ਮੁੰਬਈ (ਨਵਾਂ ਜ਼ਮਾਨਾ ਸਰਵਿਸ)
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀਆਂ ਯੌਨ ਅਪਰਾਧੀ ਜੈਫਰੀ ਐਪਸਟੀਨ ਨਾਲ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਸ਼ਿਵ ਸੈਨਾ (ਯੂ ਬੀ ਟੀ) ਦੇ ਨੇਤਾ ਸੰਜੇ ਰਾਉਤ ਨੇ ਬੁੱਧਵਾਰ ਪੁਰੀ ਨੂੰ ਪੱੁਛਿਆ ਕਿ ਉਹ ਕਿਸ ਦਾ ਸੰਦੇਸ਼ ਲੈ ਕੇ ਐਪਸਟੀਨ ਨੂੰ ਮਿਲੇ ਸਨ ਅਤੇ ਕੀ ਇਹ ਪ੍ਰਧਾਨ ਮੰਤਰੀ ਮੋਦੀ ਦਾ ਸੀ |
ਐੱਕਸ ‘ਤੇ ਇੱਕ ਪੋਸਟ ਵਿੱਚ ਰਾਊਤ ਨੇ ਕਿਹਾ, ”ਮੋਦੀ ਜੀ, ਇੱਕ ਮੰਤਰੀ ਹਰਦੀਪ ਪੁਰੀ ਇਕੱਲੇ ਜੈਫਰੀ ਐਪਸਟੀਨ ਨੂੰ ਮਿਲ ਰਹੇ ਹਨ? ਉਹ ਮੀਟਿੰਗ ਵਿੱਚ ਕਿਸ ਦਾ ਸੁਨੇਹਾ ਲੈ ਕੇ ਗਏ? ਇਹ ਸ਼ੁਰੂਆਤ ਹੈ, ਅੱਗੇ ਦੇਖੋ ਕੀ ਹੋਣ ਵਾਲਾ ਹੈ? ਸ਼ਾਸਨ ਤਬਦੀਲੀ ਹੋਵੇਗੀ! ਜੈ ਹਿੰਦ!”
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਰਾਊਤ ਨੇ ਐਪਸਟੀਨ ਫਾਈਲਾਂ ਦੇ ਜਾਰੀ ਹੋਣ ਦਾ ਹਵਾਲਾ ਦਿੱਤਾ ਅਤੇ ਐਪਸਟੀਨ ਨਾਲ ਗੱਲਬਾਤ ਬਾਰੇ ਪੁਰੀ ਦੇ ਪਹਿਲਾਂ ਦੇ ਬਿਆਨਾਂ ‘ਤੇ ਸਵਾਲ ਉਠਾਉਂਦਿਆਂ ਦੋਸ਼ ਲਗਾਇਆ ਕਿ ਤਸਵੀਰਾਂ ਦੋਵਾਂ ਨੂੰ ਇਕੱਠੇ ਦਿਖਾਉਂਦੀਆਂ ਹਨ | ਉਨ੍ਹਾ ਕਿਹਾ, ”ਅਸੀਂ ਇਸ ਬਾਰੇ ਸਿਰਫ ਟਵੀਟ ਹੀ ਨਹੀਂ ਕੀਤਾ ਹੈ; ਇਹ ਮਾਮਲਾ ਪੂਰੇ ਦੇਸ਼ ਵਿੱਚ ਚਰਚਾ ਵਿੱਚ ਹੈ | ਐਪਸਟੀਨ ਫਾਈਲਾਂ ਹੁਣ ਜਨਤਕ ਕਰ ਦਿੱਤੀਆਂ ਗਈਆਂ ਹਨ | ਕੇਂਦਰੀ ਮੰਤਰੀ ਹਰਦੀਪ ਪੁਰੀ, ਜੋ ਕਿ ਮੋਦੀ ਕੈਬਨਿਟ ਦੇ ਮੈਂਬਰ ਹਨ, ਨੇ ਦਾਅਵਾ ਕੀਤਾ ਸੀ ਕਿ ਉਹ ਕਦੇ ਵੀ ਐਪਸਟੀਨ ਨੂੰ ਨਹੀਂ ਮਿਲੇ-ਯਕੀਨਨ ਕਦੇ ਵੀ ਨਿੱਜੀ ਤੌਰ ‘ਤੇ ਨਹੀਂ | ਹਾਲਾਂਕਿ ਅਮਰੀਕੀ ਨਿਆਂ ਵਿਭਾਗ ਨੇ ਸੱਚਾਈ ਦਾ ਪਰਦਾਫਾਸ਼ ਕੀਤਾ ਹੈ | ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਉਹ ਐਪਸਟੀਨ ਨਾਲ ਪਾਰਟੀ ਕਰਦੇ ਹੋਏ ਦਿਖਾਈ ਦੇ ਰਹੇ ਹਨ; ਤਸਵੀਰਾਂ ਵਿੱਚ ਉਨ੍ਹਾ ਦੇ ਸਾਹਮਣੇ ਐਨਕਾਂ ਅਤੇ ਹੋਰ ਚੀਜ਼ਾਂ ਵੀ ਦਿਖਾਈ ਦਿੰਦੀਆਂ ਹਨ | ਇਸ ਦਾ ਅਸਲ ਵਿੱਚ ਕੀ ਅਰਥ ਹੈ? ਉਹ ਐਪਸਟੀਨ ਨਾਲ ਕਿਉਂ ਮਿਲੇ? ਉਹ ਕਿਸ ਦਾ ਸੁਨੇਹਾ ਲੈ ਕੇ ਗਏ ਸੀ? ਕੀ ਇਹ ਮੋਦੀ ਜੀ ਦਾ ਸੁਨੇਹਾ ਸੀ? ਤੁਸੀਂ ਮੈਨੂੰ ਦੱਸੋ ਅਤੇ ਅਜਿਹਾ ਵਿਅਕਤੀ ਮੋਦੀ ਜੀ ਦੀ ਸਰਕਾਰ ਵਿੱਚ ਮੰਤਰੀ ਹੈ | ਇਹ ਤਾਂ ਸਿਰਫ ਸ਼ੁਰੂਆਤ ਹੈ; ਅਜੇ ਬਹੁਤ ਕੁਝ ਸਾਹਮਣੇ ਆਉਣਾ ਬਾਕੀ ਹੈ | ਬਸ ਜੁੜੇ ਰਹੋ |”
ਕਾਂਗਰਸ ਨੇਤਾ ਸ਼੍ਰੀਨਿਵਾਸ ਬੀ ਵੀ ਨੇ ਵੀ ਇਸ ਮਾਮਲੇ ‘ਤੇ ਸਵਾਲ ਉਠਾਏ ਹਨ ਅਤੇ ਇਸ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਹਾਲੀਆ ਮੁੰਬਈ ਫੇਰੀ ਅਤੇ ਭਾਰਤ-ਅਮਰੀਕਾ ਵਪਾਰ ਸਮਝੌਤੇ ਬਾਰੇ ਹੋਈ ਚਰਚਾ ਨਾਲ ਜੋੜਿਆ | ਉਨ੍ਹਾ ਕਿਹਾ, ”ਕੱਲ੍ਹ, ਅਮਰੀਕੀ ਵਿਦੇਸ਼ ਮੰਤਰੀ ਮੁੰਬਈ ਪਹੁੰਚੇ ਅਤੇ ਉਸੇ ਸਮੇਂ ਅਮਰੀਕੀ ਨਿਆਂ ਵਿਭਾਗ ਦੀਆਂ ਫਾਈਲਾਂ ਵਿੱਚੋਂ ਹਰਦੀਪ ‘ਐਪਸਟੀਨ’ ਪੁਰੀ ਦੀਆਂ ਤਸਵੀਰਾਂ ਸਾਹਮਣੇ ਆਈਆਂ, ਕੀ ਅਮਰੀਕੀ ਵਪਾਰ ਸੌਦੇ ਦੀਆਂ ਤਕਨੀਕੀ ਗੱਲਾਂ ਨੂੰ ਸੁਲਝਾਉਣ ਲਈ ਕੋਈ ਵੀਡੀਓ ਵੀ ਸਾਹਮਣੇ ਆ ਸਕਦੀ ਹੈ…?”
ਕਾਕਰੋਚ ਜਨਤਾ ਪਾਰਟੀ ਦੇ ਬਾਨੀ ਅਭਿਜੀਤ ਦੀਪਕੇ ਨੇ ਵੀ ਐਪਸਟੀਨ ਨਾਲ ਗੱਲਬਾਤ ਬਾਰੇ ਪੁਰੀ ਦੀਆਂ ਪਹਿਲਾਂ ਦੀਆਂ ਟਿੱਪਣੀਆਂ ‘ਤੇ ਸਵਾਲ ਉਠਾਏ | ਪੁਰੀ ਤੇ ਐਪਸਟੀਨ ਦੀ ਫੋਟੋ ਸਾਂਝੀ ਕਰਦੇ ਹੋਏ ਦੀਪਕੇ ਨੇ ਪੁੱਛਿਆ, ”ਕੀ ਪੁਰੀ ਨੇ ਦਾਅਵਾ ਨਹੀਂ ਕੀਤਾ ਸੀ ਕਿ ਉਨ੍ਹਾ ਦੀ ਕਦੇ ਵੀ ਐਪਸਟੀਨ ਨਾਲ ਨਿੱਜੀ ਮੁਲਾਕਾਤ ਨਹੀਂ ਹੋਈ?” ਕਾਂਗਰਸ ਦੀ ਤਰਜਮਾਨ ਸੁਪ੍ਰੀਆ ਸ੍ਰੀਨੇਤ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਹੈ : ”ਜਦੋਂ ਪੁਰੀ ਨੇ ਕਿਹਾ ਕਿ ਉਹ ਕਦੇ ਵੀ ਐਪਸਟੀਨ ਨੂੰ ਇਕੱਲੇ ਨਹੀਂ ਮਿਲੇ, ਤਾਂ ਇਨ੍ਹਾਂ ਫੋਟੋਆਂ ਦਾ ਕੀ ਅਰਥ ਹੈ?” ਟੀ ਐੱਮ ਸੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਕਿਹਾ, ”ਪੁਰੀ ਕਹਿੰਦੇ ਸਨ ਕਿ ਉਹ ਵਫਦ ਨਾਲ ਤਿੰਨ-ਚਾਰ ਵਾਰ ਐਪਸਟੀਨ ਨੂੰ ਮਿਲੇ ਸਨ, ਦੋਵਾਂ ਤਸਵੀਰਾਂ ਵਿੱਚ ਬਾਕੀ ਮੈਂਬਰ ਕਿੱਥੇ ਸਨ |”
ਇਸ ਸਾਲ ਫਰਵਰੀ ਵਿੱਚ ਹਰਦੀਪ ਸਿੰਘ ਪੁਰੀ ਨੇ ਲੋਕ ਸਭਾ ਵਿੱਚ ਐਪਸਟੀਨ ਫਾਈਲਾਂ ਸੰਬੰਧੀ ਰਾਹੁਲ ਗਾਂਧੀ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ | ਪੁਰੀ ਨੇ ਕਿਹਾ ਸੀ ਕਿ ਉਹ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਰਾਜਦੂਤ ਵਜੋਂ ਆਪਣਾ ਅਹੁਦਾ ਛੱਡਣ ਤੋਂ ਬਾਅਦ ਅਤੇ 2017 ਵਿੱਚ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਐਪਸਟੀਨ ਨੂੰ ਮਿਲੇ ਸਨ | ਉਨ੍ਹਾ ਨੇ ਇਨ੍ਹਾਂ ਮੁਲਾਕਾਤਾਂ ਨੂੰ ਪੂਰੀ ਤਰ੍ਹਾਂ ਪੇਸ਼ੇਵਰ ਦੱਸਿਆ ਅਤੇ ਐਪਸਟੀਨ ਵਿਰੁੱਧ ਅਪਰਾਧਕ ਦੋਸ਼ਾਂ ਨਾਲ ਕੋਈ ਸੰਬੰਧ ਨਹੀਂ ਦੱਸਿਆ | ਪੁਰੀ ਨੇ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਐਪਸਟੀਨ ਫਾਈਲਾਂ’ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਇਸ ਬਾਰੇ ਦਾਅਵੇ ਬੇਬੁਨਿਆਦ ਹਨ |
ਪੁਰੀ ਨੇ ਫਰਵਰੀ ਵਿੱਚ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਇੰਟਰਨੈਸ਼ਨਲ ਪੀਸ ਇੰਸਟੀਚਿਊਸ਼ਨ (ਆਈ ਪੀ ਆਈ) ਦੇ ਇੱਕ ਵਫਦ ਨਾਲ ਐਪਸਟੀਨ ਨੂੰ ਮਿਲੇ ਸੀ | ਉਹ ਜਨਤਕ ਜੀਵਨ ਵਿੱਚ ਕਈ ਤਰ੍ਹਾਂ ਦੇ ਲੋਕਾਂ ਨਾਲ ਗੱਲਬਾਤ ਕਰਦੇ ਹਨ, ਜਿਨ੍ਹਾਂ ਵਿੱਚੋਂ ਕੁਝ ਦੇ ਅਪਰਾਧਕ ਰਿਕਾਰਡ ਹੋ ਸਕਦੇ ਹਨ | ਪੁਰੀ ਮੁਤਾਬਕ ਆਈ ਪੀ ਆਈ ਵਿੱਚ ਉਸ ਦਾ ਬੌਸ, ਤੇਰਜ ਰੋਡ-ਲਾਰਸਨ, ਐਪਸਟੀਨ ਨੂੰ ਜਾਣਦਾ ਸੀ | ਉਨ੍ਹਾ ਕਿਹਾ ਸੀ, ”ਜਦੋਂ ਅਸੀਂ ਪਹਿਲੀ ਵਾਰ ਮਿਲੇ ਸੀ, ਮੈਨੂੰ ਨਹੀਂ ਪਤਾ ਸੀ ਕਿ ਐਪਸਟੀਨ ਕੌਣ ਸੀ |”
ਪੁਰੀ ਅਤੇ ਜੈਫਰੀ ਐਪਸਟੀਨ ਵਿਚਕਾਰ ਸੰਪਰਕ ਦਾ ਮਾਮਲਾ ਪਹਿਲੀ ਵਾਰ ਨਵੰਬਰ 2025 ਵਿੱਚ ਲੋਕਾਂ ਦੇ ਧਿਆਨ ਵਿੱਚ ਆਇਆ ਸੀ | ਉਸ ਸਮੇਂ, ਪ੍ਰਤੀਨਿਧੀ ਸਭਾ ਦੀ ਨਿਗਰਾਨੀ ਕਮੇਟੀ ਵੱਲੋਂ ਜਾਰੀ ਕੀਤੀ ਗਈ ਇੱਕ ਈਮੇਲ ਵਿੱਚ ਐਪਸਟੀਨ ਅਤੇ ਪੁਰੀ ਵਿਚਕਾਰ ਹੋਈ ਗੱਲਬਾਤ ਦਾ ਜ਼ਿਕਰ ਕੀਤਾ ਗਿਆ ਸੀ | ਇਸ ਤੋਂ ਬਾਅਦ ਅਮਰੀਕੀ ਨਿਆਂ ਵਿਭਾਗ ਨੇ 30 ਜਨਵਰੀ ਨੂੰ ਐਪਸਟੀਨ ਨਾਲ ਸੰਬੰਧਤ ਲੱਖਾਂ ਪੰਨਿਆਂ ਦੇ ਦਸਤਾਵੇਜ਼ ਜਾਰੀ ਕੀਤੇ | ਇਨ੍ਹਾਂ ਵਿੱਚ ਜੂਨ 2014 ਤੋਂ ਜੂਨ 2017 ਤੱਕ ਦੀਆਂ ਈਮੇਲਾਂ ਸ਼ਾਮਲ ਹਨ | ਈਮੇਲਾਂ ਮੁਤਾਬਕ ਪੁਰੀ 4 ਫਰਵਰੀ, 2015, 6 ਜਨਵਰੀ, 2016 ਅਤੇ 19 ਮਈ, 2017 ਨੂੰ ਨਿਊਯਾਰਕ ਵਿੱਚ ਐਪਸਟੀਨ ਦੇ ਘਰ ਗਏ ਸਨ |
ਐਪਸਟੀਨ ਨੂੰ 2008 ਵਿੱਚ ਯੌਨ ਅਪਰਾਧਾਂ ਦਾ ਦੋਸ਼ੀ ਠਹਿਰਾਇਆ ਗਿਆ ਸੀ | ਇਸ ਦਾ ਮਤਲਬ ਹੈ ਕਿ ਪੁਰੀ ਵੱਲੋਂ ਦੱਸੀਆਂ ਗਈਆਂ ਮੁਲਾਕਾਤਾਂ ਉਸ ਸਮੇਂ ਹੋਈਆਂ, ਜਦੋਂ ਐਪਸਟੀਨ ਦਾ ਪਹਿਲਾਂ ਹੀ ਅਪਰਾਧਕ ਰਿਕਾਰਡ ਸੀ | ਇੱਕ ਈਮੇਲ ਵਿੱਚ ਪੁਰੀ ਨੇ ਐਪਸਟੀਨ ਦੇ ‘ਐਗਜ਼ੌਟਿਕ ਆਈਲੈਂਡ’ ਦਾ ਜ਼ਿਕਰ ਕੀਤਾ ਅਤੇ ਉਸ ਨੂੰ ‘ਮਜ਼ੇ ਲਓ’ ਕਿਹਾ | ਪੁਰੀ ਨੇ ਬਾਅਦ ਵਿੱਚ ਕਿਹਾ ਕਿ ‘ਮਜ਼ੇ ਲਓ’ ਉਨ੍ਹਾ ਦਾ ਬੋਲਣ ਦਾ ਆਮ ਤਰੀਕਾ ਸੀ | ਜੈਫਰੀ ਐਪਸਟੀਨ ਨਿਊਯਾਰਕ ਦਾ ਇੱਕ ਕਰੋੜਪਤੀ ਫਾਈਨੈਂਸਰ ਸੀ, ਜਿਸ ਦੀ ਪ੍ਰਮੁੱਖ ਸਿਆਸਤਦਾਨਾਂ ਅਤੇ ਮਸ਼ਹੂਰ ਹਸਤੀਆਂ ਨਾਲ ਦੋਸਤੀ ਸੀ | ਉਸ ‘ਤੇ 2005 ਵਿੱਚ ਇੱਕ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਸੀ | 2008 ਵਿੱਚ ਉਸ ਨੂੰ ਇੱਕ ਨਾਬਾਲਗ ਤੋਂ ਸੈਕਸ ਦੀ ਮੰਗ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ | ਉਸ ਨੂੰ 13 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ | 2019 ਵਿੱਚ, ਜੈਫਰੀ ਨੂੰ ਸੈਕਸ ਤਸਕਰੀ ਦੇ ਦੋਸ਼ਾਂ ਵਿੱਚ ਗਿ੍ਫਤਾਰ ਕੀਤਾ ਗਿਆ ਸੀ | ਪਰ ਉਸ ਨੇ ਆਪਣੇ ਮੁਕੱਦਮੇ ਤੋਂ ਪਹਿਲਾਂ ਹੀ ਜੇਲ੍ਹ ਵਿੱਚ ਖੁਦਕੁਸ਼ੀ ਕਰ ਲਈ | ਉਸ ਦੀ ਸਾਥੀ, ਘਿਸਲੇਨ ਮੈਕਸਵੈੱਲ ਨੂੰ 2021 ਵਿੱਚ ਉਸ ਦੀ ਮਦਦ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ | ਉਹ 20 ਸਾਲ ਦੀ ਸਜ਼ਾ ਕੱਟ ਰਹੀ ਹੈ |





