ਬਰਨਾਲਾ : ਜ਼ਿਲ੍ਹੇ ਦੇ ਥਾਣਾ ਸਦਰ ਬਰਨਾਲਾ ਅਧੀਨ ਪੈਂਦੇ ਪਿੰਡ ਠੀਕਰੀਵਾਲਾ ਦੀ ਰਹਿਣ ਵਾਲੀ ਮਹਿਲਾ ਭਾਜਪਾ ਆਗੂ ਦੀ ਨੌਜਵਾਨ ਧੀ ਨੇ ਸ਼ੱਕੀ ਹਾਲਾਤ ’ਚ ਮੰਗਲਵਾਰ ਸ਼ਾਮ ਫਾਹਾ ਲੈ ਕੇ ਜ਼ਿੰਦਗੀ ਨੂੰ ਅਲਵਿਦਾ ਕਹਿ ਦਿੱਤਾ। ਲਾਸ਼ ਨੂੰ ਸਿਵਲ ਹਸਪਤਾਲ ਬਰਨਾਲਾ ਦੀ ਮੋਰਚਰੀ ’ਚ ਪੋਸਟ-ਮਾਰਟਮ ਲਈ ਲਿਆਂਦਾ ਗਿਆ ਹੈ। ਭਾਰਤੀ ਜਨਤਾ ਪਾਰਟੀ ਦੀ ਮਹਿਲਾ ਆਗੂ ਰਾਣੀ ਕੌਰ ਪਤਨੀ ਭੋਲਾ ਸਿੰਘ ਵਾਸੀ ਪੱਤੀ ਮਾਨ ਨੇੜੇ ਦਾਣਾ ਮੰਡੀ ਠੀਕਰੀਵਾਲਾ ਦੀ ਲੜਕੀ ਰਮਨਪ੍ਰੀਤ ਕੌਰ (22) ਯੂਨੀਵਰਸਿਟੀ ਕਾਲਜ ਘੜੂੰਆਂ (ਬਰਨਾਲਾ) ਵਿਖੇ ਬੀ ਏ ਫਾਈਨਲ ਦੀ ਪੜ੍ਹਾਈ ਕਰ ਰਹੀ ਸੀ। ਕੁਝ ਦਿਨਾਂ ਬਾਅਦ ਹੀ ਉਸ ਦੀ ਪ੍ਰੀਖਿਆ ਸ਼ੁਰੂ ਹੋਣੀ ਸੀ, ਉਸ ਨੇ ਫੀਸ ਭਰਨ ਲਈ ਆਪਣੇ ਪਰਵਾਰ ਤੋਂ ਪੰਜ ਹਜ਼ਾਰ ਰੁਪਏ ਦੀ ਮੰਗ ਕੀਤੀ। ਪਰਵਾਰ ਦੀ ਆਰਥਕ ਹਾਲਤ ਬਹੁਤੀ ਠੀਕ ਨਾ ਹੋਣ ਕਾਰਨ ਪਰਵਾਰ ਨੇ ਫੀਸ ਭਰਨ ਤੋਂ ਕੁਝ ਦਿਨ ਲਈ ਬੇਵੱਸੀ ਜ਼ਾਹਿਰ ਕੀਤੀ, ਜਿਸ ਨੂੰ ਲੈ ਕੇ ਉਹ ਕਾਫੀ ਮਾਨਸਕ ਦਬਾਅ ’ਚ ਆ ਗਈ। ਆਖਿਰ ਉਸ ਨੇ ਕਮਰੇ ਅੰਦਰ ਵੜ ਕੇ ਛੱਤ ’ਚ ਪਾਏ ਗਾਡਰ ’ਚ ਚੁੰਨੀ ਪਾ ਕੇ ਗਲ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਇਸ ਸੰਬੰਧੀ ਥਾਣਾ ਸਦਰ ਬਰਨਾਲਾ ਦੇ ਐੱਸ ਐੱਚ ਓ ਇੰਸਪੈਕਟਰ ਜਗਜੀਤ ਸਿੰਘ ਨੇ ਕਿਹਾ ਕਿ ਪੁਲਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ।




