ਵਾਸ਼ਿੰਗਟਨ : ਸਾਊਦੀ ਅਰਬ ਨੇ ਪਾਕਿਸਤਾਨ ਨੂੰ ਹੋਰ ਤਿੰਨ ਅਰਬ ਅਮਰੀਕੀ ਡਾਲਰ ਦੀ ਵਿੱਤੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ ਅਤੇ ਇਸ ਦੇ ਨਾਲ ਹੀ ਮੌਜੂਦਾ ਪੰਜ ਅਰਬ ਡਾਲਰ ਦੀ ਸਹੂਲਤ ਨੂੰ ਵੀ ਤਿੰਨ ਸਾਲਾਂ ਲਈ ਵਧਾ ਦਿੱਤਾ ਹੈ।
ਇਹ ਸਹਾਇਤਾ ਅਜਿਹੇ ਨਾਜ਼ੁਕ ਮੋੜ ‘ਤੇ ਆਈ ਹੈ, ਜਦੋਂ ਇਸਲਾਮਾਬਾਦ ਇਸ ਮਹੀਨੇ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਨੂੰ 3.5 ਅਰਬ ਡਾਲਰ ਵਾਪਸ ਕਰਨ ਦੀ ਤਿਆਰੀ ਕਰ ਰਿਹਾ ਹੈ ਅਤੇ ਆਪਣੇ ਵਿਦੇਸ਼ੀ ਮੁਦਰਾ ਭੰਡਾਰ ‘ਤੇ ਦਬਾਅ ਦਾ ਸਾਹਮਣਾ ਕਰ ਰਿਹਾ ਹੈ। ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਵਾਸ਼ਿੰਗਟਨ ਵਿੱਚ ਵਿਸ਼ਵ ਬੈਂਕ-ਆਈ ਐੱਮ ਐੱਫ ਸਪਰਿੰਗ ਮੀਟਿੰਗਾਂ-2026 ਦੇ ਮੌਕੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੌਜੂਦਾ ਪੰਜ ਅਰਬ ਡਾਲਰ ਦੀ ਸਾਊਦੀ ਰਕਮ ਹੁਣ ਪਿਛਲੇ ਸਾਲਾਨਾ ਰੋਲਓਵਰ ਪ੍ਰਬੰਧ ਦੇ ਅਧੀਨ ਨਹੀਂ ਹੋਵੇਗੀ ਅਤੇ ਇਸ ਦੀ ਬਜਾਏ ਲੰਬੇ ਸਮੇਂ ਲਈ ਵਧਾ ਦਿੱਤੀ ਜਾਵੇਗੀ। ਇਹ ਐਲਾਨ ਅਜਿਹੇ ਸਮੇਂ ਹੋਇਆ ਹੈ ਜਦੋਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ 15 ਅਪਰੈਲ ਤੋਂ ਸਾਊਦੀ ਅਰਬ, ਕਤਰ ਅਤੇ ਤੁਰਕੀ ਦੇ ਦੌਰੇ ‘ਤੇ ਜਾਣਾ ਸੀ।



