ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ਼ਾਰਾ ਕੀਤਾ ਹੈ ਕਿ ਈਰਾਨ ਨਾਲ ਜੰਗ ਮੁੱਕਣ ਵਾਲੀ ਹੀ ਹੈ। ਗੱਲਬਾਤ ਇੱਕ-ਦੋ ਦਿਨਾਂ ਵਿੱਚ ਹੋਣ ਜਾ ਰਹੀ ਹੈ ਤੇ ਜੰਗਬੰਦੀ ਹੋਰ ਵਧਾਉਣ ਦੀ ਲੋੜ ਨਹੀਂ ਪੈਣੀ। ਮੀਡੀਆ ਨਾਲ ਗੱਲਬਾਤ ਵਿੱਚ ਉਨ੍ਹਾ ਕਿਹਾ ਕਿ ਅਗਲੇ ਦੋ ਦਿਨ ਹੈਰਾਨਕੁੰਨ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਪਰਦੇ ਪਿੱਛੇ ਚੱਲ ਰਹੀਆਂ ਕੋਸ਼ਿਸ਼ਾਂ ਵਿੱਚ ਮਤਭੇਦ ਘਟਾ ਲਏ ਗਏ ਹਨ ਤੇ ਸਮਝੌਤੇ ਦੀ ਆਸ ਬੱਝ ਗਈ ਹੈ। ਈਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਵਿਚਾਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੂਜੇ ਦੌਰ ਦੀ ਗੱਲਬਾਤ ਦੇ ਸੰਕੇਤ ਦਿੱਤੇ ਹਨ। ਹਾਲਾਂਕਿ ਨਾਕਾਬੰਦੀ ਕਰਕੇ ਤਣਾਅ ਵਧਣ ਨਾਲ ਈਰਾਨ ਨੇ ਖੇਤਰ ਵਿੱਚ ਹਮਲੇ ਕਰਨ ਦੀ ਧਮਕੀ ਦਿੱਤੀ ਹੈ। ਉੱਥੇ ਹੀ ਅਮਰੀਕੀ ਉਪ-ਰਾਸ਼ਟਰਪਤੀ ਜੇ ਡੀ ਵੈਂਸ ਨੇ ਇਸਲਾਮਾਬਾਦ ਵਿੱਚ ਅਮਰੀਕਾ ਅਤੇ ਈਰਾਨ ਵਿਚਾਲੇ ਹੋਈ ਪਹਿਲੇ ਦੌਰ ਦੀ ਗੱਲਬਾਤ ਵਿੱਚ ਕੋਈ ਨਤੀਜਾ ਨਾ ਨਿਕਲਣ ਦਾ ਵੱਡਾ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਡੂੰਘੀ ਬੇਭਰੋਸਗੀ ਨੂੰ ਦੱਸਿਆ ਹੈ।
ਅਮਰੀਕਾ ਦੀ ਸੈਂਟਰਲ ਕਮਾਂਡ (ਸੈਂਟਕਾਮ) ਨੇ ਬੁੱਧਵਾਰ ਐਲਾਨ ਕੀਤਾ ਕਿ ਈਰਾਨ ਦੀਆਂ ਬੰਦਰਗਾਹਾਂ ਦੀ ਪੂਰੀ ਨਾਕਾਬੰਦੀ ਸਫਲਤਾਪੂਰਵਕ ਲਾਗੂ ਕਰ ਦਿੱਤੀ ਗਈ ਹੈ, ਜਿਸ ਵਿੱਚ ਅਮਰੀਕੀ ਫੌਜਾਂ ਨੇ ਖੇਤਰੀ ਜਲ ਮਾਰਗਾਂ, ਖਾਸ ਕਰਕੇ ਹਾਰਮੁਜ਼ ਜਲਮਾਰਗ ਵਿੱਚ ਆਪਣਾ ਸਮੁੰਦਰੀ ਦਬਦਬਾ ਕਾਇਮ ਕਰ ਲਿਆ ਹੈ।
ਸੈਂਟਕਾਮ ਦੇ ਕਮਾਂਡਰ ਐਡਮਿਰਲ ਬਰੈਡ ਕੂਪਰ ਨੇ ਕਿਹਾ ਕਿ ਨਾਕਾਬੰਦੀ ਸ਼ੁਰੂ ਕਰਨ ਦੇ ਕੇਵਲ 36 ਘੰਟਿਆਂ ਦੇ ਅੰਦਰ ਅਮਰੀਕੀ ਫੌਜਾਂ ਨੇ ਈਰਾਨ ਦੇ ਅੰਦਰ ਅਤੇ ਬਾਹਰ ਹੋਣ ਵਾਲੇ ਸਾਰੇ ਸਮੁੰਦਰੀ ਵਪਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕ ਦਿੱਤਾ ਹੈ। ਇੱਕ ਅੰਦਾਜ਼ੇ ਅਨੁਸਾਰ ਈਰਾਨ ਦੀ 90 ਫੀਸਦੀ ਆਰਥਿਕਤਾ ਸਮੁੰਦਰ ਰਾਹੀਂ ਹੋਣ ਵਾਲੇ ਕੌਮਾਂਤਰੀ ਵਪਾਰ ‘ਤੇ ਨਿਰਭਰ ਹੈ। ਨਾਕਾਬੰਦੀ ਲਾਗੂ ਹੋਣ ਤੋਂ ਬਾਅਦ 36 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਅਮਰੀਕੀ ਫੌਜ ਨੇ ਸਮੁੰਦਰ ਦੇ ਰਸਤੇ ਈਰਾਨ ਆਉਣ-ਜਾਣ ਵਾਲੇ ਸਾਰੇ ਆਰਥਿਕ ਵਪਾਰ ਨੂੰ ਮੁਕੰਮਲ ਤੌਰ ‘ਤੇ ਠੱਪ ਕਰ ਦਿੱਤਾ ਹੈ।
ਇਸੇ ਦੌਰਾਨ ਇੰਗਲੈਂਡ ਦੇ ਫਾਇਨੈਂਸ਼ੀਅਲ ਟਾਈਮਜ਼ ਦੀ ਬੁੱਧਵਾਰ ਦੀ ਰਿਪੋਰਟ ਮੁਤਾਬਕ ਈਰਾਨ ਨੇ ਗੁਪਤ ਤਰੀਕੇ ਨਾਲ ਇੱਕ ਚੀਨੀ ਜਾਸੂਸੀ ਸੈਟੇਲਾਈਟ ਦੀ ਵਰਤੋਂ ਕੀਤੀ ਹੈ। ਇਸ ਸੈਟੇਲਾਈਟ ਰਾਹੀਂ ਈਰਾਨ ਨੂੰ ਹਾਲੀਆ ਜੰਗ ਦੌਰਾਨ ਪੂਰੇ ਮੱਧ ਪੂਰਬ ਵਿੱਚ ਬਣੇ ਅਮਰੀਕੀ ਫੌਜੀ ਅੱਡਿਆਂ ਨੂੰ ਨਿਸ਼ਾਨਾ ਬਣਾਉਣ ਵਿੱਚ ਵੱਡੀ ਮਦਦ ਮਿਲੀ ਅਤੇ ਉਸ ਦੀ ਤਾਕਤ ਵਿੱਚ ਵਾਧਾ ਹੋਇਆ।



