ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਦੇ ਰੌਸ਼ਨ ਭਵਿੱਖ ਲਈ ਵਧੇਰੇ ਉਸਾਰੂ ਸੋਚ ਲੈ ਕੇ ਚਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ‘ਖੇਡ ਪਿਟਾਰਾ’, ਇੱਕ ਵਿਆਪਕ ਖੇਡ-ਅਧਾਰਤ ਸਿਖਲਾਈ ਕਿੱਟ ਪ੍ਰਦਾਨ ਕਰੇਗੀ, ਜਿਸ ਦਾ ਉਦੇਸ਼ ਛੋਟੇ ਬੱਚਿਆਂ ਲਈ ਮਨੋਰੰਜਕ ਢੰਗ ਨਾਲ ਅਰਥਪੂਰਨ ਸਿੱਖਿਆ ਨੂੰ ਯਕੀਨੀ ਬਣਾਉਣਾ ਹੈ।ਇਹ ਪਹਿਲਕਦਮੀ ਪੰਜਾਬ ਦੇ ਭਵਿੱਖ ਵਿੱਚ ਇੱਕ ਲੰਮੇ ਸਮੇਂ ਦੇ ਨਿਵੇਸ਼ ਨੂੰ ਦਰਸਾਉਦੀ ਹੈ। ਸਰਕਾਰ 3 ਤੋਂ 8 ਸਾਲ ਤੱਕ ਦੀ ਉਮਰ ਦੇ ਬੱਚਿਆਂ ’ਤੇ ਧਿਆਨ ਕੇਂਦਰਤ ਕਰਕੇ ਸਿੱਖਣ ਦੀ ਨੀਂਹ ਨੂੰ ਮੁੱਢਲੇ ਪੜਾਅ ’ਤੇ ਵਧੇਰੇ ਮਜ਼ਬੂਤੀ ਦੇ ਰਹੀ ਹੈ, ਜੋ ਭਵਿੱਖ ਦੀ ਅਕਾਦਮਿਕ ਸਫ਼ਲਤਾ, ਵਿਸ਼ਵਾਸ ਅਤੇ ਬੌਧਿਕ ਵਿਕਾਸ ਨੂੰ ਨਿਰਧਾਰਤ ਕਰਦਾ ਹੈ।ਇਹ ਪਹਿਲਕਦਮੀ ਸਰਕਾਰ ਦੀ ਨਰਸਰੀ ਤੋਂ ਦੂਜੀ ਕਲਾਸ ਤੱਕ ਦੇ ਮੁੱਢਲੇ ਪੜਾਅ ਵਿੱਚ ਕਲਾਸਰੂਮਾਂ ਨੂੰ ਦਿਲਚਸਪ, ਬਾਲ-ਕੇਂਦਰਤ, ਖੇਡ-ਅਧਾਰਤ ਸਿੱਖਣ ਦੇ ਮਾਹੌਲ ਵਿੱਚ ਬਦਲਣ ਦੀ ਵਚਨਬੱਧਤਾ ਨੂੰ ਦਰਸਾਉਦੀ ਹੈ, ਜੋ ਮਨੋਰੰਜਕ ਗਤੀਵਿਧੀਆਂ ਰਾਹੀਂ ਸਿੱਖਣ ਦੀ ਆਦਤ ਨੂੰ ਉਤਸ਼ਾਹਤ ਕਰਦੇ ਹਨ।ਇਸ ਪਹਿਲਕਦਮੀ ਨਾਲ ਸੂਬੇ ਭਰ ਵਿੱਚ ਮੁੱਢਲੀ ਸਟੇਜ ਵਿੱਚ ਪੜ੍ਹ ਰਹੇ ਲਗਭਗ 7.5 ਲੱਖ ਬੱਚਿਆਂ ਨੂੰ ਲਾਭ ਮਿਲੇਗਾ।
ਖੇਡ ਪਿਟਾਰਾ ਕਿੱਟਾਂ ਪੰਜਾਬ ਭਰ ਵਿੱਚ ਲਗਭਗ 12,856 ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਵੰਡੀਆਂ ਜਾਣਗੀਆਂ, ਜਿਸ ਨਾਲ ਮੁਢਲੀਆਂ ਜਮਾਤ ਨੂੰ ਵਿਆਪਕ ਪੱਧਰ ’ਤੇ ਕਵਰ ਕੀਤਾ ਜਾਵੇਗਾ।ਸਰਕਾਰ ਇਸ ਪਹਿਲਕਦਮੀ ਵਿੱਚ ਲਗਭਗ 9.3 ਕਰੋੜ ਦਾ ਨਿਵੇਸ਼ ਕਰ ਰਹੀ ਹੈ।




