ਚਾਚੇ-ਭਤੀਜੇ ਦੀ ਬਿਆਸ ਦਰਿਆ ‘ਚ ਡੁੱਬਣ ਨਾਲ ਮੌਤ

0
11

ਕਪੂਰਥਲਾ (ਬਲਵਿੰਦਰ ਸਿੰਘ ਧਾਲੀਵਾਲ)
ਵਿਸਾਖੀ ਦੇ ਪਵਿੱਤਰ ਮੌਕੇ ਤੇ ਬਿਆਸ ਦਰਿਆ ਵਿੱਚ ਨਹਾਉਣ ਗਏ ਚਾਚੇ-ਭਤੀਜੇ ਦੀ ਡੁੱਬ ਜਾਣ ਕਾਰਨ ਦੁਖਦਾਈ ਮੌਤ ਹੋਈ ਹੈ। ਮੌਕੇ ਤੇ ਪੁੱਜੇ ਥਾਣਾ ਢਿਲਵਾਂ ਮੁੱਖੀ ਦਲਵਿੰਦਰਬੀਰ ਸਿੰਘ ਨੇ ਦੱਸਿਆ ਕਿ ਦੁਪਹਿਰ 12 ਵਜੇ ਦੇ ਕਰੀਬ ਇਤਲਾਹ ਮਿਲੀ ਕਿ ਬੁਤਾਲਾ ਤੇ ਚੱਕੋਕੀ ਮੰਡ ਵਿਚਕਾਰ ਦਰਿਆ ‘ਚ ਨਹਾਉਣ ਸਮੇਂ ਦੋ ਨੌਜਵਾਨ ਡੁੱਬ ਗਏ ਹਨ। ਇਸ ਦੌਰਾਨ ਐੱਨ ਡੀ ਆਰ ਐੱਫ ਤੇ ਗੋਤਾਂਖੋਰਾਂ ਦੀਆਂ ਟੀਮਾਂ ਦੀ ਮਦਦ ਨਾਲ ਸਾਢੇ ਤਿੰਨ ਘੰਟੇ ਦੀ ਮਸ਼ੱਕਤ ਮਿਹਨਤ ਕਰਨ ਤੋਂ ਬਾਅਦ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਮ੍ਰਿਤਕਾਂ ਦੀ ਪਹਿਚਾਣ ਰਮਨਦੀਪ ਸਿੰਘ (22) ਪੁੱਤਰ ਬੂਟਾ ਸਿੰਘ ਤੇ ਗੁਰਦੇਵ ਸਿੰਘ (30) ਪੁੱਤਰ ਤਰਸੇਮ ਸਿੰਘ ਵਾਸੀ ਬੁਤਾਲਾ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਪਰਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ। ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਤਿਉਹਾਰਾਂ ਮੌਕੇ ਦਰਿਆ ਵਿੱਚ ਨਹਾਉਣ ਤੋਂ ਗੁਰੇਜ਼ ਕਰਨ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।