ਨਵੀਂ ਦਿੱਲੀ (ਨ ਜ਼ ਸ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵਧ ਰਹੇ ਤਾਪਮਾਨ ਨੂੰ ਦੇਖਦੇ ਹੋਏ ਵੱਧ ਤੋਂ ਵੱਧ ਸਾਵਧਾਨੀ ਵਰਤਣ। ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦੇਣਾ ਸਭ ਤੋਂ ਜ਼ਰੂਰੀ ਹੈ। ਕਿਸੇ ਨੂੰ ਵੀ ਗਰਮੀ ਕਾਰਨ ਹੋਣ ਵਾਲੀ ਥਕਾਵਟ ਦੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਬਹੁਤ ਜਲਦੀ ਖ਼ਤਰਨਾਕ ਰੂਪ ਧਾਰਨ ਕਰ ਸਕਦੀ ਹੈ ਅਤੇ ਲੂ ਲੱਗਣ ਦਾ ਕਾਰਨ ਬਣ ਸਕਦੀ ਹੈ। ਉਨ੍ਹਾ ਸਾਰਿਆਂ ਨੂੰ ਪਾਣੀ ਪੀਂਦੇ ਰਹਿਣ, ਜਦੋਂ ਵੀ ਬਾਹਰ ਨਿਕਲੋ ਤਾਂ ਪਾਣੀ ਨਾਲ ਲੈ ਕੇ ਜਾਣ ਅਤੇ ਦੂਜਿਆਂ ਨੂੰ ਵੀ ਪਾਣੀ ਪਿਲਾਉਣ ਦੀ ਅਪੀਲ ਕੀਤੀ। ਅਜਿਹੇ ਮੌਸਮ ਵਿੱਚ ਦਿਖਾਈ ਗਈ ਇਹ ਹਮਦਰਦੀ ਬਹੁਤ ਮਦਦਗਾਰ ਸਾਬਤ ਹੁੰਦੀ ਹੈ। ਮੋਦੀ ਨੇ ਕਿਹਾ ਕਿ ਗਰਮੀ ਕਾਰਨ ਚੱਕਰ ਆਉਣ, ਜੀਅ ਕੱਚਾ ਹੋਣ ਜਾਂ ਬਹੁਤ ਜ਼ਿਆਦਾ ਥਕਾਵਟ ਵਰਗੇ ਲੱਛਣਾਂ ‘ਤੇ ਨਜ਼ਰ ਰੱਖੋ। ਜੇਕਰ ਤੁਹਾਡੇ ਆਲੇ-ਦੁਆਲੇ ਕੋਈ ਬਿਮਾਰ ਜਾਂ ਕਮਜ਼ੋਰੀ ਮਹਿਸੂਸ ਕਰਦਾ ਹੈ ਜਾਂ ਉਸ ਦੇ ਸਿਰ ਵਿੱਚ ਦਰਦ ਹੁੰਦਾ ਹੈ, ਤਾਂ ਉਸ ਨੂੰ ਤੁਰੰਤ ਕਿਸੇ ਠੰਢੀ ਅਤੇ ਛਾਂਦਾਰ ਥਾਂ ‘ਤੇ ਲੈ ਕੇ ਜਾਓ। ਉਨ੍ਹਾ ਨਾਗਰਿਕਾਂ ਨੂੰ ਪ੍ਰਭਾਵਤ ਲੋਕਾਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਪਾਣੀ, ਓ ਆਰ ਐੱਸ ਆਦਿ ਦੇਣਾ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਉਨ੍ਹਾਂ ਨੂੰ ਰਾਹਤ ਮਿਲ ਸਕੇ। ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਦੋਂ ਵੀ ਸੰਭਵ ਹੋਵੇ, ਆਪਣੇ ਬਜ਼ੁਰਗ ਮਾਤਾ-ਪਿਤਾ, ਦਾਦਾ-ਦਾਦੀ ਅਤੇ ਪਿਆਰਿਆਂ ਨੂੰ ਫੋਨ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਣ। ਉਨ੍ਹਾਂ ਨੂੰ ਪਾਣੀ ਪੀਂਦੇ ਰਹਿਣ, ਦੁਪਹਿਰ ਦੇ ਸਮੇਂ ਬਾਹਰ ਨਿਕਲਣ ਤੋਂ ਬਚਣ ਅਤੇ ਵੱਧ ਤੋਂ ਵੱਧ ਆਰਾਮ ਕਰਨ ਦੀ ਸਲਾਹ ਦੇਣ। ਉਨ੍ਹਾ ਕਿਹਾ ਕਿ ਆਪਣੇ ਘਰਾਂ ਦੇ ਬਾਹਰ, ਬਾਲਕੋਨੀਆਂ, ਛੱਤਾਂ, ਦੁਕਾਨਾਂ ਜਾਂ ਦਫਤਰਾਂ ਦੇ ਬਾਹਰ ਪਾਣੀ ਦਾ ਇੱਕ ਛੋਟਾ ਜਿਹਾ ਕਟੋਰਾ ਜ਼ਰੂਰ ਰੱਖੋ, ਜੋ ਕਿਸੇ ਪਿਆਸੇ ਪੰਛੀ ਲਈ ਜੀਵਨ ਰੇਖਾ ਬਣ ਸਕਦਾ ਹੈ।




