ਜਲੰਧਰ : ਅੱਜ ਜਦੋਂ ਸੰਸਦ ਤੇ ਅਸੈਂਬਲੀਆਂ ਵਿੱਚ ਮਹਿਲਾਵਾਂ ਲਈ 33 ਫੀਸਦੀ ਸੀਟਾਂ ਰਿਜ਼ਰਵ ਕਰਨ ਦਾ ਸੁਫਨਾ ਸਾਕਾਰ ਹੋਣ ਵਾਲਾ ਹੈ, ਤਾਂ ਸੀ ਪੀ ਆਈ ਦੀ ਲੰਮਾ ਸਮਾਂ ਸਾਂਸਦ ਰਹੀ ਗੀਤਾ ਮੁਖਰਜੀ ਨੂੰ ਯਾਦ ਕਰਨ ਦਾ ਵੇਲਾ ਹੈ, ਜਿਨ੍ਹਾ ਨੂੰ 1996 ਵਿੱਚ ਇਸ ਸੰਬੰਧੀ ਬਿੱਲ ਤਿਆਰ ਕਰਨ ਵਾਲੀ ਸੰਸਦੀ ਕਮੇਟੀ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ। ਚਾਰ ਵਾਰ ਵਿਧਾਇਕ ਤੇ ਸੱਤ ਵਾਰੀ ਸਾਂਸਦ ਰਹੇ ਗੀਤਾ ਮੁਖਰਜੀ ਸੀ ਪੀ ਆਈ ਦੇ ਮਹਿਲਾ ਵਿੰਗ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੂਮੈਨਜ਼ ਦੇ ਪ੍ਰਧਾਨ ਵੀ ਰਹੇ। ਸੰਸਦ ਤੇ ਅਸੈਂਬਲੀਆਂ ਵਿੱਚ ਮਹਿਲਾਵਾਂ ਲਈ ਇੱਕ-ਤਿਹਾਈ ਰਿਜ਼ਰਵੇਸ਼ਨ ਦੇ ਅੰਦੋਲਨ ਦੀ ਉਨ੍ਹਾ ਅਗਵਾਈ ਕੀਤੀ।
ਪੰਜ ਦਹਾਕਿਆਂ ਦੇ ਆਪਣੇ ਕੈਰੀਅਰ ਦੌਰਾਨ ਗੀਤਾ ਮੁਖਰਜੀ ਪੇਂਡੂ ਮਜ਼ਦੂਰਾਂ ਦੇ ਕੌਮੀ ਕਮਿਸ਼ਨ, ਕੌਮੀ ਮਹਿਲਾ ਕਮਿਸ਼ਨ, ਨੈਸ਼ਨਲ ਚਿਲਡਰਨਜ਼ ਬੋਰਡ, ਪ੍ਰੈੱਸ ਕੌਂਸਲ ਦੇ ਮੈਂਬਰ ਅਤੇ ਅਤੇ ਨੈਸ਼ਨਲ ਫੈਡਰੇਸ਼ਨ ਆਫ ਵੂਮੈਨ ਦੇ ਵਾਈਸ ਚੇਅਰਪਰਸਨ ਤੋਂ ਇਲਾਵਾ ਵੁਮੈਨਜ਼ ਇੰਟਰਨੈਸ਼ਨਲ ਡੈਮੋਕਰੇਟਿਕ ਫੈਡਰੇਸ਼ਨ ਬਰਲਿਨ ਦੇ ਸਕੱਤਰੇਤ ਮੈਂਬਰ ਵੀ ਰਹੇ। ਗੀਤਾ ਮੁਖਰਜੀ ਦੀ ਅਗਵਾਈ ਵਾਲੇ ਸੰਸਦੀ ਪੈਨਲ ਨੇ 1996 ਦੇ ਬਿੱਲ ਦੀ ਘੋਖ ਕੀਤੀ ਅਤੇ ਸੱਤ ਸਿਫਾਰਸ਼ਾਂ ਦਿੱਤੀਆਂ। ਇਨ੍ਹਾਂ ਵਿੱਚੋਂ ਪੰਜ ਸਿਫਾਰਸ਼ਾਂ 2008 ਦੇ ਬਿੱਲ ਵਿੱਚ ਸ਼ਾਮਲ ਕੀਤੀਆਂ ਗਈਆਂ, ਜੋ ਯੂ ਪੀ ਏ ਸਰਕਾਰ ਨੇ ਪੇਸ਼ ਕੀਤਾ। ਇਨ੍ਹਾਂ ਸਿਫਾਰਸ਼ਾਂ ਵਿੱਚ ਸ਼ਾਮਲ ਸੀ ਕਿ ਰਿਜ਼ਰਵੇਸ਼ਨ 15 ਸਾਲਾਂ ਲਈ ਰੱਖੀ ਜਾਵੇ, ਐਂਗਲੋ ਇੰਡੀਅਨਜ਼ ਲਈ ਸਬ-ਰਿਜ਼ਰਵੇਸ਼ਨ ਹੋਵੇ; ਜੇ ਰਾਜ ਵਿੱਚ ਲੋਕ ਸਭਾ ਲਈ ਤਿੰਨ ਤੋਂ ਘੱਟ ਸੀਟਾਂ ਹਨ ਤਾਂ ਵੀ ਰਿਜ਼ਰਵੇਸ਼ਨ ਦਿੱਤੀ ਜਾਵੇ; ਦਿੱਲੀ ਵਿਧਾਨ ਸਭਾ ਲਈ ਰਿਜ਼ਰਵੇਸ਼ਨ ਹੋਵੇ ਅਤੇ ਘੱਟੋ-ਘੱਟ ਇੱਕ-ਤਿਹਾਈ ਨੂੰ ਜਿਵੇਂ ਹੋ ਸਕੇ, ਇੱਕ-ਤਿਹਾਈ ਵਿੱਚ ਬਦਲਿਆ ਜਾਵੇ। ਪੈਨਲ ਦੀਆਂ ਦੋ ਸਿਫਾਰਸ਼ਾਂ 2008 ਦੇ ਬਿੱਲ ਵਿੱਚ ਸ਼ਾਮਲ ਨਹੀਂ ਕੀਤੀਆਂ ਗਈਆਂ। ਪਹਿਲੀ ਸੀ ਰਾਜ ਸਭਾ ਅਤੇ ਵਿਧਾਨ ਪ੍ਰੀਸ਼ਦਾਂ ਵਿੱਚ ਸੀਟਾਂ ਦੀ ਰਿਜ਼ਰਵੇਸ਼ਨ, ਅਤੇ ਦੂਜੀ ਸੀ ਸੰਵਿਧਾਨ ਵੱਲੋਂ ਓ ਬੀ ਸੀ ਨੂੰ ਰਿਜ਼ਰਵੇਸ਼ਨ ਦੇਣ ਤੋਂ ਬਾਅਦ ਓ ਬੀ ਸੀ ਮਹਿਲਾਵਾਂ ਲਈ ਸਬ-ਰਿਜ਼ਰਵੇਸ਼ਨ।
ਨਿਮਰ ਸੁਭਾਅ ਦੇ ਗੀਤਾ ਮੁਖਰਜੀ ਆਪਣੇ ਵਿਚਾਰਾਂ ਵਿੱਚ ਫੌਲਾਦੀ ਅਤੇ ਭਾਰਤ ਦੀਆਂ ਮਹਿਲਾਵਾਂ ਤੇ ਮਜ਼ਦੂਰਾਂ ਦੇ ਹੱਕ ਲਈ ਲੜਨ ਵਾਲੀ ਸ਼ਖਸੀਅਤ ਸਨ। ਪੰਸਕੁਰਾ (ਪੱਛਮੀ ਬੰਗਾਲ) ਤੋਂ ਸਾਂਸਦ ਰਹੇ ਗੀਤਾ ਮੁਖਰਜੀ ਜੀਵਨ ਦੇ ਆਖਰੀ ਦਿਨ ਤੱਕ ਸਰਗਰਮ ਰਹੇ। ਹਾਲਾਂਕਿ ਉਹ ਕਮਿਊਨਿਸਟ ਸਨ, ਪਰ ਸਾਰੀਆਂ ਪਾਰਟੀਆਂ ਵੱਲੋਂ ਉਨ੍ਹਾ ਦਾ ਸਤਿਕਾਰ ਕੀਤਾ ਜਾਂਦਾ ਸੀ।
ਮਹਿਲਾ ਰਿਜ਼ਰਵੇਸ਼ਨ ਬਿੱਲ ਪਹਿਲੀ ਵਾਰੀ 4 ਸਤੰਬਰ, 1996 ਨੂੰ ਦੇਵਗੌੜਾ ਦੀ ਅਗਵਾਈ ਵਾਲੀ ਯੂਨਾਈਟਡ ਫਰੰਟ ਸਰਕਾਰ ਵੱਲੋਂ ਪੇਸ਼ ਕੀਤਾ ਗਿਆ। ਇਹ 81ਵਾਂ ਸੰਵਿਧਾਨਕ ਸੋਧ ਬਿੱਲ ਸੀ। ਫਿਰ ਇਸ ਨੂੰ ਗੀਤਾ ਮੁਖਰਜੀ ਦੀ ਅਗਵਾਈ ਵਾਲੀ 31 ਮੈਂਬਰਾਂ ਦੀ ਸਾਂਝੀ ਸੰਸਦੀ ਕਮੇਟੀ ਵੱਲ ਭੇਜਿਆ ਗਿਆ। ਕਮੇਟੀ ਨੂੰ ਵੱਖ-ਵੱਖ ਸੰਗਠਨਾਂ ਅਤੇ ਮਹਿਲਾਵਾਂ ਦੇ ਸਮੂਹਾਂ ਵੱਲੋਂ 102 ਮੈਮੋਰੰਡਮ ਮਿਲੇ। ਇਸ ਨੇ ਕਈ ਪ੍ਰਸਿੱਧ ਸਮਾਜਕ ਕਾਰਕੁਨਾਂ ਅਤੇ ਮਹਿਲਾ ਸੰਗਠਨਾਂ ਦੇ ਪ੍ਰਤੀਨਿਧਾਂ ਦੀ ਸੁਣਵਾਈ ਕੀਤੀ ਅਤੇ ਰਿਕਾਰਡ ਤਿੰਨ ਮਹੀਨਿਆਂ ਵਿੱਚ 11ਵੀਂ ਲੋਕ ਸਭਾ ਨੂੰ ਆਪਣੀ ਰਿਪੋਰਟ ਪੇਸ਼ ਕੀਤੀ। ਕਈ ਮਹਿਲਾਵਾਂ ਨੇ ਖੂਨ ਨਾਲ ਦਸਤਖਤ ਕੀਤੇ ਮੈਮੋਰੰਡਮ ਭੇਜੇ, ਜਿਸ ਨੇ ਗੀਤਾ ਮੁਖਰਜੀ ਨੂੰ ਬਹੁਤ ਪ੍ਰਭਾਵਤ ਕੀਤਾ।
ਮੁਖਰਜੀ ਨੇ ਖੱਬੀਆਂ ਪਾਰਟੀਆਂ, ਕਾਂਗਰਸ ਤੇ ਭਾਜਪਾ ਨੂੰ ਮਨਾ ਕੇ ਸਹਿਮਤੀ ਬਣਾਉਣ ਦੀਆਂ ਭਰਪੂਰ ਕੋਸ਼ਿਸ਼ਾਂ ਕੀਤੀਆਂ, ਪਰ ਇਹ ਵੇਖ ਕੇ ਬਹੁਤ ਨਿਰਾਸ਼ ਹੋਏ ਕਿ ਇਹ ਪਾਰਟੀਆਂ ਪਿੱਛੇ ਹਟ ਰਹੀਆਂ ਸਨ, ਸਹਿਮਤੀ ਦੀ ਘਾਟ ਨੂੰ ਬਹਾਨਾ ਬਣਾ ਕੇ। ਉਨ੍ਹਾ ਗੁਜਰਾਲ ਸਰਕਾਰ ਵਿੱਚ ਮੰਤਰੀ ਦੇ ਅਹੁਦੇ ਦੀ ਤਜਵੀਜ਼ ਨੂੰ ਵੀ ਠੁਕਰਾਇਆ, ਤਾਂ ਜੋ ਉਹ ਪੂਰੀ ਤਰ੍ਹਾਂ ਬਿੱਲ ‘ਤੇ ਧਿਆਨ ਕੇਂਦਰਤ ਕਰ ਸਕਣ।
ਮੁਖਰਜੀ ਨੇ ਦੇਸ਼ ਦੇ ਸਾਰੇ ਰਾਜਾਂ ਵਿੱਚ ਮਹਿਲਾ ਰਿਜ਼ਰਵੇਸ਼ਨ ਬਿੱਲ ਲਈ ਮੁਹਿੰਮ ਚਲਾਈ। ਨਾਕਾਮ ਰਹਿਣ ‘ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾ ਕਿਹਾ ਸੀ, ‘ਜਦ ਮੇਰੇ ਪਤੀ ਗੁਜ਼ਰੇ, ਮੈਂ ਹੌਸਲਾ ਨਹੀਂ ਢਾਹਿਆ, ਪਰ ਅੱਜ ਮੈਂ ਹੰਝੂ ਵਹਾ ਰਹੀ ਹਾਂ।’





