ਪਟਿਆਲਾ ਦੇ ਸਕੂਲਾਂ ਤੇ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ

0
52

ਪਟਿਆਲਾ : ਪਟਿਆਲਾ ਦੇ ਸਕਾਲਰ ਫੀਲਡ ਸਕੂਲ ਸਰਹਿੰਦ ਰੋਡ ਪਟਿਆਲਾ, ਡੀ ਏ ਵੀ ਸਕੂਲ ਪਟਿਆਲਾ, ਸੀ ਕੈਰੀਅਰ ਅਕੈਡਮੀ ਭਾਦਸੋਂ ਰੋਡ ਪਟਿਆਲਾ, ਭੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ, ਡਕਾਲਾ ਰੋਡ ਪਟਿਆਲਾ, ਸਰਕਾਰੀ ਬਿਕਰਮ ਕਾਲਜ ਪਟਿਆਲਾ ਅਤੇ ਰਿਆਨ ਇੰਟਰਨੈਸ਼ਨਲ ਸਕੂਲ, ਅਰਬਨ ਅਸਟੇਟ ਨੂੰ ਈਮੇਲ ’ਤੇ ਧਮਕੀਆਂ ਮਿਲੀਆਂ। ਇਸ ਤੋਂ ਇਲਾਵਾ ਪਟਿਆਲਾ ਰੇਲਵੇ ਸਟੇਸ਼ਨ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਈਮੇਲ ਵਿੱਚ ਇਹ ਜ਼ਿਕਰ ਕੀਤਾ ਗਿਆ ਕਿ ਬੰਬ ਦੁਪਹਿਰ 1.11 ਵਜੇ ਤੋਂ ਰਾਤ 9.11 ਵਜੇ ਦੇ ਵਿਚਕਾਰ ਫਟਣਗੇ। ਇਸ ਦੌਰਾਨ ਹੀ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਨਿਸ਼ਾਨੇ ’ਤੇ ਲੈਣ ਦੀ ਗੱਲ ਆਖੀ ਗਈ।
ਰਾਜਪਾਲ ਨੇ ਵਿਸ਼ੇਸ਼ ਅਜਲਾਸ ਲਈ ਦਿੱਤੀ ਪ੍ਰਵਾਨਗੀ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ‘ਮਗਨਰੇਗਾ’ ਦਾ ਨਾਂਅ ਬਦਲਣ ਅਤੇ ਬੁਨਿਆਦੀ ਢਾਂਚੇ ਵਿੱਚ ਕੀਤੇ ਬਦਲਾਅ ਵਿਰੁੱਧ ਵਿਧਾਨ ਸਭਾ ਦੇ ਵਿਸ਼ੇਸ਼ ਅਜਲਾਸ ਲਈ ਮੰਗਲਵਾਰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪ੍ਰਵਾਨਗੀ ਦੇ ਦਿੱਤੀ ਹੈ। ਇਹ ਵਿਧਾਨ ਸਭਾ ਦਾ ਸੈਸ਼ਨ 30 ਦਸੰਬਰ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਰਾਜਪਾਲ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਅਮਰ ਨੂਰੀ ਨੂੰ ਮਿਲੀ ਧਮਕੀ
ਖੰਨਾ : ਪੰਜਾਬੀ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਨੂੰ ਇਕ ਧਮਕੀ ਭਰਿਆ ਫੋਨ ਆਇਆ ਹੈ। ਆਪਣੇ ਆਪ ਨੂੰ ਇੰਸਪੈਕਟਰ ਗੁਰਮੀਤ ਸਿੰਘ ਹੋਣ ਦਾ ਦਾਅਵਾ ਕਰਨ ਵਾਲੇ ਨੇ ਅਮਰ ਨੂਰੀ ਨੂੰ ਧਮਕੀ ਦਿੱਤੀ। ਉਸ ਨੇ ਕਿਹਾ ਕਿ ਉਸ ਦਾ ਪੁੱਤਰ, ਜੋ ਸੰਗੀਤ ਅਤੇ ਗਾਇਕੀ ਦਾ ਕੰਮ ਕਰਦਾ ਹੈ, ਗਾਉਣਾ ਬੰਦ ਕਰੇ ਨਹੀਂ ਤਾਂ ਅੰਜ਼ਾਮ ਬੁਰਾ ਹੋਵੇਗਾ। ਪੁਲਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਾਤੇ ਦੀ ਵਾਪਸੀ
ਨਵੀਂ ਦਿੱਲੀ : ਕੇਂਦਰੀ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਕੌਮੀ ਜਾਂਚ ਏਜੰਸੀ ਐੱਨ ਆਈ ਏ ਦੇ ਮੁਖੀ ਸਦਾਨੰਦ ਦਾਤੇ ਨੂੰ ਵਾਪਸ ਮਹਾਰਾਸ਼ਟਰ ਭੇਜ ਦਿੱਤਾ ਹੈ। ਉਨ੍ਹਾ ਨੂੰ ਮਹਾਰਾਸ਼ਟਰ ਦੀ ਡੀ ਜੀ ਪੀ ਬਣਾਏ ਜਾਣ ਦੀ ਸੰਭਾਵਨਾ ਹੈ, ਕਿਉਕਿ ਵਰਤਮਾਨ ਡੀ ਜੀ ਪੀ ਰਸ਼ਮੀ ਸ਼ੁਕਲਾ ਦੀ ਮਿਆਦ 31 ਦਸੰਬਰ ਨੂੰ ਪੁੱਗ ਰਹੀ ਹੈ।
ਸਾਬਕਾ ਕੌਂਸਲਰ ਨੂੰ ਗੋਲੀ ਮਾਰੀ
ਮੋਗਾ (ਇਕਬਾਲ ਸਿੰਘ ਖਹਿਰਾ)-ਇੱਥੇ ਦੋ ਅਣਪਛਾਤੇ ਵਿਅਕਤੀਆਂ ਨੇ ਸਾਬਕਾ ਕੌਂਸਲਰ ਨਰਿੰਦਰ ਪਾਲ ਸਿੰਘ ਸਿੱਧੂ ਦੇ ਘਰ ਵਿਚ ਦਾਖਲ ਹੋ ਕੇ ਉਨ੍ਹਾਂ ਉਪਰ ਗੋਲੀਆਂ ਚਲਾਈਆਂ। ਇੱਕ ਗੋਲੀ ਕੌਂਸਲਰ ਦੀ ਪੱਗ, ਇੱਕ ਪੱਟ ਅਤੇ ਇੱਕ ਮੋਢੇ ’ਚ ਵੱਜੀ। ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਪੁਲਸ ਤੇ ਫੋਰੈਂਸਿਕ ਟੀਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਾਇਲਟ ਦੀ ਕੁੱਟਮਾਰ ਕਾਰਨ ਯਾਤਰੀ ਦੀ ਨੱਕ ਦੀ ਹੱਡੀ ਟੁੱਟੀ
ਨਵੀਂ ਦਿੱਲੀ : ਦਿੱਲੀ ਹਵਾਈ ਅੱਡੇ ’ਤੇ ਏਅਰ ਇੰਡੀਆ ਐੱਕਸਪ੍ਰੈੱਸ ਦੇ ਇੱਕ ‘ਆਫ-ਡਿਊਟੀ’ ਪਾਇਲਟ ਵੱਲੋਂ 19 ਦਸੰਬਰ ਨੂੰ ਕਥਿਤ ਤੌਰ ’ਤੇ ਕੀਤੇ ਗਏ ਹਮਲੇ ਦੇ ਸ਼ਿਕਾਰ ਯਾਤਰੀ ਨੇ ਦੱਸਿਆ ਕਿ ਸੀ ਟੀ ਸਕੈਨ ਵਿੱਚ ਉਸ ਦੀ ਨੱਕ ਦੀ ਖੱਬੀ ਹੱਡੀ ਫਰੈਕਚਰ ਹੋਣ ਦੀ ਪੁਸ਼ਟੀ ਹੋਈ ਹੈ। ਦੀਵਾਨ ਨੇ ਦੋਸ਼ ਲਾਇਆ ਕਿ ਟਰਮੀਨਲ-1 ’ਤੇ ਸੁਰੱਖਿਆ ਖੇਤਰ ਦੇ ਕੋਲ ਏਅਰ ਇੰਡੀਆ ਐੱਕਸਪ੍ਰੈੱਸ ਦੇ ਕੈਪਟਨ ਵੀਰੇਂਦਰ ਸੇਜਵਾਲ ਨੇ ਉਨ੍ਹਾ ’ਤੇ ਸਰੀਰਕ ਹਮਲਾ ਕੀਤਾ। ਹਮਲੇ ਤੋਂ ਪਹਿਲਾਂ ਪਾਇਲਟ ਨੇ ਗਾਲ੍ਹਾਂ ਵੀ ਕੱਢੀਆਂ। ਏਅਰਲਾਈਨ ਨੇ ਅੰਦਰੂਨੀ ਜਾਂਚ ਪੂਰੀ ਹੋਣ ਤੱਕ ਪਾਇਲਟ ਨੂੰ ਤੁਰੰਤ ਪ੍ਰਭਾਵ ਨਾਲ ਡਿਊਟੀ ਤੋਂ ਹਟਾ ਦਿੱਤਾ ਹੈ। ਪੁਲਸ ਹੁਣ ਸੀ ਸੀ ਟੀ ਵੀ ਫੁਟੇਜ ਦੇਖ ਰਹੀ ਹੈ।