ਰਾਜ ਘਰਾਣੇ ਦੇ ਨਾਂਅ ’ਤੇ ਹਲਫ਼ ਲੈਣ ਦੀ ਰਵਾਇਤ ਖਤਮ ਕਰਵਾਈ

0
57

ਵੈਨਕੂਵਰ : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿਛੋਕੜ ਵਾਲੇ ਅੰਮਿ੍ਰਤਧਾਰੀ ਨੌਜਵਾਨ ਪ੍ਰਭਜੋਤ ਸਿੰਘ ਵੜਿੰਗ ਨੇ ਤਿੰਨ ਸਾਲਾਂ ਦੀ ਕਨੂੰਨੀ ਲੜਾਈ ਲੜ ਕੇ ਕੈਨੇਡਾ ’ਚ ਸਦੀਆਂ ਤੋਂ ਚਲੀ ਆ ਰਹੀ ਬਿ੍ਰਟਿਸ਼ ਰਾਜ ਘਰਾਣੇ ਦੇ ਨਾਂਅ ’ਤੇ ਸਹੁੰ ਚੁੱਕਣ ਦੀ ਪ੍ਰਥਾ ਨੂੰ ਅਲਬਰਟਾ ਵਿੱਚ ਬਦਲਾਅ ਲਿਆ ਹੈ। ਬੇਸ਼ੱਕ ਪੇਸ਼ੇਵਰ ਵਕਾਲਤ ਲਈ ਉਸ ਨੂੰ ਦੋ ਹਲਫ਼ ਹੋਰ ਲੈਣੇ ਪੈਣਗੇ, ਪਰ ਉੱਥੇ ਰਾਜ ਘਰਾਣੇ ਦੇ ਨਾਂਅ ਦੀ ਥਾਂ ਪੇਸ਼ੇ ਦੀ ਪਵਿੱਤਰਤਾ ਪ੍ਰਤੀ ਇੱਕ ਵਚਨਬੱਧਤਾ ਹੁੰਦੀ ਹੈ। ਅਦਾਲਤ ਨੇ ਕਿਹਾ ਕਿ ਰਾਜ ਘਰਾਣੇ ਪ੍ਰਤੀ ਵਫਾਦਾਰੀ ਦਾ ਹਲਫ਼ ਵਿਅਕਤੀਗਤ ਧਾਰਮਿਕ ਆਜ਼ਾਦੀ ਵਿੱਚ ਸਿੱਧਾ ਦਖਲ ਅਤੇ ਉਲੰਘਣਾ ਦੇ ਨਾਲ ਨਾਲ ਗੈਰ-ਸੰਵਿਧਾਨਕ ਵੀ ਹੈ। ਵੜਿੰਗ ਦੀ ਲੜਾਈ ਉਦੋਂ ਸ਼ੁਰੂ ਹੋਈ, ਜਦ 2022 ਵਿੱਚ ਉਸ ਨੇ ਵਕਾਲਤ ਪਾਸ ਕੀਤੀ ਅਤੇ ਲਾਇਸੰਸ ਲਈ ਉਸ ਨੂੰ ਕਿੰਗ ਚਾਰਲਸ ਦੇ ਨਾਂਅ ’ਤੇ ਸਹੁੰ ਚੁੱਕਣ ਲਈ ਕਿਹਾ ਗਿਆ। ਪ੍ਰਭਜੋਤ ਸਿੰਘ ਨੇ ਇਸ ’ਤੇ ਇਤਰਾਜ਼ ਕੀਤਾ ਕਿ ਧਾਰਮਿਕ ਤੌਰ ’ਤੇ ਉਹ ਆਪਣੇ ਗੁਰੂਆਂ ਪ੍ਰਤੀ ਆਸਥਾ ਰੱਖਦਾ ਹੋਣ ਕਰਕੇ ਹੋਰ ਕਿਸੇ ਦੇ ਨਾਂਅ ’ਤੇ ਸਹੁੰ ਨਹੀਂ ਚੁੱਕ ਸਕਦਾ।
ਉਸ ਨੇ ਮਾਮਲੇ ਨੂੰ ਸਥਾਨਕ ਅਦਾਲਤ ’ਚ ਚੁਣੌਤੀ ਦਿੱਤੀ, ਜਿਸ ਨੂੰ ਅਦਾਲਤ ਨੇ ਅਕਤੂਬਰ 2023 ’ਚ ਰੱਦ ਕਰ ਦਿੱਤਾ। ਉਸ ਨੇ ਫੈਸਲੇ ਵਿਰੁੱਧ ਸੂਬੇ ਦੀ ਸਰਬ ਉੱਚ ਅਦਾਲਤ ’ਚ ਅਪੀਲ ਕੀਤੀ ਅਤੇ ਲੰਘੇ ਹਫਤੇ ਬੈਂਚ ਨੇ ਇਸ ਸ਼ਰਤ ਨੂੰ ਗੈਰ-ਸੰਵਿਧਾਨਕ ਅਤੇ ਅਣਲੋੜੀਂਦਾ ਮੰਨਦੇ ਹੋਏ ਅਪੀਲ ਪ੍ਰਵਾਨ ਕਰ ਲਈ। ਸਮੁੱਚੇ ਕੈਨੇਡਾ ਵਿੱਚ ਬਿ੍ਰਟਿਸ਼ ਸ਼ਾਹੀ ਘਰਾਣੇ ਦੇ ਨਾਂਅ ਵਾਲੀ ਹਲਫ ਪ੍ਰਥਾ 1912 ਤੋਂ ਲਾਗੂ ਸੀ।