ਬਰਨਾਲਾ (ਰਜਿੰਦਰ ਬਰਾੜ)
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸਨਿੱਚਰਵਾਰ ਬਰਨਾਲਾ ਵਿੱਚ ਭਾਰਤ-ਅਮਰੀਕਾ ਅੰਤਰਮ ਵਪਾਰ ਸਮਝੌਤੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਦੇ ਹੋਏ ਦਾਅਵਾ ਕੀਤਾ ਕਿ ਇਹ ਭਾਰਤੀ ਕਿਸਾਨਾਂ ਨੂੰ ਤਬਾਹ ਕਰ ਦੇਵੇਗਾ। ਇੱਥੇ ਕਿਸਾਨ ਮਹਾਂ-ਚੌਪਾਲ ਰੈਲੀ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਦੋਸ਼ ਲਾਇਆ ਕਿ ਖੇਤੀਬਾੜੀ ਸੈਕਟਰ ਨੂੰ ਖੋਲ੍ਹਣ ਦੇ ਮਤਭੇਦਾਂ ਕਾਰਨ ਇਹ ਸੌਦਾ ਚਾਰ ਮਹੀਨਿਆਂ ਤੋਂ ਰੁਕਿਆ ਹੋਇਆ ਸੀ। ਉਨ੍ਹਾ ਕਿਹਾ ਕਿ ਸਵਾਲ ਪੈਦਾ ਹੁੰਦਾ ਹੈ, ਜੋ ਕੰਮ ਪ੍ਰਧਾਨ ਮੰਤਰੀ ਨੇ ਚਾਰ ਮਹੀਨਿਆਂ ਤੱਕ ਨਹੀਂ ਕੀਤਾ, ਉਹ ਉਨ੍ਹਾ ਨੇ 15 ਮਿੰਟਾਂ ਵਿੱਚ ਕਿਉਂ ਕਰ ਦਿੱਤਾ? ਅਤੇ ਪੁੱਛਿਆ ਕਿ ਵਪਾਰਕ ਸਮਝੌਤਾ ਅਚਾਨਕ ਕਿਉਂ ਕੀਤਾ ਗਿਆ। ਗਾਂਧੀ ਨੇ ਕਿਹਾ ਕਿ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਗਾਰੰਟੀ ਦਿੱਤੀ ਹੈ ਕਿ ਭਾਰਤ ਹਰ ਸਾਲ 9 ਲੱਖ ਕਰੋੜ ਰੁਪਏ ਦੇ ਅਮਰੀਕੀ ਉਤਪਾਦ ਖਰੀਦੇਗਾ। ਇਹ ਸੌਦਾ ਭਾਰਤੀ ਕਿਸਾਨਾਂ ਨੂੰ ਤਬਾਹ ਕਰ ਦੇਵੇਗਾ। ਗਾਂਧੀ ਨੇ ਦਾਅਵਾ ਕੀਤਾ ਕਿ ਉਨ੍ਹਾ ਨੂੰ ਹਾਲ ਹੀ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਲੋਕ ਸਭਾ ਵਿੱਚ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਕਿਉਂਕਿ ਉਹ ਸਾਬਕਾ ਫੌਜ ਮੁਖੀ ਮਨੋਜ ਨਰਵਾਣੇ ਦੀਆਂ ਯਾਦਾਂ ’ਤੇ ਟਿੱਪਣੀ ਕਰਨਾ ਚਾਹੁੰਦੇ ਸਨ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਉਹ ਜਨਰਲ ਨਰਵਾਣੇ (ਸੇਵਾ-ਮੁਕਤ) ਦੀ ਇੱਕ ਅਣਪ੍ਰਕਾਸ਼ਤ ਕਿਤਾਬ ਦਾ ਹਵਾਲਾ ਦੇਣਾ ਚਾਹੁੰਦੇ ਸਨ, ਜਿਸ ਵਿੱਚ ਸਰਹੱਦ ਨੇੜੇ ਚੀਨੀ ਫੌਜਾਂ ਦੀ ਹਰਕਤ ਦੌਰਾਨ ਸਿਆਸੀ ਲੀਡਰਸ਼ਿਪ ਵੱਲੋਂ ਹੁੰਗਾਰੇ ਦੀ ਕਮੀ ਦਾ ਵਰਣਨ ਹੈ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਨੇ ਕੈਬਨਿਟ, ਖੇਤੀਬਾੜੀ ਮੰਤਰੀ, ਰੱਖਿਆ ਮੰਤਰੀ ਅਤੇ ਵਿਦੇਸ਼ ਮੰਤਰੀ ਨਾਲ ਸਲਾਹ ਕੀਤੇ ਬਿਨਾਂ ਅਮਰੀਕੀ ਰਾਸ਼ਟਰਪਤੀ ਨੂੰ ਫੋਨ ਕਰ ਦਿੱਤਾ। ਗਾਂਧੀ ਨੇ ਕਿਹਾ ਕਿ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਨੂੰ ਦੱਸਿਆ ਕਿ ਉਹ ਸੌਦੇ ਲਈ ਤਿਆਰ ਹਨ। ਉਨ੍ਹਾ ਕਿਹਾ ਕਿ ਇਸ ਸੌਦੇ ਤਹਿਤ ਭਾਰਤ ਨੇ ਅਮਰੀਕਾ ਨੂੰ ਸੋਇਆਬੀਨ, ਮੱਕੀ, ਕਪਾਹ, ਫਲ ਅਤੇ ਬਦਾਮ ਵੇਚਣ ਦੀ ਇਜਾਜ਼ਤ ਦੇ ਦਿੱਤੀ ਹੈ। ਉਨ੍ਹਾ ਦੋਸ਼ ਲਾਇਆ ਕਿ ਨਰਿੰਦਰ ਮੋਦੀ ਨੇ ਖੇਤੀਬਾੜੀ ਸੈਕਟਰ ਦਾ ਦਰਵਾਜ਼ਾ ਅਮਰੀਕਾ ਲਈ ਖੋਲ੍ਹ ਦਿੱਤਾ ਹੈ। ਉਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਛੱਤੀਸਗੜ੍ਹ ਤੇ ਓਡੀਸ਼ਾ ਰਾਜਾਂ ਦੇ ਕਿਸਾਨ ਬਰਬਾਦ ਹੋ ਜਾਣਗੇ। ਜੇਕਰ ਭਾਰਤ ਹਰ ਸਾਲ 9 ਲੱਖ ਕਰੋੜ ਰੁਪਏ ਦਾ ਸਾਮਾਨ ਖਰੀਦਦਾ ਹੈ, ਤਾਂ ਸਾਡੇ ਲਘੂ ਅਤੇ ਦਰਮਿਆਨੇ ਖੇਤਰ ਦਾ ਕੀ ਹੋਵੇਗਾ? ਉਨ੍ਹਾ ਦਾਅਵਾ ਕੀਤਾ ਕਿ ਇਹ ਖਤਮ ਹੋ ਜਾਵੇਗਾ। ਉਨ੍ਹਾ ਦਾਅਵਾ ਕੀਤਾ ਕਿ ਮੋਦੀ ਨੇ ਅਮਰੀਕਾ ਨੂੰ ਦੱਸਿਆ ਕਿ ਭਾਰਤ ਉਸ ਦੇਸ਼ ਤੋਂ ਤੇਲ ਖਰੀਦੇਗਾ, ਜਿਸ ਤੋਂ ਉਹ (ਅਮਰੀਕਾ) ਚਾਹੁੰਦਾ ਹੈ। ਨਾ ਅਸੀਂ ਰੂਸ ਤੋਂ ਤੇਲ ਖਰੀਦਾਂਗੇ, ਨਾ ਹੀ ਈਰਾਨ ਤੋਂ। ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੀ ਐੱਮ ਮੋਦੀ ਹੁਣ ਅਮਰੀਕੀ ਰਾਸ਼ਟਰਪਤੀ ਟਰੰਪ ਅੱਗੇ ‘ਸਰੰਡਰ ਮੋਦੀ’ ਬਣ ਚੁੱਕੇ ਹਨ। ਉਨ੍ਹਾ ਦੋਸ਼ ਲਾਇਆ ਕਿ ਮੋਦੀ ਦੇਸ਼ ਨੂੰ ਮੁੜ ਗੁਲਾਮਦਾਰੀ ਦੇ ਯੁੱਗ ਵੱਲ ਧੱਕ ਰਹੇ ਹਨ। ਖੜਗੇ ਮੁਤਾਬਕ ਇਨ੍ਹਾਂ ਹਾਲਤਾਂ ਖ਼ਿਲਾਫ਼ ਸਿਰਫ਼ ਰਾਹੁਲ ਗਾਂਧੀ ਹੀ ਮਜ਼ਬੂਤੀ ਨਾਲ ਲੜ ਸਕਦੇ ਹਨ। ਉਨ੍ਹਾ ਰਾਹੁਲ ਨੂੰ ਮੌਜੂਦਾ ਚੁਣੌਤੀਆਂ ਦਾ ਸਾਹਮਣਾ ਕਰਨ ਵਾਲਾ ਇੱਕੋ-ਇੱਕ ਮਜ਼ਬੂਤ ਆਗੂ ਦੱਸਿਆ। ਸਾਬਕਾ ਮੰਤਰੀ ਅਰੁਣਾ ਚੌਧਰੀ ਤੇ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਮਨਰੇਗਾ ਕਾਨੂੰਨ ਦਾ ਖਾਤਮਾ ਕਰਕੇ ਵੀ ਬੀ ਜੀ ਰਾਮ ਜੀ ਨੂੰ ਮਜ਼ਦੂਰ ਵਿਰੋਧੀ ਗਰਦਾਨਿਆ ਤੇ ਇਸ ਦੇ ਖ਼ਿਲਾਫ਼ ਸਮੁੱਚੀ ਕਿਰਤ ਸ਼ਕਤੀ ਨੂੰ ਸੜਕਾਂ ’ਤੇ ਆਉਣ ਦਾ ਸੱਦਾ ਦਿੱਤਾ।




