ਇਮਰਾਨ ਤੇ ਬੁਸ਼ਰਾ ਬੀਬੀ ਨੂੰ 17-17 ਸਾਲ ਕੈਦ

0
48

ਇਸਲਾਮਾਬਾਦ : ਪਾਕਿਸਤਾਨ ਦੀ ਇੱਕ ਅਦਾਲਤ ਨੇ ਤੋਸ਼ਾਖਾਨਾ ਨਾਲ ਸੰਬੰਧਤ ਭਿ੍ਰਸ਼ਟਾਚਾਰ ਦੇ ਮਾਮਲੇ ਵਿੱਚ ਜੇਲ੍ਹ ’ਚ ਨਜ਼ਰਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾ ਦੀ ਪਤਨੀ ਬੁਸ਼ਰਾ ਬੀਬੀ ਨੂੰ 17-17 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਸਰਕਾਰੀ ਤੋਹਫ਼ਿਆਂ ਵਿੱਚ ਕਥਿਤ ਧੋਖਾਧੜੀ ਨਾਲ ਸੰਬੰਧਤ ਹੈ। ਇਹ ਤੋਹਫੇ ਉਨ੍ਹਾਂ ਨੂੰ 2021 ਵਿੱਚ ਸਾਊਦੀ ਸਰਕਾਰ ਤੋਂ ਮਿਲੇ ਸਨ। ਵਿਸ਼ੇਸ਼ ਅਦਾਲਤ ਦੇ ਜੱਜ ਸ਼ਾਹਰੁਖ ਅਰਜੁਮੰਦ ਨੇ ਰਾਵਲਪਿੰਡੀ ਦੀ ਉੱਚ-ਸੁਰੱਖਿਆ ਅਦਿਆਲਾ ਜੇਲ੍ਹ ਵਿੱਚ ਇਸ ਮਾਮਲੇ ਬਾਰੇ ਫੈਸਲਾ ਸੁਣਾਇਆ। ਖਾਨ ਅਤੇ ਬੁਸ਼ਰਾ ਨੂੰ ਪਾਕਿਸਤਾਨ ਦੰਡ ਸੰਹਿਤਾ ਦੀ ਧਾਰਾ 409 ਤਹਿਤ 10 ਸਾਲ ਦੀ ਸਖ਼ਤ ਕੈਦ ਅਤੇ ਭਿ੍ਰਸ਼ਟਾਚਾਰ ਰੋਕਥਾਮ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਸੱਤ ਸਾਲ ਦੀ ਸਜ਼ਾ ਸੁਣਾਈ ਗਈ। ਅਦਾਲਤ ਨੇ ਉਨ੍ਹਾਂ ਵਿੱਚੋਂ ਹਰੇਕ ’ਤੇ 16.4 ਮਿਲੀਅਨ ਪਾਕਿਸਤਾਨੀ ਰੁਪਏ ਦਾ ਜੁਰਮਾਨਾ ਵੀ ਲਗਾਇਆ। ਇਹ ਮਾਮਲਾ ਜੁਲਾਈ 2024 ਵਿੱਚ ਦਾਇਰ ਕੀਤਾ ਗਿਆ ਸੀ। ਉਨ੍ਹਾਂ ’ਤੇ ਦੋਸ਼ ਲੱਗੇ ਸਨ ਕਿ ਇਸ ਜੋੜੇ ਵੱਲੋਂ ਮਹਿੰਗੀਆਂ ਘੜੀਆਂ ਦੇ ਨਾਲ-ਨਾਲ ਹੀਰੇ ਅਤੇ ਸੋਨੇ ਦੇ ਗਹਿਣਿਆਂ ਦੇ ਸੈੱਟਾਂ ਸਮੇਤ ਕੀਮਤੀ ਚੀਜ਼ਾਂ ਨੂੰ ਤੋਸ਼ਾਖਾਨਾ (ਰਾਜ ਦੇ ਤੋਹਫ਼ਾ ਭੰਡਾਰ) ਵਿੱਚ ਜਮ੍ਹਾਂ ਕੀਤੇ ਬਿਨਾਂ ਵੇਚ ਦਿੱਤਾ ਗਿਆ ਸੀ।