ਲੰਡਨ-ਦੱਖਣੀ ਲੰਡਨ ਦੇ ਕਰਾਇਡਨ ਵਿੱਚ ਸਥਿਤ ਇੱਕ ਕਿਰਾਏ ਦੇ ਮਕਾਨ ਵਿੱਚ ਅੱਗ ਲੱਗਣ ਕਾਰਨ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ। ਕਮਰੇ ਵਿੱਚ ਤਿੰਨ ਭਾਰਤੀ ਵਿਦਿਆਰਥੀ ਇਕੱਠੇ ਰਹਿ ਰਹੇ ਸਨ। ਇਸ ਹਾਦਸੇ ਵਿੱਚ ਤੀਜਾ ਵਿਦਿਆਰਥੀ ਵੀ ਗੰਭੀਰ ਜ਼ਖ਼ਮੀ ਹੋਇਆ ਹੈ, ਜਿਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮਿ੍ਰਤਕ ਵਿਦਿਆਰਥੀਆਂ ਵਿੱਚੋਂ ਇੱਕ ਦੀ ਪਛਾਣ 28 ਸਾਲਾ ਗਾਂਤੀ ਅਭਿਸ਼ੇਕ ਵਜੋਂ ਹੋਈ ਹੈ, ਜੋ ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਦਾ ਰਹਿਣ ਵਾਲਾ ਸੀ। ਅਭਿਸ਼ੇਕ ਦੀ ਮੌਤ ਦਮ ਘੁੱਟਣ ਨਾਲ ਹੋਈ। ਦੂਜਾ ਵਿਦਿਆਰਥੀ ਤੇਲੰਗਾਨਾ ਦੇ ਨਿਜ਼ਾਮਾਬਾਦ ਦਾ ਰਹਿਣ ਵਾਲਾ 26 ਸਾਲਾ ਕਾਮੀਨੇਨੀ ਸਾਈ ਸ਼੍ਰੀਕਰ ਹੈ। ਪੀੜਤ ਪਰਵਾਰਾਂ ਨੇ ਭਾਰਤ ਸਰਕਾਰ ਤੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਦੀਆਂ ਮਿ੍ਰਤਕ ਦੇਹਾਂ ਜਲਦੀ ਤੋਂ ਜਲਦੀ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ।




