ਭਾਜਪਾ ਨੇ ਸਿੱਖ ਮਰਿਆਦਾਵਾਂ ਦਾ ਕੀਤਾ ਅਪਮਾਨ : ਧਾਲੀਵਾਲ, ਕੰਗ

0
47

ਚੰਡੀਗੜ੍ਹ (ਗੁਰਜੀਤ ਬਿੱਲਾ, �ਿਸ਼ਨ ਗਰਗ)
ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਅਤੇ ਸਾਂਸਦ ਮਲਵਿੰਦਰ ਸਿੰਘ ਕੰਗ ਨੇ ਭਾਜਪਾ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ, ਪੰਜਾਬੀ ਸੱਭਿਆਚਾਰ ਅਤੇ ਇੱਥੋਂ ਦੀ ਮਹਾਨ ਵਿਰਾਸਤ ਪ੍ਰਤੀ ਭਾਜਪਾ ਦੀ ਨਫ਼ਰਤ ਇੱਕ ਵਾਰ ਫਿਰ ਸਭ ਦੇ ਸਾਹਮਣੇ ਆ ਗਈ ਹੈ।
ਧਾਲੀਵਾਲ ਨੇ ਕਿਹਾ ਕਿ ਭਾਜਪਾ ਸਮੇਂ-ਸਮੇਂ ’ਤੇ ਆਪਣੀਆਂ ਹਰਕਤਾਂ ਨਾਲ ਇਹ ਸਾਬਤ ਕਰਦੀ ਰਹੀ ਹੈ ਕਿ ਉਸ ਦੇ ਮਨ ਵਿੱਚ ਪੰਜਾਬ ਦੀ ਹੋਂਦ ਪ੍ਰਤੀ ਰੱਤੀ ਭਰ ਵੀ ਸਤਿਕਾਰ ਨਹੀਂ। ਉਨ੍ਹਾ ਕਿਹਾ ਕਿ ਇਸ ਵਾਰ ਭਾਜਪਾ ਨੇ ਨੀਚਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਇੱਕ ਪਾਸੇ ਜਿੱਥੇ ਪੂਰਾ ਵਿਸ਼ਵ ‘ਸ਼ਹੀਦੀ ਸਪਤਾਹ’ ਦੇ ਅਧਿਆਤਮਿਕ ਮਾਹੌਲ ਵਿੱਚ ਲੀਨ ਹੈ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰ ਰਿਹਾ ਹੈ, ਦੂਜੇ ਪਾਸੇ ਭਾਜਪਾ ਨੇ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੇ ਕਾਰਟੂਨ ਬਣਾ ਕੇ ਇੱਕ ਸ਼ਰਮਨਾਕ ਪੋਸਟਰ ਜਾਰੀ ਕੀਤਾ ਹੈ। ਸਿੱਖ ਧਰਮ ਦੀ ਮਰਿਆਦਾ ਵਿੱਚ ਗੁਰੂਆਂ ਦਾ ਚਿਤਰਣ ਜਾਂ ਕਾਰਟੂਨ ਬਣਾਉਣਾ ਪੂਰੀ ਤਰ੍ਹਾਂ ਵਰਜਿਤ ਹੈ।
ਉਨ੍ਹਾ ਕਿਹਾ ਕਿ ਭਾਜਪਾ ਦੀ ਇਸ ਘਟੀਆ ਹਰਕਤ ਨੇ ਨਾ ਸਿਰਫ਼ ਸਿੱਖ ਸਿਧਾਂਤਾਂ ਦੀ ਉਲੰਘਣਾ ਕੀਤੀ ਹੈ, ਸਗੋਂ ਦੁਨੀਆ ਭਰ ਦੇ ਸਿੱਖਾਂ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ। ਇਸ ਪੋਸਟਰ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਪੰਜਾਬੀ ਦੇ ਮਨ ਵਿੱਚ ਭਾਰੀ ਰੋਸ ਅਤੇ ਗੁੱਸਾ ਹੈ। ਭਾਜਪਾ ਨੇ ਜਾਣਬੁੱਝ ਕੇ ਅਜਿਹੇ ਪਵਿੱਤਰ ਸਮੇਂ ’ਤੇ ਇਹ ਵਿਵਾਦ ਖੜ੍ਹਾ ਕੀਤਾ ਹੈ, ਤਾਂ ਜੋ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰੇ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ।
ਉਹਨਾ ਮੰਗ ਕੀਤੀ ਕਿ ਭਾਜਪਾ ਦੀ ਪੂਰੀ ਕੇਂਦਰੀ ਅਤੇ ਸੂਬਾਈ ਲੀਡਰਸ਼ਿਪ ਆਪਣੀ ਇਸ ਗਲਤੀ ਲਈ ਤੁਰੰਤ ਅਤੇ ਬਿਨਾਂ ਕਿਸੇ ਸ਼ਰਤ ਦੇ ਦੁਨੀਆ ਭਰ ਦੇ ਸਿੱਖਾਂ ਤੋਂ ਜਨਤਕ ਤੌਰ ’ਤੇ ਮੁਆਫੀ ਮੰਗੇ।ਉਹਨਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਐੱਸ ਜੀ ਪੀ ਸੀ ਨੂੰ ਵੀ ਅਪੀਲ ਕੀਤੀ ਕਿ ਉਹ ਭਾਜਪਾ ਦੀ ਇਸ ਮਰਿਆਦਾ ਵਿਰੋਧੀ ਹਰਕਤ ਦਾ ਸਖ਼ਤ ਨੋਟਿਸ ਲੈਣ। ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਭਾਜਪਾ ਨੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚਾਈ ਹੈ। ਉਹਨਾ ਇਸ ਨੂੰ ਸ਼ਰਮਨਾਕ, ਅਸੰਵੇਦਨਸ਼ੀਲ ਅਤੇ ਜਾਣਬੁੱਝ ਕੇ ਕੀਤਾ ਗਿਆ ਕੰਮ ਦੱਸਿਆ।
ਭਾਜਪਾ ਨੇ ਕਾਰਟੂਨਾਂ ਰਾਹੀਂ ਸਿੱਖ ਇਤਿਹਾਸ ਦੀਆਂ ਸਭ ਤੋਂ ਪਵਿੱਤਰ ਸ਼ਖਸੀਅਤਾਂ ਦਾ ਮਜ਼ਾਕ ਉਡਾ ਕੇ ਇੱਕ ਵਾਰ ਫਿਰ ਆਪਣੀ ਸਿੱਖ ਵਿਰੋਧੀ ਮਾਨਸਿਕਤਾ ਦਾ ਪਰਦਾ ਫਾਸ਼ ਕੀਤਾ ਹੈ। ਇਹ ਸਿਰਫ਼ ਅਸੰਵੇਦਨਸ਼ੀਲਤਾ ਨਹੀਂ, ਸਗੋਂ ਸਿੱਖ ਧਰਮ ਦਾ ਸਿੱਧਾ ਅਪਮਾਨ ਹੈ।ਕੰਗ ਨੇ ਕਿਹਾ ਕਿ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਹਿੰਮਤ, ਵਿਸ਼ਵਾਸ ਅਤੇ ਧਾਰਮਿਕਤਾ ਦਾ ਸਭ ਤੋਂ ਉੱਚਾ ਪ੍ਰਤੀਕ ਹੈ। ਇਸ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਸਿੱਖ ਧਰਮ ਦੀ ਆਤਮਾ ’ਤੇ ਸਿੱਧਾ ਹਮਲਾ ਹੈ।