ਜਗਰਾਓਂ/ਮੋਗਾ/ਲੁਧਿਆਣਾ
(ਸੰਜੀਵ ਅਰੋੜਾ, ਨਛੱਤਰ ਸੰਧੂ/
ਇਕਬਾਲ ਸਿੰਘ ਖਹਿਰਾ/ਰਾਜ ਸਿੰਗਲਾ)
ਯੂ ਪੀ ਦੇ ਵ੍ਰਿੰਦਾਵਨ ਵਿੱਚ ਯਮੁਨਾ ਨਦੀ ਵਿੱਚ ਸ਼ੁੱਕਰਵਾਰ ਨੂੰ ਵਾਪਰੇ ਵੱਡੇ ਸਟੀਮਰ ਹਾਦਸੇ ਤੋਂ ਬਾਅਦ ਜਗਰਾਓਂ, ਮੋਗਾ ਅਤੇ ਲੁਧਿਆਣਾ ਵਿੱਚ ਸੋਗ ਦੀ ਲਹਿਰ ਦੌੜ ਗਈ। ਇਸ ਦੌਰਾਨ ਅਬੋਹਰ ਵਾਸੀ ਮਾਨਿਕ ਟੰਡਨ ਦੀ ਲਾਸ਼ ਮਿਲਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 11 ਹੋ ਗਈ ਹੈ। ਪੰਕਜ ਮਲਹੋਤਰਾ, ਰਿਸ਼ਭ ਸ਼ਰਮਾ, ਯਸ਼ ਭੱਲਾ ਅਤੇ ਮੋਨਿਕਾ ਅਜੇ ਵੀ ਲਾਪਤਾ ਦੱਸੇ ਗਏ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਗਰਾਉਂ ਵਿਖੇ ਆਪਣੇ ਅਜ਼ੀਜ਼ ਗੁਆਉਣ ਵਾਲੇ ਪਰਵਾਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਪੀੜਤ ਪਰਵਾਰਾਂ ਨੂੰ ਸੰਕਟ ਦੀ ਇਸ ਘੜੀ ਵਿੱਚ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।
ਉਹਨਾ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਉਤਰ ਪ੍ਰਦੇਸ਼ ਸਰਕਾਰ ਦੇ ਸੰਪਰਕ ਵਿੱਚ ਹੈ ਅਤੇ ਪੰਜਾਬ ਵੱਲੋਂ ਬਚਾਅ ਕਾਰਜਾਂ ਵਿੱਚ ਸਹਾਇਤਾ ਲਈ ਗੋਤਾਖੋਰਾਂ ਦੀਆਂ ਟੀਮਾਂ ਪਹਿਲਾਂ ਹੀ ਭੇਜੀਆਂ ਜਾ ਚੁੱਕੀਆਂ ਹਨ। ਜਵਾਬਦੇਹੀ ਅਤੇ ਰੋਕਥਾਮ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਧਾਰਮਿਕ ਸਥਾਨਾਂ ‘ਤੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਹਰ ਕੀਮਤ ‘ਤੇ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾ ਭਵਿੱਖ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਅਤੇ ਅਜਿਹੇ ਦੁਖਾਂਤ ਰੋਕਣ ਲਈ ਇਹ ਮਾਮਲਾ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਕੋਲ ਉਠਾਇਆ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਮਾਨ ਨੇ ਕਿਹਾ, ‘ਮਥੁਰਾ ਨੇੜੇ ਵਾਪਰੀ ਮੰਦਭਾਗੀ ਘਟਨਾ ਵਿੱਚ ਕੀਮਤੀ ਜਾਨਾਂ ਦੇ ਨੁਕਸਾਨ ‘ਤੇ ਬੇਹੱਦ ਦੁੱਖ ਹੋਇਆ ਹੈ। ਮੇਰੀ ਦਿਲੀ ਹਮਦਰਦੀ ਉਨ੍ਹਾਂ ਪਰਵਾਰਾਂ ਦੇ ਨਾਲ ਹੈ, ਜਿਨ੍ਹਾਂ ਇਸ ਦੁਖਾਂਤ ਵਿੱਚ ਆਪਣੇ ਅਜ਼ੀਜ਼ ਗੁਆਏ ਹਨ।’
ਮ੍ਰਿਤਕਾਂ ‘ਚ ਇੱਕੋ ਪਰਵਾਰ ਦੇ 7 ਲੋਕ ਸ਼ਾਮਲ ਹਨ, ਜਿਨ੍ਹਾਂ ‘ਚ ਜਗਰਾਓਂ ਦੇ ਮਧੁਰ ਬਹਿਲ, ਉਸ ਦੀ ਮਾਂ ਕਵਿਤਾ ਬਹਿਲ, ਉਸ ਦਾ ਚਾਚਾ ਚਰਨਜੀਤ, ਚਰਨਜੀਤ ਦੀ ਪਤਨੀ ਪਿੰਕੀ ਬਹਿਲ, ਮਧੁਰ ਦੀ ਮਾਸੀ ਆਸ਼ਾ ਰਾਣੀ, ਇੱਕ ਹੋਰ ਮਾਸੀ ਅੰਜੂ ਗੁਲਾਟੀ (ਜੋ ਕਿ ਲੁਧਿਆਣਾ ਦੀ ਰਹਿਣ ਵਾਲੀ ਹੈ) ਅਤੇ ਉਸ ਦਾ ਚਾਚਾ ਰਾਕੇਸ਼ ਗੁਲਾਟੀ ਸ਼ਾਮਲ ਹਨ। ਜਗਰਾਓਂ ਸ਼ਮਸ਼ਾਨਘਾਟ ਵਿਖੇ ਇੱਕੋ ਸਮੇਂ ਪੰਜ ਚਿਤਾਵਾਂ ਨੂੰ ਅਗਨੀ ਦਿੱਤੀ ਗਈ। ਕਵਿਤਾ ਬਹਿਲ, ਮਧੁਰ ਬਹਿਲ, ਚਰਨਜੀਤ ਸਿੰਘ, ਪਿੰਕੀ ਬਹਿਲ ਅਤੇ ਈਸ਼ਾਨ ਕਟਾਰੀਆ ਦਾ ਇਕੱਠਾ ਸਸਕਾਰ ਕੀਤਾ ਗਿਆ। ਜਲਾਲਾਬਾਦ ਦੀ ਅਗਰਵਾਲ ਕਲੋਨੀ ਦਾ 35 ਸਾਲਾ ਪੰਕਜ ਮਲਹੋਤਰਾ ਲਾਪਤਾ ਹੈ। ਉਹ ਜਗਰਾਓਂ ਰਹਿੰਦੇ ਮਾਸੀ-ਮਾਸੜ ਨਾਲ ਵ੍ਰਿੰੰਦਾਵਨ ਗਿਆ ਸੀ। ਮਾਸੀ ਅਤੇ ਮਾਸੜ ਦੀਆਂ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ, ਪਰ ਪੰਕਜ ਦਾ ਪਤਾ ਨਹੀਂ ਲੱਗ ਸਕਿਆ। ਪ੍ਰਾਈਵੇਟ ਨੌਕਰੀ ਕਰਦੇ ਪੰਕਜ ਦੇ ਦੋ ਬੱਚੇ ਹਨ। ਉਸ ਦੀਆਂ ਦੋ ਛੋਟੀਆਂ ਭੈਣਾਂ ਹਨ।
ਮੋਗਾ ਦੇ ਗੁਰੂ ਰਾਮਦਾਸ ਨਗਰ ਇਲਾਕੇ ਦੀ 55 ਸਾਲਾ ਸਪਨਾ ਹੰਸ ਦੀ ਵੀ ਹਾਦਸੇ ਵਿੱਚ ਮੌਤ ਹੋ ਗਈ। ਪਰਵਾਰ ਸਪਨਾ ਅਤੇ ਪਤੀ ਅਨਿਲ ਹੰਸ ਦੇ ਵਿਆਹ ਦੀ ਵਰ੍ਹੇਗੰਢ ਮਨਾਉਣ ਲਈ ਗਿਆ ਸੀ। ਪਰਵਾਰ ਦੇ ਮੈਂਬਰ ਦੋ ਸਟੀਮਰਾਂ ਵਿੱਚ ਸਵਾਰ ਸਨ। ਸਪਨਾ ਹੰਸ, ਰੀਮਾ ਹੰਸ ਅਤੇ ਸਰੋਜ ਰਾਣੀ ਵਾਲਾ ਸਟੀਮਰ ਪਲਟ ਗਿਆ, ਜਦਕਿ ਦੂਜੇ ਸਟੀਮਰ ਵਿੱਚ ਸਵਾਰ ਅਨਿਲ ਹੰਸ ਅਤੇ ਉਸ ਦੀ ਭਤੀਜੀ ਨੇਹਾ ਸੁਰੱਖਿਅਤ ਰਹੇ। ਸਪਨਾ ਦੀ ਡੁੱਬਣ ਕਾਰਨ ਦਰਦਨਾਕ ਮੌਤ ਹੋ ਗਈ। ਰੀਮਾ ਅਤੇ ਸਰੋਜ ਨੂੰ ਬਚਾ ਲਿਆ ਗਿਆ ਸੀ। ਸਪਨਾ ਪਿੱਛੇ ਪਤੀ ਅਤੇ ਦੋ ਪੁੱਤਰ ਛੱਡ ਗਈ ਹੈ। ਇੱਕ ਪੁੱਤਰ ਵਿਦੇਸ਼ ਵਿੱਚ ਅਤੇ ਦੂਜਾ ਦਿੱਲੀ ‘ਚ ਰਹਿੰਦਾ ਹੈ।
ਮੋਗਾ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਤੇ ਤਹਿਸੀਲਦਾਰ ਲਖਵਿੰਦਰ ਸਿੰਘ ਗਿੱਲ ਨੇ ਪੀੜਤ ਪਰਵਾਰ ਨਾਲ ਦੁੱਖ ਸਾਂਝਾ ਕੀਤਾ।





