1936 ਵਿੱਚ ਲਖਨਊ ਦੇ ਮਸ਼ਹੂਰ ‘ਰਿਫ਼ਾਅ-ਏ-ਆਮ’ ਕਲੱਬ ਵਿੱਚ 9 ਤੇ 10 ਅਪ੍ਰੈਲ ਨੂੰ ਪ੍ਰਗਤੀਸ਼ੀਲ ਲੇਖਕ ਸੰਘ ਦਾ ਪਹਿਲਾ ਕੌਮੀ ਅਜਲਾਸ ਹੋਇਆ ਸੀ, ਜਿਸ ਵਿੱਚ ਬਾਕਾਇਦਾ ਜਥੇਬੰਦੀ ਦੀ ਸਥਾਪਨਾ ਕੀਤੀ ਗਈ। ਇਸ ਤਰ੍ਹਾਂ ਇਸ ਨੇ 2026 ਵਿੱਚ ਆਪਣੀ ਸਥਾਪਨਾ ਦੇ 90 ਸਾਲ ਪੂਰੇ ਕਰ ਲਏ ਹਨ, ਜੋ ਕਿ ਇੱਕ ਗੌਰਵਸ਼ਾਲੀ ਯਾਤਰਾ ਹੈ। ਪਹਿਲੇ ਅਜਲਾਸ ਦੀ ਪ੍ਰਧਾਨਗੀ ਕਰਦਿਆਂ ਮਹਾਨ ਕਥਾਕਾਰ ਮੁਣਸ਼ੀ ਪ੍ਰੇਮ ਚੰਦ ਨੇ ਕਿਹਾ ਸੀ, ”ਸਾਡੀ ਕਸੌਟੀ ‘ਤੇ ਉਹ ਸਾਹਿਤ ਖਰਾ ਉਤਰੇਗਾ, ਜਿਸ ਵਿੱਚ ਉੱਚ ਚਿੰਤਨ ਹੋਵੇ, ਸਵਾਧੀਨਤਾ ਦਾ ਭਾਵ ਹੋਵੇ, ਖੂਬਸੂਰਤੀ ਦਾ ਸਾਰ ਹੋਵੇ, ਸਿਰਜਣ ਦੀ ਆਤਮਾ ਹੋਵੇ, ਜੀਵਨ ਦੀਆਂ ਸਚਾਈਆਂ ਦਾ ਪ੍ਰਕਾਸ਼ ਹੋਵੇ, ਜੋ ਸਾਡੇ ‘ਚ ਰਫਤਾਰ, ਸੰਘਰਸ਼ ਤੇ ਬੇਚੈਨੀ ਪੈਦਾ ਕਰੇ, ਸੁਆਵੇ ਨਾ, ਕਿਉਂਕਿ ਹੁਣ ਹੋਰ ਜ਼ਿਆਦਾ ਸੌਣਾ ਮੌਤ ਦਾ ਲੱਛਣ ਹੈ।” ਪ੍ਰੇਮ ਚੰਦ ਵੱਲੋਂ ਦਿੱਤੇ ਗਏ ਇਸ ਬੀਜ ਬਿਆਨ ਨੂੰ ਇੱਕ ਲੰਬਾ ਅਰਸਾ ਬੀਤ ਗਿਆ ਹੈ, ਪਰ ਅੱਜ ਵੀ ਇਹ ਸਾਹਿਤ ਨੂੰ ਸਹੀ ਤਰ੍ਹਾਂ ਨਾਲ ਪਰਖਣ ਦਾ ਪੈਮਾਨਾ ਹੈ। ਉਕਤ ਕਥਨ ਦੀ ਕਸੌਟੀ ‘ਤੇ ਖਰਾ ਉਤਰਨ ਵਾਲਾ ਸਾਹਿਤ ਹੀ ਸਾਡਾ ਸਰਵਸ੍ਰੇਸ਼ਠ ਸਾਹਿਤ ਹੈ। ਇਹੀ ਅਦਬ ਆਵਾਮ ਦੇ ਦਿਲੋ-ਦਿਮਾਗ ਵਿੱਚ ਹਮੇਸ਼ਾ ਜ਼ਿੰਦਾ ਰਹੇਗਾ। ਉਨ੍ਹਾਂ ਨੂੰ ਸੰਘਰਸ਼ ਲਈ ਪ੍ਰੇਰਿਤ ਕਰਦਾ ਰਹੇਗਾ।
ਪ੍ਰਗਤੀਸ਼ੀਲ ਲੇਖਕ ਸੰਘ ਦੇ ਗਠਨ ਦੇ ਪਿੱਛੇ ਇਤਿਹਾਸਕ ਕਾਰਨ ਸਨ। 1930 ਤੋਂ 1935 ਤੱਕ ਦਾ ਦੌਰ ਪਰਿਵਰਤਨ ਦਾ ਦੌਰ ਸੀ। ਪਹਿਲੀ ਸੰਸਾਰ ਜੰਗ ਦੇ ਬਾਅਦ ਸਾਰੀ ਦੁਨੀਆ ਆਰਥਿਕ ਮੰਦੀ ਝੱਲ ਰਹੀ ਸੀ। ਜਰਮਨੀ ਤੇ ਇਟਲੀ ਵਿੱਚ ਕ੍ਰਮਵਾਰ ਹਿਟਲਰ ਤੇ ਮੁਸੋਲਿਨੀ ਦੀ ਤਾਨਾਸ਼ਾਹੀ ਅਤੇ ਫਰਾਂਸ ਦੀ ਪੂੰਜੀਪਤੀ ਸਰਕਾਰ ਦੇ ਲੋਕ-ਵਿਰੋਧੀ ਕਾਰਿਆਂ ਨਾਲ ਪੂਰੀ ਦੁਨੀਆ ‘ਤੇ ਸਾਮਰਾਜਵਾਦ ਤੇ ਫਾਸ਼ੀਵਾਦ ਦਾ ਖਤਰਾ ਮੰਡਰਾ ਰਿਹਾ ਸੀ। ਇਨ੍ਹਾਂ ਸਭ ਸੰਕਟਾਂ ਦੇ ਬਾਵਜੂਦ ਉਮੀਦਾਂ ਵੀ ਖਤਮ ਨਹੀਂ ਹੋਈਆਂ ਸਨ। ਹਰ ਢਲਦਾ ਹਨੇਰਾ, ਪਹਿਲਾਂ ਨਾਲੋਂ ਵੀ ਉੱਜਲ ਨਵਾਂ ਸਵੇਰਾ ਲੈ ਕੇ ਆਉਂਦਾ ਹੈ। ਜਰਮਨੀ ਵਿੱਚ ਕਮਿਊਨਿਸਟ ਪਾਰਟੀ ਦੇ ਆਗੂ ਦਿਮਿਤ੍ਰੋਵ ਦੇ ਮੁਕੱਦਮੇ, ਫਰਾਂਸ ਦੇ ਮਜ਼ਦੂਰਾਂ ਦੀ ਬੇਦਾਰੀ ਤੇ ਆਸਟਰੀਆ ਦੀ ਨਾਕਾਮਯਾਬ ਮਜ਼ਦੂਰ ਕ੍ਰਾਂਤੀ ਨਾਲ ਸਾਰੀ ਦੁਨੀਆ ਵਿੱਚ ਕ੍ਰਾਂਤੀ ਦੇ ਇੱਕ ਨਵੇਂ ਯੁੱਗ ਦਾ ਆਗਾਜ਼ ਹੋਇਆ। ਸਾਲ 1033 ਵਿੱਚ ਪ੍ਰਸਿੱਧ ਫਰਾਂਸੀਸੀ ਸਾਹਿਤਕਾਰ ਹੈਨਰੀ ਬਾਰਬੂਸ ਦੀਆਂ ਕੋਸ਼ਿਸ਼ਾਂ ਨਾਲ ਫਰਾਂਸ ਵਿੱਚ ਲੇਖਕਾਂ ਤੇ ਕਲਾਕਾਰਾਂ ਦਾ ਫਾਸ਼ੀਵਾਦ ਖਿਲਾਫ ਇੱਕ ਸਾਂਝਾ ਮੋਰਚਾ ‘ਵਰਲਡ ਕਾਨਫਰੰਸ ਆਫ ਰਾਈਟਰਜ਼ ਫਾਰ ਦੀ ਡਿਫੈਂਸ ਆਫ ਕਲਚਰ’ ਬਣਿਆ, ਜਿਹੜਾ ਅੱਗੇ ਚੱਲ ਕੇ ਪਾਪੂਲਰ ਫਰੰਟ (ਲੋਕ ਮੋਰਚਾ) ਵਿੱਚ ਤਬਦੀਲ ਹੋ ਗਿਆ। ਇਸ ਮੋਰਚੇ ਵਿੱਚ ਮੈਕਸਿਮ ਗੋਰਕੀ, ਰੋਮਯਾ ਰੋਲਾਂ, ਆਂਦਰੇ ਮਾਲਰੋ, ਟਾਮਸ ਮਾਨ, ਵਾਲਡੋ ਫਰੈਂਕ, ਮਾਰਸਲ, ਆਂਦਰੇ ਦੀਜ ਤੇ ਆਰਾਂਗੋ ਵਰਗੇ ਵਿਸ਼ਵ ਪ੍ਰਸਿੱਧ ਸਾਹਿਤਕਾਰ ਸ਼ਾਮਲ ਸਨ। ਇਸ ਨੂੰ ਲੋਕਾਂ ਦੀ ਹਮਾਇਤ ਹਾਸਲ ਸੀ। ਦੁਨੀਆ-ਭਰ ਵਿੱਚ ਵਾਪਰ ਰਹੀਆਂ ਇਨਕਲਾਬੀ ਘਟਨਾਵਾਂ ਨੇ ਹਿੰਦੋਸਤਾਨੀਆਂ ਨੂੰ ਵੀ ਵੱਡੇ ਪੱਧਰ ‘ਤੇ ਮੁਤਾਸਿਰ ਕੀਤਾ। ਇਨ੍ਹਾਂ ਹਿੰਦੋਸਤਾਨੀਆਂ ਵਿੱਚ ਲੰਡਨ ਵਿੱਚ ਉੱਚ ਵਿੱਦਿਆ ਹਾਸਲ ਕਰ ਰਹੇ ਸੱਜਾਦ ਜ਼ਹੀਰ, ਡਾ. ਮੁਲਕ ਰਾਜ ਆਨੰਦ, ਪ੍ਰਮੋਦ ਸੇਨ ਗੁਪਤ ਤੇ ਹੀਰੇਨ ਮੁਖਰਜੀ ਵਰਗੇ ਤਰੱਕੀਪਸੰਦ ਨੌਜਵਾਨ ਵੀ ਸਨ। ਪ੍ਰਗਤੀਸ਼ੀਲ ਲੇਖਕ ਸੰਘ ਦੇ ਐਲਾਨਨਾਮੇ ਦਾ ਸ਼ੁਰੂਆਤੀ ਮਸੌਦਾ ਉੱਥੇ ਹੀ ਤਿਆਰ ਹੋਇਆ, ਜਿਸ ਨੂੰ ਤਿਆਰ ਕਰਨ ਵਿੱਚ ਡਾ. ਮੁਲਕ ਰਾਜ ਆਨੰਦ ਨੇ ਵੱਡਾ ਰੋਲ ਨਿਭਾਇਆ। ਸੱਜਾਦ ਜ਼ਹੀਰ ਨੇ 1936 ਵਿੱਚ ਲੰਡਨ ਤੋਂ ਭਾਰਤ ਪਰਤਦਿਆਂ ਸਭ ਤੋਂ ਪਹਿਲਾਂ ਪ੍ਰਗਤੀਸ਼ੀਲ ਲੇਖਕ ਸੰਘ ਦੇ ਪਹਿਲੇ ਅਜਲਾਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਅਜਲਾਸ ਕਾਮਯਾਬ ਰਿਹਾ। ਇਸ ਦੇ ਐਲਾਨਨਾਮੇ ਵਿੱਚ ਕਿਹਾ ਗਿਆ : ਸਾਡੇ ਅਦਬ ਨੂੰ ਕੌਮੀ ਆਜ਼ਾਦੀ ਦੀ ਤਹਿਰੀਕ ਦੀ ਤਰਜਮਾਨੀ ਕਰਨੀ ਚਾਹੀਦੀ ਹੈ। ਸਾਮਰਾਜੀਆਂ ਅਤੇ ਜ਼ੁਲਮ ਕਰਨ ਵਾਲੇ ਅਮੀਰਾਂ ਦੀ ਮੁਜ਼ਾਹਮਤ ਕਰਨੀ ਚਾਹੀਦੀ ਹੈ। ਮਜ਼ਦੂਰਾਂ, ਕਿਸਾਨਾਂ ਤੇ ਤਮਾਮ ਮਜ਼ਲੂਮ ਇਨਸਾਨਾਂ ਦੀ ਤਰਫਦਾਰੀ ਤੇ ਹਮਾਇਤ ਕਰਨੀ ਚਾਹੀਦੀ ਹੈ। ਲੋਕਾਂ ਦੇ ਦੁੱਖ-ਸੁੱਖ, ਉਨ੍ਹਾਂ ਦੀਆਂ ਬਿਹਤਰੀਨ ਇੱਛਾਵਾਂ ਤੇ ਤਮੰਨਾਵਾਂ ਦਾ ਇਜ਼ਹਾਰ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਕਿ ਜਿਸ ਨਾਲ ਉਨ੍ਹਾਂ ਦੀ ਇਨਕਲਾਬੀ ਤਾਕਤ ਵਿੱਚ ਵਾਧਾ ਹੋਵੇ ਅਤੇ ਉਹ ਇਕੱਠੇ ਤੇ ਜਥੇਬੰਦ ਹੋ ਕੇ ਆਪਣੀ ਜੱਦੋ-ਜਹਿਦ ਨੂੰ ਕਾਮਯਾਬ ਬਣਾ ਸਕਣ।
ਪ੍ਰਗਤੀਸ਼ੀਲ ਲੇਖਕ ਸੰਘ ਨੇ ਉਸ ਦੌਰ ਵਿੱਚ ਜਿੱਥੇ ਧਾਰਮਿਕ ਅੰਧਵਿਸ਼ਵਾਸ ਤੇ ਜਾਤੀਵਾਦ ਦਾ ਵਿਰੋਧ ਕੀਤਾ, ਉੱਥੇ ਸਾਮਰਾਜਵਾਦ ਤੇ ਦੇਸੀ ਸਰਮਾਏਦਾਰਾਂ ਨਾਲ ਵੀ ਟੱਕਰ ਲਈ। ਦੇਸ਼ ਵਿੱਚ ਇੱਕ ਸਮਾਂ ਅਜਿਹਾ ਵੀ ਆਇਆ, ਜਦ ਉਰਦੂ ਦੇ ਸਾਰੇ ਵੱਡੇ ਸਾਹਿਤਕਾਰ ਪ੍ਰਗਤੀਸ਼ੀਲ ਲੇਖਕ ਸੰਘ ਦੇ ਪਰਚਮ ਤਲੇ ਸਨ। ਇਨ੍ਹਾਂ ਲੇਖਕਾਂ ਦੀਆਂ ਰਚਨਾਵਾਂ ਨੇ ਮੁਲਕ ਵਿੱਚ ਆਜ਼ਾਦੀ ਦੇ ਹੱਕ ਵਿੱਚ ਸਮਾਂ ਬੰਨ੍ਹ ਦਿੱਤਾ ਸੀ। ਪ੍ਰਗਤੀਸ਼ੀਲ ਲੇਖਕ ਸੰਘ ਦੇ ਗਠਨ ਨੂੰ ਲੰਬਾ ਅਰਸਾ ਗੁਜ਼ਰ ਗਿਆ ਹੈ, ਪਰ ਦੇਸ਼-ਦੁਨੀਆ ਦੇ ਸਾਹਮਣੇ ਚੁਣੌਤੀਆਂ ਉਸੇ ਤਰ੍ਹਾਂ ਦੀਆਂ ਹਨ। ਹੁਣ ਫਾਸ਼ੀਵਾਦ ਤੇ ਸਾਮਰਾਜਵਾਦ ਨਵੇਂ ਰੂਪ ਬਦਲ ਕੇ ਆ ਰਿਹਾ ਹੈ। ਇਨ੍ਹਾਂ ਪਿਛਾਖੜੀ ਤਾਕਤਾਂ ਨਾਲ ਟੱਕਰ ਤਦੇ ਲਈ ਜਾ ਸਕਦੀ ਹੈ, ਜਦ ਪ੍ਰਗਤੀਸ਼ੀਲ ਤੇ ਜਨਵਾਦੀ ਵਿਚਾਰਾਂ ਨਾਲ ਜੁੜੇ ਸਾਰੇ ਲੇਖਕ ਤੇ ਕਲਾਕਾਰ ਇੱਕਜੁੱਟ ਹੋਣ ਤੇ ਇਨ੍ਹਾਂ ਖਿਲਾਫ ਸਾਂਝਾ ਮੋਰਚਾ ਬਣਾਉਣ। ਨਿੱਕੇ-ਨਿੱਕੇ ਸਵਾਰਥਾਂ ਨੂੰ ਭੁੱਲ ਕੇ ਸੜਕਾਂ ‘ਤੇ ਨਿਤਰ ਕੇ ਆਵਾਮ ਦੀ ਨੁਮਾਇੰਦਗੀ ਕਰਨ। ਤਦੇ ਇਨ੍ਹਾਂ ਖਿਲਾਫ ਜਨ ਮੋਰਚਾ ਕਾਇਮ ਹੋਵੇਗਾ।



