ਸਲਾਹੂਦੀਨ ਦੇ ਪੁੱਤਰਾਂ ਦੀ ਪਟੀਸ਼ਨ ਖਾਰਜ

0
53

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਹਿਜ਼ਬੁਲ ਮੁਜਾਹਦੀਨ ਦੇ ਮੁਖੀ ਸਈਦ ਸਲਾਹੂਦੀਨ ਦੇ ਦੋ ਪੁੱਤਰਾਂ ਅਤੇ ਹੋਰਨਾਂ ਵੱਲੋਂ ਦਾਇਰ ਉਨ੍ਹਾਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਟੈਰਰ ਫੰਡਿੰਗ (ਦਹਿਸ਼ਤਗਰਦੀ ਲਈ ਫੰਡ ਜੁਟਾਉਣ) ਦੇ ਇੱਕ ਮਾਮਲੇ ਵਿੱਚ ਉਨ੍ਹਾਂ ਵਿਰੁੱਧ ਦੋਸ਼ ਤੈਅ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ। ਜਸਟਿਸ ਵਿਵੇਕ ਚੌਧਰੀ ਅਤੇ ਜਸਟਿਸ ਮਨੋਜ ਜੈਨ ਦੇ ਬੈਂਚ ਨੇ ਇਨ੍ਹਾਂ ਅਪੀਲਾਂ ਨੂੰ ਸੁਣਵਾਈ ਦੇ ਯੋਗ ਨਾ ਮੰਨਦੇ ਹੋਏ ਰੱਦ ਕਰ ਦਿੱਤਾ, ਹਾਲਾਂ ਕਿ ਮਾਮਲੇ ਦਾ ਵਿਸਤਿ੍ਰਤ ਫੈਸਲਾ ਅਜੇ ਆਉਣਾ ਬਾਕੀ ਹੈ। ਮੁਲਜ਼ਮਾਂ ਨੇ ਸਾਲ 2021 ਵਿੱਚ ਇੱਕ ਹੇਠਲੀ ਅਦਾਲਤ ਵੱਲੋਂ ਉਨ੍ਹਾਂ ਵਿਰੁੱਧ ਦੋਸ਼ ਤੈਅ ਕਰਨ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ। ਕੌਮੀ ਜਾਂਚ ਏਜੰਸੀ ਦੇ ਅਨੁਸਾਰ ਇਹ ਮਾਮਲਾ ਪਾਕਿਸਤਾਨ ਸਥਿਤ ਅੱਤਵਾਦੀਆਂ ਵੱਲੋਂ ਹਵਾਲਾ ਚੈਨਲਾਂ ਰਾਹੀਂ ਜੰਮੂ-ਕਸ਼ਮੀਰ ਵਿੱਚ ਅਤਿਵਾਦੀ ਗਤੀਵਿਧੀਆਂ ਨੂੰ ਵਧਾਵਾ ਦੇਣ ਲਈ ਫੰਡ ਭੇਜਣ ਦੀ ਸਾਜ਼ਿਸ਼ ਨਾਲ ਸਬੰਧਤ ਹੈ। ਸਲਾਹੂਦੀਨ ਦੇ ਪੁੱਤਰ ਸ਼ਾਹਿਦ ਯੂਸਫ ਨੂੰ ਅਕਤੂਬਰ 2017 ਵਿੱਚ ਅਤੇ ਦੂਜੇ ਪੁੱਤਰ ਸਈਦ ਅਹਿਮਦ ਸ਼ਕੀਲ ਨੂੰ ਅਗਸਤ 2018 ਵਿੱਚ ਸ੍ਰੀਨਗਰ ਤੋਂ ਗਿ੍ਰਫ਼ਤਾਰ ਕੀਤਾ ਗਿਆ ਸੀ। ਐੱਨ ਆਈ ਏ ਦਾ ਦੋਸ਼ ਹੈ ਕਿ ਸ਼ਕੀਲ ਨੇ ਸਾਊਦੀ ਅਰਬ ਦੇ ਕੈਡਰਾਂ ਰਾਹੀਂ ਅਤੇ ਯੂਸਫ ਨੇ ਵਿਦੇਸ਼ਾਂ ਤੋਂ ਹਿਜ਼ਬੁਲ ਮੁਜਾਹਦੀਨ ਲਈ ਫੰਡ ਪ੍ਰਾਪਤ ਕੀਤੇ ਸਨ।