ਜੋਹਾਨਸਬਰਗ ਗੋਲੀਬਾਰੀ ’ਚ 9 ਮੌਤਾਂ, 10 ਜ਼ਖਮੀ

0
35

ਜੋਹਾਨਸਬਰਗ : ਦੱਖਣੀ ਅਫਰੀਕਾ ਦੇ ਜੋਹਾਨਸਬਰਗ ਦੇ ਪੱਛਮ ਵਿੱਚ ਸਥਿਤ ਬੇਕਰਸਡਲ ਟਾਊਨਸ਼ਿਪ ਵਿੱਚ ਗੋਲੀਬਾਰੀ ਦੀ ਇੱਕ ਘਟਨਾ ਵਿੱਚ 9 ਲੋਕ ਮਾਰੇ ਗਏ ਹਨ। ਦੱਖਣੀ ਅਫਰੀਕੀ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨਿਊਜ਼ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਪੁਲਸ ਅਨੁਸਾਰ ਦੱਖਣੀ ਅਫਰੀਕਾ ਵਿੱਚ ਜੋਹਾਨਸਬਰਗ ਸ਼ਹਿਰ ਦੇ ਨੇੜੇ ਇੱਕ ਟਾਊਨਸ਼ਿਪ ਵਿੱਚ ਬੰਦੂਕਧਾਰੀਆਂ ਨੇ ਇੱਕ ਟੈਵਰਨ (ਸ਼ਰਾਬਖਾਨੇ) ਵਿੱਚ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਵਿੱਚ ਘੱਟੋ-ਘੱਟ 9 ਲੋਕ ਮਾਰੇ ਗਏ ਅਤੇ 10 ਹੋਰ ਜ਼ਖਮੀ ਹੋ ਗਏ। ਐਤਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਪੁਲਸ ਨੇ ਦੱਸਿਆ ਕਿ ਦੋਸ਼ੀਆਂ ਦੀ ਭਾਲ ਲਈ ਇੱਕ ਮੁਹਿੰਮ ਚਲਾਈ ਜਾ ਰਹੀ ਹੈ। ਇਹ ਘਟਨਾ ਬੇਕਰਸਡਲ ਟਾਊਨਸ਼ਿਪ ਵਿੱਚ ਸਥਾਨਕ ਸਮੇਂ ਅਨੁਸਾਰ ਰਾਤ 1 ਵਜੇ ਤੋਂ ਕੁਝ ਸਮਾਂ ਪਹਿਲਾਂ ਵਾਪਰੀ। ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇੱਕ ਚਿੱਟੇ ਰੰਗ ਦੀ ਕੋਂਬੀ (ਵੈਨ) ਅਤੇ ਇੱਕ ਸਿਲਵਰ ਰੰਗ ਦੀ ਸੇਡਾਨ ਕਾਰ ਵਿੱਚ ਸਵਾਰ ਲੱਗਭੱਗ 12 ਅਣਪਛਾਤੇ ਸ਼ੱਕੀਆਂ ਨੇ ਟੈਵਰਨ ਵਿੱਚ ਮੌਜੂਦ ਲੋਕਾਂ ’ਤੇ ਗੋਲੀਆਂ ਚਲਾਈਆਂ ਅਤੇ ਘਟਨਾ ਵਾਲੀ ਥਾਂ ਤੋਂ ਫ਼ਰਾਰ ਹੁੰਦੇ ਸਮੇਂ ਵੀ ਅੰਨ੍ਹੇਵਾਹ ਗੋਲੀਬਾਰੀ ਜਾਰੀ ਰੱਖੀ। ਪੁਲਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਕਤ ਟੈਵਰਨ ਲਾਇਸੰਸਸ਼ੁਦਾ ਸੀ। ਦੱਖਣੀ ਅਫਰੀਕੀ ਜਨਤਕ ਪ੍ਰਸਾਰਕ ਦੀ ਰਿਪੋਰਟ ਅਨੁਸਾਰ ਅਣਪਛਾਤੇ ਬੰਦੂਕਧਾਰੀਆਂ ਨੇ ਟੈਵਰਨ ਦੇ ਅੰਦਰ ਬੈਠੇ ਗਾਹਕਾਂ ਅਤੇ ਬਾਹਰ ਸੜਕਾਂ ’ਤੇ ਮੌਜੂਦ ਲੋਕਾਂ ’ਤੇ ਗੋਲੀਆਂ ਚਲਾਈਆਂ। ਗੋਲੀਬਾਰੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਕੁਝ ਮੀਡੀਆ ਰਿਪੋਰਟਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 10 ਦੱਸੀ ਜਾ ਰਹੀ ਹੈ। ਗੌਤੈਂਗ ਸੂਬੇ ਦੇ ਪੁਲਸ ਦੇ ਬੁਲਾਰੇ ਬਿ੍ਰਗੇਡੀਅਰ ਬ੍ਰੈਂਡਾ ਮੁਰਿਦਿਲੀ ਨੇ ਦੱਸਿਆ, 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਉਨ੍ਹਾਂ ਕੋਲ ਅਜੇ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਕਿ ਮਾਰੇ ਗਏ ਲੋਕ ਕੌਣ ਹਨ।