ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਇਸਤਰੀ ਸਭਾ ਵੱਲੋਂ ਔਰਤਾਂ ਨੂੰ ਸਿਖਿਅਤ ਕਰਨ ਲਈ 10 ਤੋਂ 12 ਅਪ੍ਰੈਲ ਤੱਕ ਇੱਕ ਸਕੂਲ ਦਾ ਪ੍ਰਬੰਧ ਚੰਡੀਗੜ੍ਹ ਅਜੈ ਭਵਨ ਵਿੱਚ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ 42 ਦੇ ਕਰੀਬ ਔਰਤਾਂ ਨੇ ਹਿੱਸਾ ਲਿਆ।ਇਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਰਜਿੰਦਰ ਪਾਲ ਕੌਰ, ਸੂਬਾ ਚੇਅਰਪਰਸਨ ਕੁਸ਼ਲ ਭੌਰਾ, ਸੋਨੀਆ ਸਾਂਬਰ ਅਤੇ ਸੁਮਿਤਰਾ ਫਾਜ਼ਿਲਕਾ ਨੇ ਕੀਤੀ। ਸੂਬਾ ਜਨਰਲ ਸਕੱਤਰ ਨਰਿੰਦਰ ਸੋਹਲ ਨੇ ਸਟੇਜ ਸਕੱਤਰ ਵਜੋਂ ਜ਼ੁੰਮੇਵਾਰੀ ਨਿਭਾਉਂਦਿਆਂ ਸਕੂਲ ਸੰਬੰਧੀ ਲੋੜੀਂਦੀਆਂ ਹਦਾਇਤਾਂ ਦਿੱਤੀਆਂ।
ਸਕੂਲ ਦਾ ਉਦਘਾਟਨ ਕਰਦਿਆਂ ਸਾਬਕਾ ਸਕੱਤਰ ਬੰਤ ਸਿੰਘ ਬਰਾੜ ਨੇ ਔਰਤਾਂ ਦੇ ਸਕੂਲ ‘ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਆਪਣੀ ਸੋਚ ਨੂੰ ਤਿੱਖਾ ਕੀਤਾ ਜਾਵੇ। ਖਾਸ ਕਰਕੇ ਜਦੋਂ ਔਰਤਾਂ ਬਹੁਤ ਮੁਸ਼ਕਲ ਦੌਰ ‘ਚੋਂ ਲੰਘ ਰਹੀਆਂ ਹਨ ਤਾਂ ਔਰਤਾਂ ਵਿੱਚ ਸਮਾਜਿਕ ਬੁਰਾਈਆਂ ਨਾਲ ਲੜਨ ਵਾਸਤੇ ਜੋਸ਼ ਭਰਨਾ ਜ਼ਰੂਰੀ ਹੈ। ਇਹ ਜੋਸ਼ ਤਿੱਖੀ ਸੋਚ ਨਾਲ ਹੀ ਆਉਂਦਾ ਹੈ। ਸਿੱਖਿਆ ਵਿਭਾਗ ਦੇ ਮੁਖੀ ਹਰਦੇਵ ਸਿੰਘ ਅਰਸ਼ੀ ਨੇ ਇਸ ਗੱਲ ‘ਤੇ ਖੁਸ਼ੀ ਪ੍ਰਗਟ ਕੀਤੀ ਕਿ ਔਰਤਾਂ ਨੇ ਆਪਣੇ ਆਪ ਨੂੰ ਸਕੂਲ ਲਗਾਉਣ ਲਈ ਲਾਮਬੰਦ ਕੀਤਾ ਹੈ, ਜਿਸ ਲਈ ਪੰਜਾਬ ਦੀ ਹਰ ਨੁੱਕਰ ਤੋਂ ਔਰਤਾਂ ਗਿਆਨ ਹਾਸਲ ਕਰਨ ਦੀ ਚਾਹਤ ਲੈ ਕੇ ਏਨੀ ਦੂਰ ਤੱਕ ਆਈਆਂ ਹਨ। ਅਸੀਂ ਆਸ ਕਰਦੇ ਹਾਂ ਕਿ ਔਰਤਾਂ ਇਥੋਂ ਸਿਧਾਂਤਕ ਤੌਰ ‘ਤੇ ਲਾਮਬੰਦ ਹੋ ਕੇ ਆਪਣੇ ਖੇਤਰ ਵਿੱਚ ਸਰਗਰਮੀ ਵਧਾਉਣਗੀਆਂ।
ਸਕੂਲ ਦੇ ਪਹਿਲੇ ਦਿਨ ਮੁੱਖ ਅਧਿਆਪਕ ਅਨਿਲ ਰਾਜਿਮਵਾਲੇ ਸਨ, ਜਿਨ੍ਹਾ ਦਿੱਲੀ ਤੋਂ ਇਕ ਦਿਨ ਪਹਿਲਾਂ ਹੀ ਆ ਕੇ ਮੋਰਚਾ ਸੰਭਾਲ ਲਿਆ ਸੀ ਕਿ ਕਿਧਰੇ ਲੇਟ ਨਾ ਹੋ ਜਾਣ। ਉਹਨਾ ਦੇ ਪੜ੍ਹਾਉਣ ਦੇ ਢੰਗ ਵਿੱਚ ਏਨੀ ਸਾਦਗੀ ਅਤੇ ਡੂੰਘਾਈ ਸੀ ਕਿ ਲਗਾਤਾਰ ਕਈ ਘੰਟੇ ਬੈਠ ਕੇ ਵੀ ਔਰਤਾਂ ਉਕਤਾਈਆਂ ਨਹੀਂ। ਉਹਨਾ ਕਮਿਊਨਿਸਟ ਪਾਰਟੀ, ਲਾਲ ਝੰਡੇ ਦੇ ਜਨਮ ਅਤੇ ਮਈ ਦਿਵਸ ਦੇ ਇਤਿਹਾਸ ਬਾਰੇ ਬਹੁਤ ਬਰੀਕੀ ਅਤੇ ਆਸਾਨ ਸ਼ਬਦਾਂ ਵਿੱਚ ਸਿੱਖਿਆ ਦਿੱਤੀ। ਔਰਤਾਂ ਨੇ ਮਹਿਸੂਸ ਕੀਤਾ ਕਿ ਇਹੋ ਜਿਹੇ ਸਕੂਲ ਵਾਰ-ਵਾਰ ਲੱਗਣੇ ਚਾਹੀਦੇ ਹਨ।ਸਕੂਲ ਵਿੱਚ ਕਿਰਨਜੀਤ ਵਲਟੋਹਾ, ਸੁਦੇਸ਼ ਕੁਮਾਰੀ, ਨਸੀਬ ਕੌਰ, ਜੋਗਿੰਦਰ ਕੌਰ, ਵੀਨਾ ਜੰਮੂ, ਹਰਜੀਤ ਢੰਡੀਆਂ, ਪ੍ਰੇਮ ਲਤਾ, ਸੰਤੋਸ਼ ਬਰਾੜ, ਤ੍ਰਿਪਤ ਕਾਲੀਆ, ਸੁਰਜੀਤ ਕਾਲੜਾ, ਗੁਰਬਖਸ਼ ਰਾਹੋਂ, ਪਰਮਜੀਤ ਕੌਰ, ਬਲਜੀਤ ਗਦਾਈਆ, ਖੁਸ਼ਪਿੰਦਰ ਮਾਨਸਾ, ਰਵੀ ਕਾਂਤਾ, ਰਣਜੀਤ ਕੌਰ, ਅਮਰਜੀਤ ਬਠਿੰਡਾ, ਵੰਦਨਾ ਬਰਾੜ, ਅਰਸ਼ਦੀਪ ਅਤੇ ਕੰਵਲਜੀਤ ਆਦਿ ਆਗੂ ਹਾਜ਼ਰ ਸਨ। ਸਕੂਲ ਦੇ ਪ੍ਰਬੰਧ ਮੁਹਿੰਦਰ ਪਾਲ ਵੱਲੋਂ ਕੀਤੇ ਗਏ।




