ਟੈਕਸਟਾਈਲ ਮਜ਼ਦੂਰਾਂ ਦੇ ਰੇਟ ਵਧਾਉਣ ਲਈ ਅੰਦੋਲਨ ਦਾ ਫੈਸਲਾ

0
3

ਛੇਹਰਟਾ/ਖਾਸਾ (ਮਨੋਜ ਕੁਮਾਰ/ਸ਼ਸ਼ਪਾਲ ਸਿੰਘ)
ਟੈਕਸਟਾਈਲ ਖੇਤਰ ਦੇ ਮਜ਼ਦੂਰਾਂ ਦੀਆਂ ਉਜਰਤਾਂ ਵਿਚ ਵਾਧੇ ਦੀ ਮੰਗ ਨੂੰ ਲੈ ਕੇ ਪ੍ਰਮੁੱਖ ਮਜ਼ਦੂਰ ਜਥੇਬੰਦੀਆਂ ਸੀਟੂ , ਏਟਕ ਤੇ ਸੀ ਟੀ ਯੂ ਦੀ ਸਾਂਝੀ ਹੰਗਾਮੀ ਮੀਟਿੰਗ ਪੁਤਲੀਘਰ ਸਥਿਤ ਸੀਟੂ ਦਫ਼ਤਰ ਵਿਖੇ ਕਿਰਪਾ ਰਾਮ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਇਸ ਮੀਟਿੰਗ ਦੌਰਾਨ ਏਟਕ ਆਗੂ ਅਮਰਜੀਤ ਸਿੰਘ ਆਸਲ, ਸੀਟੂ ਆਗੂ ਸੁੱਚਾ ਸਿੰਘ ਅਜਨਾਲਾ ਤੇ ਸੀ ਟੀ ਯੂ ਆਗੂ ਜਗਤਾਰ ਸਿੰਘ ਕਰਮਪੁਰਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਬੀਤੀ 6 ਅਪ੍ਰੈਲ ਨੂੰ ਮਿੱਲ ਮਾਲਕਾਂ ਨਾਲ ਟੈਕਸਟਾਈਲ ਕਾਮਿਆਂ ਦੇ ਰੇਟਾਂ ਵਿਚ ਵਾਧੇ ਸੰਬੰਧੀ ਕੀਤੀ ਗਈ ਮੀਟਿੰਗ ਬੇਸਿੱਟਾ ਰਹੀ। ਆਗੂਆਂ ਸਪੱਸ਼ਟ ਕੀਤਾ ਕਿ ਮਾਲਕਾਂ ਨਾਲ ਹੋਇਆ ਪਿਛਲਾ ਸਮਝੌਤਾ 31 ਜਨਵਰੀ 2026 ਨੂੰ ਖ਼ਤਮ ਹੋ ਚੁੱਕਾ ਹੈ ਤੇ ਅਸਮਾਨੀ ਚੜ੍ਹ ਰਹੀ ਮਹਿੰਗਾਈ ਦੇ ਦੌਰ ਵਿਚ ਵਰਕਰਾਂ ਦਾ ਮੌਜੂਦਾ ਉਜਰਤਾਂ ‘ਤੇ ਗੁਜ਼ਾਰਾ ਕਰਨਾ ਅਸੰਭਵ ਹੋ ਗਿਆ ਹੈ, ਜਿਸ ਕਾਰਨ ਰੇਟਾਂ ਵਿਚ ਤੁਰੰਤ ਵਾਧਾ ਕਰਨਾ ਲਾਜ਼ਮੀ  ਹੈ।
ਮਾਲਕਾਂ ਦੇ ਅੜੀਅਲ ਵਤੀਰੇ ਨੂੰ ਦੇਖਦਿਆਂ ਜਥੇਬੰਦੀਆਂ ਨੇ ਹੁਣ ਆਰ-ਪਾਰ ਦੀ ਲੜਾਈ ਦਾ ਫ਼ੈਸਲਾ ਕਰਦਿਆਂ ਹੜਤਾਲ ਦੀ ਰਣਨੀਤੀ ਉਲੀਕੀ ਹੈ। ਇਸ ਤਹਿਤ ਮਜ਼ਦੂਰਾਂ ਨੂੰ ਲਾਮਬੰਦ ਕਰਨ ਲਈ ਲੜੀਵਾਰ ਮੀਟਿੰਗਾਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਅਨੁਸਾਰ 11 ਅਪ੍ਰੈਲ ਨੂੰ ਬੱਕਰ ਮੰਡੀ, 12 ਅਪ੍ਰੈਲ ਨੂੰ ਬਟਾਲਾ ਰੋਡ, 15 ਅਪ੍ਰੈਲ ਨੂੰ ਭੱਲੇ ਵਾਲਾ ਖੂਹ, 16 ਅਪ੍ਰੈਲ ਨੂੰ 22 ਨੰਬਰ ਫਾਟਕ ਤੇ 17 ਅਪ੍ਰੈਲ ਨੂੰ ਤਰਨ ਤਾਰਨ ਰੋਡ ਵਿਖੇ ਵਰਕਰਾਂ ਦੇ ਇਕੱਠ ਕੀਤੇ ਜਾਣਗੇ, ਤਾਂ ਜੋ ਉਨ੍ਹਾਂ ਨੂੰ ਸੰਭਾਵਤ ਹੜਤਾਲ ਲਈ ਤਿਆਰ ਕੀਤਾ ਜਾ ਸਕੇ। ਆਗੂਆਂ ਚੇਤਾਵਨੀ ਦਿੱਤੀ ਕਿ ਜੇਕਰ ਮਾਲਕਾਂ ਨੇ ਜਲਦ ਵਾਜਬ ਮੰਗਾਂ ਨਾ ਮੰਨੀਆਂ ਤਾਂ ਕੰਮ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਧਰਮਪਾਲ ਬਿੱਲਾ, ਮੋਹਨ ਲਾਲ, ਸ਼ਮਸ਼ੇਰ ਸਿੰਘ, ਸੁਰਜੀਤ ਸਿੰਘ, ਵਿਜੇ ਕੁਮਾਰ, ਸ਼ਿਵ ਕੁਮਾਰ ਅਤੇ ਸੁਵਿੰਦਰ ਸਿੰਘ ਮੀਰਾਂਕੋਟ ਸਮੇਤ ਵੱਡੀ ਗਿਣਤੀ ਵਿਚ ਸਾਥੀ ਹਾਜ਼ਰ ਸਨ।