ਪਰੰਪਰਾ ਨੂੰ ਵੰਗਾਰਨਾ ਜ਼ਰੂਰੀ

0
4

ਕੀ ਕੋਈ ਪਰੰਪਰਾ ਸਿਰਫ ਇਸ ਲਈ ਸਹੀ ਹੋ ਜਾਂਦੀ ਹੈ, ਕਿਉਂਕਿ ਇਹ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ? ਕੀ ਸਮਾਜ ਵਿੱਚ ਕਿਸੇ ਚੀਜ਼ ‘ਤੇ ਸਵਾਲ ਉਠਾਉਣਾ ਗਲਤ ਮੰਨਿਆ ਜਾਣਾ ਚਾਹੀਦਾ ਹੈ? ਸੁਪਰੀਮ ਕੋਰਟ ਦੇ ਜਸਟਿਸ ਉੱਜਲ ਭੂਈਆਂ ਨੇ ਪਿਛਲੇ ਦਿਨੀਂ ਮੇਘਾਲਿਆ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ਦੀ 12ਵੀਂ ਕਨਵੋਕੇਸ਼ਨ ਵਿੱਚ ਕਿਹਾ ਕਿ ਜੋ ਸਮਾਜ ਪਰੰਪਰਾਵਾਂ ਨੂੰ ਤਰਜੀਹ ਦਿੰਦਾ ਹੈ ਅਤੇ ਉਨ੍ਹਾਂ ‘ਤੇ ਸਵਾਲ ਨਹੀਂ ਉਠਾਉਂਦਾ, ਉਹ ਗਲਤ ਅਤੇ ਬੇਇਨਸਾਫੀ ਵਾਲੇ ਅਭਿਆਸਾਂ ਨੂੰ ਬਦਲਣ ਦੇ ਯੋਗ ਨਹੀਂ ਹੁੰਦਾ | ਜੋ ਸਮਾਜ ਸਵਾਲ ਪੁੱਛਣ ਤੋਂ ਡਰਦਾ ਹੈ, ਉਹ ਤਾਨਾਸ਼ਾਹੀ ਦਾ ਸ਼ਿਕਾਰ ਹੋ ਸਕਦਾ ਹੈ |
ਖੁੱਲ੍ਹੇ ਵਿਚਾਰਾਂ ਅਤੇ ਪ੍ਰਗਤੀਸ਼ੀਲ ਸੋਚ ਲਈ ਜਾਣੇ ਜਾਂਦੇ ਜਸਟਿਸ ਭੂਈਆਂ ਨੇ ਕਾਨੂੰਨ ਦੇ ਰਾਜ ਲਈ ਵਿਗਿਆਨਕ ਸੁਭਾਅ ਨੂੰ ਜ਼ਰੂਰੀ ਦੱਸਿਆ ਅਤੇ ਕਿਹਾ ਕਿ ਮਨਮਾਨੀ ਸ਼ਕਤੀ ਅਗਿਆਨਤਾ, ਡਰ ਅਤੇ ਅਣਪਛਾਤੇ ਵਿਸ਼ਵਾਸਾਂ ‘ਤੇ ਪ੍ਰਫੁੱਲਤ ਹੁੰਦੀ ਹੈ | ਇੱਕ ਸਮਾਜ ਨੂੰ ਆਪਣੀਆਂ ਪਰੰਪਰਾਵਾਂ ‘ਤੇ ਸਵਾਲ ਉਠਾਉਣ ਤੋਂ ਨਹੀਂ ਡਰਨਾ ਚਾਹੀਦਾ | ਜੇ ਕੋਈ ਪੁਰਾਣੀ ਪ੍ਰਥਾ ਬੇਇਨਸਾਫੀ-ਭਰੀ ਹੈ, ਤਾਂ ਇਸ ਦੀ ਸਮੀਖਿਆ ਅਤੇ ਸੁਧਾਰ ਕਰਨ ਦੀ ਲੋੜ ਹੈ | ਇੱਕ ਗਲਤ ਪ੍ਰਥਾ ਨੂੰ ਸਿਰਫ ਇਸ ਲਈ ਜਾਰੀ ਨਹੀਂ ਰਹਿਣ ਦਿੱਤਾ ਜਾ ਸਕਦਾ, ਕਿਉਂਕਿ ਇਹ ਲੰਮੇ ਸਮੇਂ ਤੋਂ ਚੱਲ ਰਹੀ ਹੈ | ਵਿਗਿਆਨਕ ਸੁਭਾਅ ਸਮਾਜ ਨੂੰ ਅੰਧ-ਵਿਸ਼ਵਾਸ ਅਤੇ ਝੂਠੇ ਵਿਸ਼ਵਾਸਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ | ਭਾਰਤੀ ਸੰਵਿਧਾਨ ਵਿੱਚ ਜਿੱਥੇ ਬੁਨਿਆਦੀ ਫਰਜ਼ਾਂ ਦੀ ਰੂਪ-ਰੇਖਾ ਦਿੱਤੀ ਗਈ ਹੈ, ਉੱਥੇ ਧਾਰਾ 51 ਏ (ਐੱਚ) ਹਰੇਕ ਨਾਗਰਿਕ ਨੂੰ ਵਿਗਿਆਨਕ ਸੁਭਾਅ, ਮਨੁੱਖਤਾ ਅਤੇ ਪੁੱਛਗਿੱਛ ਦੀ ਭਾਵਨਾ ਵਿਕਸਤ ਕਰਨ ਦਾ ਆਦੇਸ਼ ਦਿੰਦੀ ਹੈ | ਇਸ ਦਾ ਅਰਥ ਹੈ ਕਿ ਕਿਸੇ ਨੂੰ ਸਿਰਫ ਸੁਣੀਆਂ-ਸੁਣਾਈਆਂ ਗੱਲਾਂ ‘ਤੇ ਆਧਾਰਤ ਕਿਸੇ ਚੀਜ਼ ਨੂੰ ਸਵੀਕਾਰ ਨਹੀਂ ਕਰਨਾ ਚਾਹੀਦਾ | ਸਭ ਨੂੰ ਇਸ ਦੇ ਪਿੱਛੇ ਕਾਰਨਾਂ, ਸਬੂਤਾਂ ਅਤੇ ਸੱਚਾਈ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ |
ਵਿਗਿਆਨਕ ਸੋਚ ਦਾ ਮਤਲਬ ਇਹ ਨਹੀਂ ਕਿ ਹਰ ਧਾਰਮਕ ਵਿਸ਼ਵਾਸ ਨੂੰ ਝੂਠਾ ਐਲਾਨਿਆ ਜਾਵੇ | ਇਸ ਦਾ ਉਦੇਸ਼ ਤਰਕ, ਸਬੂਤ ਅਤੇ ਜਾਂਚ ਦੁਆਰਾ ਕਿਸੇ ਵੀ ਦਾਅਵੇ ਦੀ ਜਾਂਚ ਕਰਨਾ ਹੈ | ਸੰਵਿਧਾਨ ਦਾ ਆਰਟੀਕਲ 25 ਸਾਰੇ ਨਾਗਰਿਕਾਂ ਨੂੰ ਧਰਮ ਦਾ ਪਾਲਣ ਕਰਨ ਅਤੇ ਅਭਿਆਸ ਕਰਨ ਦੀ ਆਜ਼ਾਦੀ ਦੀ ਗਰੰਟੀ ਦਿੰਦਾ ਹੈ, ਪਰ ਇਹ ਆਜ਼ਾਦੀ ਜਨਤਕ ਵਿਵਸਥਾ, ਨੈਤਿਕਤਾ ਅਤੇ ਸਿਹਤ ਦੇ ਅਧੀਨ ਹੈ | ਇਸ ਲਈ ਵਿਸ਼ਵਾਸ ਦਾ ਸਤਿਕਾਰ ਅਤੇ ਬੇਇਨਸਾਫੀ ਵਾਲੇ ਅਭਿਆਸਾਂ ਵਿੱਚ ਸੁਧਾਰ ਦੋਵੇਂ ਸੰਵਿਧਾਨਕ ਕਦਰਾਂ-ਕੀਮਤਾਂ ਦੇ ਨਾਲ ਅੱਗੇ ਵਧ ਸਕਦੇ ਹਨ | ਜਦੋਂ ਲੋਕ ਸਵਾਲ ਪੁੱਛਣਾ ਬੰਦ ਕਰ ਦਿੰਦੇ ਹਨ, ਤਾਂ ਗਲਤ ਫੈਸਲਿਆਂ ਅਤੇ ਮਨਮਾਨੀ ਦਾ ਵਿਰੋਧ ਕਮਜ਼ੋਰ ਹੋ ਜਾਂਦਾ ਹੈ | ਸੱਤਾ ਵਿੱਚ ਬੈਠੇ ਲੋਕਾਂ ਤੋਂ ਜਵਾਬ ਮੰਗਣਾ ਲੋਕਤੰਤਰ ਦਾ ਇੱਕ ਜ਼ਰੂਰੀ ਹਿੱਸਾ ਹੈ | ਜੇ ਸਮਾਜ ਬਿਨਾਂ ਸਬੂਤਾਂ ਦੇ ਦਾਅਵਿਆਂ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦਿੰਦਾ ਹੈ, ਤਾਂ ਗਲਤ ਜਾਣਕਾਰੀ ਅਤੇ ਅੰਧ-ਵਿਸ਼ਵਾਸ ਫੈਲ ਸਕਦੇ ਹਨ | ਸਵਾਲ ਪੁੱਛਣਾ, ਅਸਹਿਮਤੀ ਪ੍ਰਗਟ ਕਰਨਾ ਅਤੇ ਤਰਕ ਦੇ ਆਧਾਰ ‘ਤੇ ਰਾਏ ਬਣਾਉਣਾ ਕਮਜ਼ੋਰੀਆਂ ਨਹੀਂ ਹਨ, ਸਗੋਂ ਇੱਕ ਜਾਗਰੂਕ ਨਾਗਰਿਕ ਦੀਆਂ ਵਿਸ਼ੇਸ਼ਤਾਵਾਂ ਹਨ | ਸਹੀ ਜਾਣਕਾਰੀ ਦੀ ਭਾਲ ਕਰਨ ਦੀ ਆਦਤ ਲੋਕਤੰਤਰ ਨੂੰ ਮਜ਼ਬੂਤ ਕਰਦੀ ਹੈ | ਜਸਟਿਸ ਭੂਈਆਂ ਨੇ ਇਹ ਵੀ ਕਿਹਾ ਕਿ ਯੂਨੀਵਰਸਿਟੀਆਂ ਸਿਰਫ ਡਿਗਰੀਆਂ ਦੇਣ ਦੀਆਂ ਥਾਵਾਂ ਨਹੀਂ ਹਨ, ਸਗੋਂ ਸੁਤੰਤਰ ਸੋਚ ਵਿਕਸਤ ਕਰਨ ਦੇ ਕੇਂਦਰ ਵੀ ਹਨ | ਇੱਥੇ, ਵੱਖ-ਵੱਖ ਧਰਮਾਂ, ਭਾਸ਼ਾਵਾਂ ਅਤੇ ਖੇਤਰਾਂ ਦੇ ਵਿਦਿਆਰਥੀ ਇੱਕ-ਦੂਜੇ ਦੇ ਵਿਚਾਰਾਂ ਨੂੰ ਸਮਝਦੇ ਹਨ | ਅਧਿਆਪਕਾਂ ਅਤੇ ਸੰਸਥਾਵਾਂ ਨੂੰ ਵਿਦਿਆਰਥੀਆਂ ਵਿੱਚ ਤਰਕ ਕਰਨ, ਸਵਾਲ ਪੁੱਛਣ ਅਤੇ ਗਲਤ ਜਾਣਕਾਰੀ ਨੂੰ ਪਛਾਣਨ ਦੀ ਯੋਗਤਾ ਵਿਕਸਤ ਕਰਨੀ ਚਾਹੀਦੀ ਹੈ |
ਸ਼ਹੀਦੇ-ਆਜ਼ਮ ਭਗਤ ਸਿੰਘ ਨੇ ਵੀ ਕਿਹਾ ਸੀ—ਜੋ ਵੀ ਵਿਕਾਸ ਲਈ ਖੜ੍ਹਾ ਹੈ, ਉਸ ਨੂੰ ਹਰ ਚੀਜ਼ ਦੀ ਆਲੋਚਨਾ ਕਰਨੀ ਹੋਵੇਗੀ, ਉਸ ‘ਤੇ ਅਵਿਸ਼ਵਾਸ ਕਰਨਾ ਹੋਵੇਗਾ ਤੇ ਉਸ ਨੂੰ ਚੁਣੌਤੀ ਦੇਣੀ ਹੋਵੇਗੀ |