ਕਿਹਾ ਕਿ ਬੱਚਿਆਂ ਦੀ ਥਾਂ ਰੱਬ ਉਸ ਨੂੰ ਹੀ ਚੁੱਕ ਲੈਂਦਾ। ਉਹ ਕਹਿ ਰਹੀ ਸੀਮੇਰਾ ਸਭ ਕੁਝ ਲੁੱਟ ਗਿਆ। ਬੇਟਾ ਤੇ ਬੇਟੀ ਦੋਨੋਂ ਚਲੇ ਗਏ। ਘਰ ਖਾਲੀ ਹੋ ਗਿਆ। ਵਿਹੜੇ ਵਿੱਚ ਖੇਡਣ ਵਾਲਾ ਕੋਈ ਨਹੀਂ ਰਿਹਾ। ਰੱਬ ਬੱਚਿਆਂ ਦੀ ਥਾਂ ਮੈਨੂੰ ਹੀ ਚੁੱਕ ਲੈਂਦਾ। ਇਸ ਅਭਾਗੀ ਮਹਿਲਾ ਦੀ 12 ਸਾਲਾ ਬੇਟੀ ਤੇ ਛੇ ਸਾਲਾ ਕਾਨ੍ਹਾ ਦੀ ਮੌਤ ਹੋ ਗਈ। 12 ਸਾਲ ਦੇ ਪਾਇਲ, ਪਿ੍ਰਅੰਕਾ, ਕੁੰਦਨ ਤੇ ਕਾਰਤਿਕ ਅਤੇ 8 ਸਾਲ ਦਾ ਹਰੀਸ਼ ਵੀ ਇਸ ਤ੍ਰਾਸਦੀ ਦਾ ਸ਼ਿਕਾਰ ਹੋ ਗਏ।
7 ਬੱਚਿਆਂ ਦੀ ਮੌਤ ਤੇ 28 ਦੇ ਜ਼ਖਮੀ ਹੋਣ ਨੇ ਸੂਬੇ ਵਿੱਚ ਪਿੰਡਾਂ ਵਿੱਚ ਸਕੂਲੀ ਢਾਂਚੇ ਦੀ ਖਸਤਾ ਹਾਲਤ ਵੱਲ ਮੁੜ ਧਿਆਨ ਖਿੱਚਿਆ ਹੈ। ਬੱਚਾ ਗੁਆਉਣ ਵਾਲੀ ਇਕ ਮਹਿਲਾ ਨੇ ਸਵਾਲ ਉਠਾਏ ਕਿ ਘਟਨਾ ਵੇਲੇ ਅਧਿਆਪਕ ਕੀ ਕਰ ਰਹੇ ਸਨ, ਉਹ ਬੱਚਿਆਂ ਨੂੰ ਅੰਦਰ ਛੱਡ ਕੇ ਬਾਹਰ ਕੀ ਕਰ ਰਹੇ ਸਨ।
ਰਿਪੋਰਟਾਂ ਮੁਤਾਬਕ ਬੱਚਿਆਂ ਨੇ ਇਮਾਰਤ ਦਾ ਹਿੱਸਾ ਡਿੱਗਣ ਤੋਂ ਥੋੜ੍ਹੀ ਦੇਰ ਪਹਿਲਾਂ ਆਪਣੇ ਅਧਿਆਪਕਾਂ ਨੂੰ ਕੁਝ ਵਾਪਰ ਜਾਣ ਬਾਰੇ ਖਬਰਦਾਰ ਕੀਤਾ ਸੀ, ਜਿਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਕਈ ਵਿਦਿਆਰਥੀਆਂ ਨੇ ਸਕੂਲ ਦੀ ਇਮਾਰਤ ਵਿੱਚ ਕਈ ਅਸਾਧਾਰਨ ਸੰਕੇਤ ਦੇਖੇ ਅਤੇ ਅਧਿਆਪਕਾਂ ਨੂੰ ਸੂਚਿਤ ਕਰਨ ਲਈ ਭੱਜੇ, ਜੋ ਉਸ ਸਮੇਂ ਨਾਸ਼ਤਾ ਕਰ ਰਹੇ ਸਨ। ਅਧਿਆਪਕਾਂ ਨੇ ਮਸਲੇ ਦੀ ਜਾਂਚ ਕਰਨ ਦੀ ਬਜਾਏ ਬੱਚਿਆਂ ਨੂੰ ਦਬਕਾ ਮਾਰ ਕੇ ਕਲਾਸ ਵਿੱਚ ਵਾਪਸ ਘੱਲ ਦਿੱਤਾ। ਕੁਝ ਪਲਾਂ ਬਾਅਦ ਇਮਾਰਤ ਢਹਿ ਗਈ। ਇੱਕ ਵਿਦਿਆਰਥੀ ਨੇ ‘ਇੰਡੀਆ ਟੂਡੇ ਟੀ ਵੀ’ ਨੂੰ ਦੱਸਿਆ, ‘ਲੈਂਟਰ ’ਚੋਂ ਕੰਕਰ ਡਿੱਗ ਰਹੇ ਸਨ। ਜਦੋਂ ਵਿਦਿਆਰਥੀਆਂ ਨੇ ਅਧਿਆਪਕਾਂ ਨੂੰ ਦੱਸਿਆ ਤਾਂ ਉਨ੍ਹਾਂ ਉਨ੍ਹਾਂ ਨੂੰ ਝਿੜਕਿਆ ਅਤੇ ਨਾਸ਼ਤਾ ਕਰਦੇ ਰਹੇ। ਥੋੜ੍ਹੀ ਦੇਰ ਬਾਅਦ ਕੰਧ ਢਹਿ ਗਈ ਅਤੇ ਛੱਤ ਬੱਚਿਆਂ ’ਤੇ ਡਿੱਗ ਪਈ। ਬਹੁਤ ਸਾਰੇ ਬੱਚੇ ਬਚਣ ਲਈ ਇਧਰ-ਉਧਰ ਭੱਜੇ, ਬਹੁਤ ਸਾਰੇ ਮਲਬੇ ਹੇਠ ਦੱਬ ਗਏ।’
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ, ‘‘ਜਿਹੜੀ ਸਰਕਾਰ ਸ਼ਿਕਾਇਤਾਂ ਦੇ ਬਾਵਜੂਦ ਸਾਡੇ ਬੱਚਿਆਂ ਦੇ ਸਕੂਲਾਂ ਦੀਆਂ ਛੱਤਾਂ ਦੀ ਮੁਰੰਮਤ ਨਹੀਂ ਕਰ ਸਕਦੀ, ਦੇਸ਼ ਦੇ ਭਵਿੱਖ ਲਈ ‘ਵਿਕਸਤ ਭਾਰਤ’ ਦੇ ਵੱਡੇ ਸੁਪਨੇ ਦਿਖਾਉਂਦੀ ਹੈ। ਵਿਕਾਸ ਬਾਰੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਭਾਜਪਾ ਨੇ ਦੇਸ਼ ਨੂੰ ਬਰਬਾਦ ਕਰ ਦਿੱਤਾ ਹੈ। ਪੁਲ ਢਹਿਣਾ, ਰੇਲ ਹਾਦਸੇ, ਨਵੀਂਆਂ ਬਣੀਆਂ ਸੜਕਾਂ ਵਿੱਚ ਤਰੇੜਾਂ, ਉਦਘਾਟਨ ਤੋਂ ਬਾਅਦ ਮਹਾਨ ਸ਼ਖਸੀਅਤਾਂ ਦੀਆਂ ਮੂਰਤੀਆਂ ਦਾ ਨੁਕਸਾਨ ਇਹ ਸਭ ਆਮ ਹੋ ਗਏ ਹਨ। ਭਾਜਪਾ ਦਾ ਧਿਆਨ ਸਿਰਫ ਇੱਕ ਚੀਜ਼ ’ਤੇ ਕੇਂਦਰਤ ਹੈਸੱਤਾ ਦੀ ਭੁੱਖ!’’
ਰਾਹੁਲ ਗਾਂਧੀ ਨੇ ਕਿਹਾ, ‘ਮੀਡੀਆ ਰਿਪੋਰਟਾਂ ਅਨੁਸਾਰ ਸਰਕਾਰ ਨੇ ਖਸਤਾ ਹਾਲ ਸਕੂਲਾਂ ਬਾਰੇ ਸ਼ਿਕਾਇਤਾਂ ਨੂੰ ਨਜ਼ਰਅੰਦਾਜ਼ ਕੀਤਾ, ਜਿਸ ਕਾਰਨ ਇਨ੍ਹਾਂ ਮਾਸੂਮ ਬੱਚਿਆਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਇਨ੍ਹਾਂ ਵਿੱਚੋਂ ਜ਼ਿਆਦਾਤਰ ਬੱਚੇ ਬਹੁਜਨ ਸਮਾਜ ਦੇ ਸਨ। ਕੀ ਭਾਜਪਾ ਸਰਕਾਰ ਲਈ ਉਨ੍ਹਾਂ ਦੀ ਜਾਨ ਦੀ ਕੋਈ ਕੀਮਤ ਨਹੀਂ?