ਪਾਇਲਟ ਵੱਲੋਂ ਯਾਤਰੀ ਦੀ ਬੁਰੀ ਤਰ੍ਹਾਂ ਕੁੱਟਮਾਰ, ਮੁਅੱਤਲ

0
116

ਨਵੀਂ ਦਿੱਲੀ : ਦਿੱਲੀ ਹਵਾਈ ਅੱਡੇ ’ਤੇ ਇਕ ਪਾਇਲਟ ਨੇ ਬੋਲ-ਬੁਲਾਰੇ ਤੋਂ ਬਾਅਦ ਇਕ ਯਾਤਰੀ ਦੀ ਕੁੱਟਮਾਰ ਕੀਤੀ, ਜਿਸ ਦੀ ਸੋਸ਼ਲ ਮੀਡੀਆ ’ਤੇ ਨਿਖੇਧੀ ਕੀਤੀ ਗਈ। ਇਹ ਘਟਨਾ ਸਪਾਈਸ ਜੈੱਟ ਦੇ ਇੱਕ ਯਾਤਰੀ ਨਾਲ 19 ਦਸੰਬਰ ਨੂੰ ਵਾਪਰੀ। ਇਸ ਯਾਤਰੀ ਅੰਕਿਤ ਦੀਵਾਨ ਨੇ ਆਪਣੇ ਨਾਲ ਹੋਈ ਕੁਟਮਾਰ ਦੀ ਪੋਸਟ ਸੋਸ਼ਲ ਮੀਡੀਆ ’ਤੇ ਜਾਰੀ ਕਰਦਿਆਂ ਪਾਇਲਟ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਏਅਰਲਾਈਨ ਨੇ ਇਸ ਵਰਤਾਰੇ ਤੋਂ ਬਾਅਦ ਪਾਇਲਟ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਪਾਇਲਟ ਉਸ ਵੇਲੇ ਡਿਊਟੀ ’ਤੇ ਨਹੀਂ ਸੀ। ਦੀਵਾਨ ਨੇ ਦਾਅਵਾ ਕੀਤਾ ਕਿ ਦਿੱਲੀ ਹਵਾਈ ਅੱਡੇ ਦੇ ਟਰਮੀਨਲ 1 ’ਤੇ ਇਕ ਪਾਇਲਟ ਨੇ ਉਸ ’ਤੇ ਉਦੋਂ ਹਮਲਾ ਕੀਤਾ, ਜਦੋਂ ਉਹ ਆਪਣੀ ਪਤਨੀ ਅਤੇ ਦੋ ਬੱਚੀਆਂ ਨਾਲ ਜਾ ਰਿਹਾ ਸੀ। ਉਸ ਨੇ ਕਿਹਾ ਕਿ ਉਸ ਦੇ ਪਰਵਾਰ ਨੂੰ ਸਟਰੌਲਰ ਵਿਚ ਚਾਰ ਮਹੀਨੇ ਦੀ ਬੱਚੀ ਹੋਣ ਕਾਰਨ ਸਟਾਫ਼ ਦੀ ਸੁਰੱਖਿਆ ਜਾਂਚ ਵੱਲ ਜਾਣ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਪਾਇਲਟ ਉਸ ਤੋਂ ਅੱਗੇ ਜਾਣ ਲੱਗਿਆ ਤਾਂ ਉਸ ਨੇ ਇਤਰਾਜ਼ ਕੀਤਾ ਤਾਂ ਪਾਇਲਟ ਨੇ ਕਿਹਾ ਕਿ ਉਹ ਅਨਪੜ੍ਹ ਹੈ ਕਿ ਉਸ ਨੇ ਉਹ ਸੰਕੇਤ ਨਹੀਂ ਪੜ੍ਹਿਆ, ਜਿਸ ਵਿੱਚ ਕਿਹਾ ਗਿਆ ਸੀ ਕਿ ਇਹ ਐਂਟਰੀ ਸਿਰਫ ਸਟਾਫ ਲਈ ਸੀ। ਦੀਵਾਨ ਅਤੇ ਪਾਇਲਟ ਦਰਮਿਆਨ ਤਕਰਾਰ ਹੋ ਗਈ ਤੇ ਪਾਇਲਟ ਨੇ ਯਾਤਰੀ ਦੇ ਘਸੁੰਨ ਜੜ ਦਿੱਤਾ ਤੇ ਦੀਵਾਨ ਲਹੂ-ਲੁਹਾਨ ਹੋ ਗਿਆ। ਬੱਚੀਆਂ ਸਾਹਮਣੇ ਕੀਤੀ ਗਈ ਕੁੱਟਮਾਰ ਕਾਰਨ ਬੱਚੀਆਂ ਸਦਮੇ ਵਿਚ ਹਨ। ਦਿੱਲੀ ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਹਮਲੇ ਸੰਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ। ਪੁਲਸ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਪੀੜਤ ਤੋਂ ਲਿਖਤੀ ਸ਼ਿਕਾਇਤ ਮਿਲੇਗੀ ਤਾਂ ਉਹ ਢੁਕਵੀਂ ਕਾਨੂੰਨੀ ਕਾਰਵਾਈ ਸ਼ੁਰੂ ਕਰਨਗੇ।