ਨਵੀਂ ਦਿੱਲੀ : ਕਾਂਗਰਸੀ ਆਗੂ ਪਵਨ ਖੇੜਾ ਨੂੰ ਵੱਡਾ ਝਟਕਾ ਦਿੰਦਿਆਂ ਸੁਪਰੀਮ ਕੋਰਟ ਨੇ ਬੁੱਧਵਾਰ ਤੇਲੰਗਾਨਾ ਹਾਈ ਕੋਰਟ ਦੇ ਉਸ ਫੈਸਲੇ ‘ਤੇ ਰੋਕ ਲਗਾ ਦਿੱਤੀ ਹੈ, ਜਿਸ ਵਿੱਚ ਉਨ੍ਹਾ ਨੂੰ ਇੱਕ ਹਫਤੇ ਦੀ ਆਰਜ਼ੀ ਪੇਸ਼ਗੀ ਜ਼ਮਾਨਤ ਦਿੱਤੀ ਗਈ ਸੀ। ਇਹ ਮਾਮਲਾ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਪਤਨੀ ਵਿਰੁੱਧ ਲਗਾਏ ਗਏ ਦੋਸ਼ਾਂ ਨਾਲ ਸੰਬੰਧਤ ਹੈ।
ਸੁਪਰੀਮ ਕੋਰਟ ਨੇ ਅਸਾਮ ਸਰਕਾਰ ਵੱਲੋਂ ਤਿਲੰਗਾਨਾ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਖੇੜਾ ਅਤੇ ਹੋਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਕਾਂਗਰਸੀ ਆਗੂ ਨੇ 5 ਅਪਰੈਲ ਨੂੰ ਦੋਸ਼ ਲਾਇਆ ਸੀ ਕਿ ਅਸਾਮ ਦੇ ਮੁੱਖ ਮੰਤਰੀ ਦੀ ਪਤਨੀ ਰਿੰਕੀ ਭੂਈਆਂ ਸਰਮਾ ਕੋਲ ਕਈ ਪਾਸਪੋਰਟ ਅਤੇ ਵਿਦੇਸ਼ੀ ਜਾਇਦਾਦ ਹੈ, ਜਿਸ ਦਾ ਐਲਾਨ ਮੁੱਖ ਮੰਤਰੀ ਦੇ ਚੋਣ ਹਲਫਨਾਮੇ ਵਿੱਚ ਨਹੀਂ ਕੀਤਾ ਗਿਆ ਸੀ। ਸਰਮਾ ਪਰਵਾਰ ਨੇ ਕਾਂਗਰਸ ਨੇਤਾ ਵਿਰੁੱਧ ਗੁਹਾਟੀ ਵਿੱਚ ਕੇਸ ਦਰਜ ਕਰਵਾਇਆ ਸੀ।
ਮ੍ਰਿਤਕ ਮਜ਼ਦੂਰਾਂ ਦੀ ਗਿਣਤੀ 19
ਸ਼ਕਤੀ : ਛੱਤੀਸਗੜ੍ਹ ਦੇ ਸਕਤੀ ਜ਼ਿਲ੍ਹੇ ਵਿੱਚ ਵੇਦਾਂਤਾ ਪਾਵਰ ਪਲਾਂਟ ਵਿੱਚ ਹੋਏ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ 19 ਹੋ ਗਈ। ਚਾਰ ਮੌਕੇ ‘ਤੇ ਮਾਰੇ ਗਏ ਸਨ, ਜਦਕਿ 13 ਨੇ ਰਾਇਗੜ੍ਹ ਦੇ ਵੱਖ-ਵੱਖ ਹਸਪਤਾਲਾਂ ਤੇ 2 ਨੇ ਰਾਇਪੁਰ ਦੇ ਹਸਪਤਾਲ ਵਿੱਚ ਦਮ ਤੋੜਿਆ। ਧਮਾਕਾ ਮੰਗਲਵਾਰ ਦੁਪਹਿਰ ਨੂੰ ਸਿੰਘੀਤਰਾਈ ਪਿੰਡ ਵਿੱਚ ਸਥਿਤ ਵੇਦਾਂਤਾ ਲਿਮਟਿਡ ਪਾਵਰ ਪਲਾਂਟ ਵਿੱਚ ਬਾਇਲਰ ਤੋਂ ਟਰਬਾਈਨ ਤੱਕ ਉੱਚ-ਦਬਾਅ ਵਾਲੀ ਭਾਫ ਲੈ ਕੇ ਜਾਣ ਵਾਲੀ ਸਟੀਲ ਦੀ ਪਾਈਪ ਵਿੱਚ ਹੋਇਆ ਸੀ।
ਸਮਰਾਟ ਦੇ ਨਾਲ ਜੇ ਡੀ ਯੂ ਦੇ ਦੋ ਉਪ ਮੁੱਖ ਮੰਤਰੀ
ਪਟਨਾ : ਸਮਰਾਟ ਚੌਧਰੀ ਨੇ ਬੁੱਧਵਾਰ ਬਿਹਾਰ ਵਿੱਚ ਭਾਜਪਾ ਦੇ ਪਹਿਲੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜ ਭਵਨ ਵਿੱਚ ਰਾਜਪਾਲ ਲੈਫਟੀਨੈਂਟ ਜਨਰਲ ਸਈਅਦ ਅਤਾ ਹਸਨੈਨ (ਸੇਵਾਮੁਕਤ) ਨੇ ਚੌਧਰੀ ਤੋਂ ਇਲਾਵਾ ਜਨਤਾ ਦਲ (ਯੂ) ਦੇ ਵਿਜੇ ਕੁਮਾਰ ਚੌਧਰੀ ਤੇ ਬਿਜੇਂਦਰ ਪ੍ਰਸਾਦ ਯਾਦਵ ਨੂੰ ਮੰਤਰੀਆਂ ਵਜੋਂ ਸਹੁੰ ਚੁਕਾਈ, ਜਿਹੜੇ ਉਪ ਮੁੱਖ ਮੰਤਰੀ ਵਜੋਂ ਕੰਮ ਕਰਨਗੇ।
ਸਕਾਰਪੀਓ ‘ਚ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ
ਮੋਗਾ, (ਇਕਬਾਲ ਸਿੰਘ ਖਹਿਰਾ) ਧਰਮਕੋਟ-ਜਲੰਧਰ ਰੋਡ ‘ਤੇ ਪੈਂਦੇ ਪੰਡੋਰੀ ਰੋਡ ਸਾਹਮਣੇ ਇੱਕ ਸਕਾਰਪੀਓ ‘ਚ ਸਵਾਰ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਉਰਫ਼ ਗੈਰੀ ਪੁੱਤਰ ਕੁਲਵੰਤ ਸਿੰਘ ਵਾਸੀ ਧਰਮਕੋਟ ਵਜੋਂ ਹੋਈ। ਗੁਰਪ੍ਰੀਤ ਸਿੰਘ ਧਰਮਕੋਟ ਵਿੱਚ “ਗੈਰੀ ਕੁਲੈਕਸ਼ਨ” ਨਾਂਅ ਨਾਲ ਰੈਡੀਮੇਡ ਕੱਪੜਿਆਂ ਦੀ ਦੁਕਾਨ ਚਲਾਉਂਦਾ ਸੀ। ਮ੍ਰਿਤਕ ਘਰੋਂ ਇਹ ਕਹਿ ਕੇ ਨਿਕਲਿਆ ਸੀ ਕਿ ਉਹ ਆਪਣੀ ਗੱਡੀ ਧੁਲਵਾਉਣ ਜਾ ਰਿਹਾ ਹੈ। ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਜਦੋਂ ਉਸ ਨਾਲ ਸੰਪਰਕ ਨਹੀਂ ਹੋ ਸਕਿਆ ਤਾਂ ਪਰਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ। ਇਸ ਦੌਰਾਨ ਦੁਕਾਨ ਦੇ ਇੱਕ ਕਰਮਚਾਰੀ ਨੇ ਮੌਕੇ ‘ਤੇ ਪਹੁੰਚ ਕੇ ਦੇਖਿਆ ਕਿ ਗੁਰਪ੍ਰੀਤ ਸਿੰਘ ਗੱਡੀ ਵਿੱਚ ਖੂਨ ਨਾਲ ਲਥਪਥ ਹਾਲਤ ਵਿੱਚ ਪਿਆ ਹੋਇਆ ਸੀ। ਪਰਵਾਰਕ ਮੈਂਬਰ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਉਸੇ ਗੱਡੀ ਵਿੱਚ ਗੈਰੀ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੋਤੀ ‘ਤੇ ਜ਼ੁਲਮ ਢਾਹੁਣ ਦੇ ਦੋਸ਼ ‘ਚ ਮਹਿਲਾ ਏ ਐੱਸ ਆਈ ਮੁਅੱਤਲ
ਫਰੀਦਕੋਟ : ਇੱਥੋਂ ਦੀ ਡੋਗਰ ਬਸਤੀ ਵਿੱਚ ਆਪਣੀ 5 ਸਾਲਾ ਪੋਤੀ ਨੂੰ ਕੜਕਦੀ ਧੁੱਪ ਵਿੱਚ ਘਰ ਦੇ ਗੇਟ ਨਾਲ ਬੰਨ੍ਹ ਕੇ ਰੱਖਣ ਦੇ ਦੋਸ਼ ਵਿੱਚ ਏ ਐੱਸ ਆਈ ਸਰਬਜੀਤ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਇਲਾਕੇ ਵਿੱਚ ਭਾਰੀ ਰੋਸ ਹੈ। ਸਰਬਜੀਤ ਕੌਰ ਥਾਣਾ ਸਦਰ ਵਿਖੇ ‘ਵਿਮੈਨ ਹੈਲਪ ਡੈਸਕ’ ਵਜੋਂ ਤਾਇਨਾਤ ਸੀ। ਬੱਚੀ ਦੇ ਮਾਪੇ ਰੋਜ਼ੀ-ਰੋਟੀ ਲਈ ਪੁਰਤਗਾਲ ਰਹਿੰਦੇ ਹਨ ਅਤੇ ਬੱਚੀ ਦਾਦੀ ਕੋਲ ਰਹਿ ਰਹੀ ਸੀ। ਦਾਦੀ ਨੇ ਕਥਿਤ ਤੌਰ ‘ਤੇ ਮਾਸੂਮ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਕਈ ਘੰਟਿਆਂ ਤੱਕ ਬਾਹਰ ਧੁੱਪ ਵਿੱਚ ਛੱਡ ਦਿੱਤਾ। ਇਹ ਬੇਰਹਿਮੀ ਉਸ ਵੇਲੇ ਸਾਹਮਣੇ ਆਈ, ਜਦੋਂ ਗੁਆਂਢੀਆਂ ਨੇ ਬੱਚੀ ਦੇ ਰੋਣ ਦੀ ਆਵਾਜ਼ ਸੁਣੀ। ਜਦੋਂ ਲੋਕਾਂ ਨੇ ਬੱਚੀ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਅਤੇ ਦਰਵਾਜ਼ਾ ਖੜਕਾਇਆ ਤਾਂ ਮਹਿਲਾ ਅਧਿਕਾਰੀ ਨੇ ਪਹਿਲਾਂ ਦਰਵਾਜ਼ਾ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ। ਡੀ ਐੱਸ ਪੀ ਤਰਲੋਚਨ ਸਿੰਘ ਨੇ ਕਿਹਾ, “ਬੱਚੀ ਨਾਲ ਅਜਿਹਾ ਵਿਵਹਾਰ ਨਾ-ਕਾਬਿਲੇ ਬਰਦਾਸ਼ਤ ਹੈ। ਮਾਮਲਾ ਬਾਲ ਭਲਾਈ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ।”
ਲੋਕ ਨਾਇਕ ਭਵਨ ਨੂੰ ਧਮਕੀ
ਨਵੀਂ ਦਿੱਲੀ : ਇੱਥੇ ਖਾਨ ਮਾਰਕੀਟ ਦੇ ਕੋਲ ਸਥਿਤ ਲੋਕ ਨਾਇਕ ਭਵਨ ਨੂੰ ਬੁੱਧਵਾਰ 12 ਵੱਜ ਕੇ 35 ਮਿੰਟ ‘ਤੇ ਈਮੇਲ ਰਾਹੀਂ ਬੰਬ ਸੰਬੰਧੀ ਧਮਕੀ ਮਿਲੀ, ਜਿਸ ਤੋਂ ਬਾਅਦ ਕੰਪਲੈਕਸ ਨੂੰ ਖਾਲੀ ਕਰਵਾਇਆ ਗਿਆ ਅਤੇ ਕਈ ਐਮਰਜੈਂਸੀ ਟੀਮਾਂ ਨੂੰ ਤਾਇਨਾਤ ਕੀਤਾ ਗਿਆ। ਤਲਾਸ਼ੀ ਵਿੱਚ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।




