ਲੁਧਿਆਣਾ (ਐਮ ਐਸ ਭਾਟੀਆ)-ਨਵੀਂ ਦਿੱਲੀ ਤੋਂ ਭਾਰਤੀ ਕਮਿਊਨਿਸਟ ਪਾਰਟੀ ਦੇ ਰਾਸ਼ਟਰੀ ਸਕੱਤਰੇਤ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਪਾਰਟੀ ਅਮਰੀਕਾ ਤੇ ਇਜ਼ਰਾਈਲ ਵੱਲੋਂ ਈਰਾਨ ਖ਼ਿਲਾਫ਼ ਕੀਤੇ ਗਏ ਇਕਤਰਫ਼ਾ ਫੌਜੀ ਹਮਲਿਆਂ ਦੀ ਸਖ਼ਤ ਨਿੰਦਾ ਕਰਦੀ ਹੈ। ਇਹ ਕਾਰਵਾਈਆਂ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਮੂਲ ਸਿਧਾਂਤਾਂ ਦੀ ਗੰਭੀਰ ਉਲੰਘਣਾ ਹਨ।ਇਹ ਬੇਲਗਾਮ ਫੌਜੀ ਮੁਹਿੰਮਬਾਜ਼ੀ ਪੂਰੇ ਪੱਛਮੀ ਏਸ਼ੀਆ ਖੇਤਰ ਨੂੰ ਹੋਰ ਅਸਥਿਰ ਕਰਨ ਦਾ ਖ਼ਤਰਾ ਪੈਦਾ ਕਰਦੀ ਹੈ ਅਤੇ ਇਸ ਨੂੰ ਇਕ ਵੱਡੇ ਅਤੇ ਹੋਰ ਵਿਨਾਸ਼ਕਾਰੀ ਟਕਰਾਅ ਵੱਲ ਧੱਕ ਸਕਦੀ ਹੈ।ਸੀ ਪੀ ਆਈ ਦਾ ਪੱਕਾ ਮੰਨਣਾ ਹੈ ਕਿ ਇਹ ਹਮਲੇ ਈਰਾਨ ਵਿੱਚ ਫੌਜੀ ਜ਼ੋਰ ਰਾਹੀਂ ਰਾਜ-ਪਲਟ ਲਿਆਉਣ ਦੀ ਖ਼ਤਰਨਾਕ ਰਣਨੀਤੀ ਦਾ ਹਿੱਸਾ ਹਨ, ਜੋ ਕਿ ਦੇਸ਼ਾਂ ਦੀ ਸੰਪ੍ਰਭੁਤਾ ਤੇ ਲੋਕਾਂ ਦੇ ਆਪਣੇ ਰਾਜਨੀਤਿਕ ਭਵਿੱਖ ਦਾ ਫੈਸਲਾ ਕਰਨ ਦੇ ਅਟੱਲ ਅਧਿਕਾਰ ਦੀ ਪੂਰੀ ਅਣਦੇਖੀ ਹੈ।




