ਆਪ ਆਗੂਆਂ ਦਾ ਤਿੱਖਾ ਹਮਲਾ : ਬਿੱਟੂ ਨੇ ਗੁੰਡਾਗਰਦੀ ਕੀਤੀ

0
14

ਚੰਡੀਗੜ੍ਹ (ਗੁਰਜੀਤ ਬਿੱਲਾ, ਸੁਰਜੀਤ ਸੁਮਨ, ਕ੍ਰਿਸ਼ਨ ਗਰਗ)-ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਸੰਗਰੂਰ ਅਤੇ ਧੂਰੀ ਵਿਖੇ ਕੀਤੀ ਗਈ ਕਥਿਤ ਧੱਕੇਸ਼ਾਹੀ ਦੀ ਨਿਖੇਧੀ ਕਰਦਿਆਂ ਉਸ ਨੂੰ ਗੁੰਡਾਗਰਦੀ ਕਰਾਰ ਦਿੱਤਾ ਹੈ। ਉਨ੍ਹਾ ਬੁੱਧਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਆਗੂ ਓਂਕਾਰ ਸਿੰਘ ਪ੍ਰਚਾਰ ਬੰਦ ਹੋਣ ਤੋਂ ਬਾਅਦ ਪ੍ਰਚਾਰ ਕਰ ਰਹੇ ਸੀ, ਜਿਸ ਨੂੰ ਪੁਲਸ ਨੇ ਕਾਬੂ ਕੀਤਾ, ਪਰ ਰਵਨੀਤ ਬਿੱਟੂ ਨੇ ਓਂਕਾਰ ਸਿੰਘ ਨੂੰ ਛੁਡਾਉਣ ਲਈ ਹੰਗਾਮਾ ਕੀਤਾ ਅਤੇ ਕਾਨੂੰਨ ਦੀ ਉਲੰਘਣਾ ਕੀਤੀ। ਉਨ੍ਹਾ ਕਿਹਾ ਕਿ ਬਿੱਟੂ ਨੇ ਪੁਲਸ ਅਤੇ ਮਹਿਲਾਵਾਂ ਦਾ ਅਪਮਾਨ ਕੀਤਾ। ਬਿੱਟੂ ‘ਤੇ ਕਾਰਵਾਈ ਦਾ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੈਣਗੇ।
ਅਮਨ ਅਰੋੜਾ ਨੇ ਕਿਹਾ ਕਿ ਇੱਕ ਪਾਸੇ ਬਿੱਟੂ ਨੂੰ ਪੰਜਾਬ ਪੁਲਸ ਚੰਗੀ ਨਹੀਂ ਲੱਗਦੀ ਅਤੇ ਦੂਜੇ ਪਾਸੇ ਕਾਂਗਰਸ ਸਰਕਾਰ ਸਮੇਂ ਆਪਣੇ ਹੀ ਭਰਾ ਨੂੰ ਨਿਯਮਾਂ ਦੇ ਉਲਟ ਜਾ ਕੇ ਡੀ ਐੱਸ ਪੀ ਦੀ ਨੌਕਰੀ ਦਿਵਾਉਂਦੇ ਰਹੇ ਹਨ। ਅਮਨ ਅਰੋੜਾ ਨੇ ਭਾਜਪਾ ‘ਤੇ ਹਮਲਾ ਕਰਦਿਆਂ ਕਿਹਾ ਕਿ ਭਾਜਪਾ ਦੇਸ਼ ਵਿੱਚ ਧਰਮ ਅਤੇ ਜਾਤਪਾਤ ਦੀ ਰਾਜਨੀਤੀ ਕਰਕੇ ਸੱਤਾ ਹਥਿਆਉਣ ਦੀ ਕੋਸ਼ਿਸ਼ ਕਰਦੀ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾ ਦੇਸ਼ ਵਿੱਚ ਚੱਲ ਰਹੀ ਐੱਸ ਆਈ ਆਰ ਬਾਰੇ ਕਿਹਾ ਕਿ ਇਸ ਨੂੰ ਸਹੀ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਪਾਰਟੀ ਵਰਕਰਾਂ ਨੂੰ ਐੱਸ ਆਈ ਆਰ ਦੌਰਾਨ ਸੁਚੇਤ ਰਹਿਣ ਦੀ ਲੋੜ ਹੈ, ਤਾਂ ਜੋ ਲੋਕਾਂ ਦੀਆਂ ਵੋਟਾਂ ਜਬਰੀ ਨਾ ਕੱਟੀਆਂ ਜਾ ਸਕਣ।
ਆਮ ਆਦਮੀ ਪਾਰਟੀ ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਬਿੱਟੂ ਵੱਲੋਂ ਧੂਰੀ ਨਗਰ ਨਿਗਮ ਚੋਣਾਂ ਦੌਰਾਨ ਕੀਤੇ ਗਏ ਵਿਹਾਰ ਨੂੰ ਬੇਹੱਦ ਸ਼ਰਮਨਾਕ, ਨਿੰਦਣਯੋਗ ਅਤੇ ਉਨ੍ਹਾਂ ਦੀ ਘਟੀਆ ਮਾਨਸਿਕਤਾ ਦਾ ਪ੍ਰਤੀਕ ਦੱਸਿਆ ਹੈ। ਪੰਨੂ ਨੇ ਕਿਹਾ ਕਿ ਕੇਂਦਰ ਸਰਕਾਰ ਵਿੱਚ ਇੱਕ ਜ਼ਿੰਮੇਵਾਰ ਮੰਤਰਾਲਾ ਸੰਭਾਲ ਰਹੇ ਵਿਅਕਤੀ ਵੱਲੋਂ ਆਨ-ਕੈਮਰਾ ਪੰਜਾਬ ਪੁਲਸ ਦੇ ਅਧਿਕਾਰੀਆਂ ਨੂੰ ਗਾਲ੍ਹਾਂ ਕੱਢਣਾ, ਇੱਕ ਮਹਿਲਾ ਐੱਸ ਐੱਸ ਪੀ ਦਾ ਅਪਮਾਨ ਕਰਨਾ ਅਤੇ ਕਾਨੂੰਨ ਦੀਆਂ ਧੱਜੀਆਂ ਉਡਾਉਣਾ ਇਹ ਸਾਬਤ ਕਰਦਾ ਹੈ ਕਿ ਭਾਜਪਾ ਦੇ ਆਗੂਆਂ ਦੇ ਸਿਰ ਸੱਤਾ ਦਾ ਹੰਕਾਰ ਚੜ੍ਹ ਕੇ ਬੋਲ ਰਿਹਾ ਹੈ।
ਬਿੱਟੂ ਨਾ ਤਾਂ ਧੂਰੀ ਦੇ ਵਸਨੀਕ ਹਨ ਅਤੇ ਨਾ ਹੀ ਉੱਥੋਂ ਦੇ ਵੋਟਰ ਹਨ। ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਬਾਹਰੀ ਵਿਅਕਤੀਆਂ ਦਾ ਇਲਾਕੇ ਵਿੱਚ ਰਹਿਣਾ ਗ਼ੈਰ-ਕਾਨੂੰਨੀ ਹੈ, ਪਰ ਬਿੱਟੂ ਨੇ ਨਾ ਸਿਰਫ਼ ਨਿਯਮਾਂ ਨੂੰ ਛਿੱਕੇ ਟੰਗਿਆ, ਬਲਕਿ ਭਾਰੀ ਪੁਲਸ ਫੋਰਸ ਦੇ ਕੰਮ ਵਿੱਚ ਸਿੱਧੇ ਤੌਰ ‘ਤੇ ਵਿਘਨ ਪਾਇਆ।
ਪੰਨੂ ਨੇ ਕਿਹਾ ਕਿ ਮੈਂ ਸਵੇਰ ਤੋਂ ਉਹ ਵੀਡੀਓ ਕਈ ਵਾਰ ਦੇਖੀ ਹੈ ਅਤੇ ਮੈਨੂੰ ਆਪਣੀਆਂ ਅੱਖਾਂ ਅਤੇ ਕੰਨਾਂ ‘ਤੇ ਯਕੀਨ ਨਹੀਂ ਹੋ ਰਿਹਾ ਕਿ ਇੱਕ ਕੇਂਦਰੀ ਮੰਤਰੀ ਸਿਰਫ਼ ਮੀਡੀਆ ਵਿੱਚ ਸੁਰਖੀਆਂ ਬਟੋਰਨ ਲਈ ਇਸ ਹੱਦ ਤੱਕ ਗਿਰ ਸਕਦਾ ਹੈ। ਬਿੱਟੂ ਨੇ ਡਿਊਟੀ ‘ਤੇ ਤਾਇਨਾਤ ਇੱਕ ਗੁਰਸਿੱਖ ਪੁਲਸ ਮੁਲਾਜ਼ਮ ਦਾ ਕਾਲਰ ਫੜਿਆ, ਉਸ ਨਾਲ ਬਦਤਮੀਜ਼ੀ ਕੀਤੀ ਅਤੇ ਪੁਲਸ ਨੂੰ ‘ਦਲਾਲ’ ਵਰਗੇ ਘਟੀਆ ਸ਼ਬਦਾਂ ਨਾਲ ਸੰਬੋਧਨ ਕੀਤਾ।ਪੰਨੂ ਨੇ ਸਖ਼ਤ ਵਿਰੋਧ ਪ੍ਰਗਟ ਕਰਦਿਆਂ ਕਿਹਾ ਕਿ ਸੰਗਰੂਰ ਜ਼ਿਲ੍ਹੇ ਦੀ ਪੁਲਸ ਕਮਾਨ ਇੱਕ ਯੋਗ ਮਹਿਲਾ ਅਧਿਕਾਰੀ, ਐÎੱਸ ਅ ਐੱਸ ਪੀ ਨਵਜੋਤ ਕੌਰ ਗਰੇਵਾਲ ਦੇ ਹੱਥਾਂ ਵਿੱਚ ਹੈ, ਜੋ ਆਪਣੀ ਸਖ਼ਤ ਮਿਹਨਤ ਅਤੇ ਪੜ੍ਹਾਈ ਦੇ ਦਮ ‘ਤੇ ਇਸ ਮੁਕਾਮ ‘ਤੇ ਪਹੁੰਚੀ ਹੈ। ਬਿੱਟੂ ਨੇ ਇੱਕ ਮਹਿਲਾ ਅਧਿਕਾਰੀ ਨੂੰ ਧਮਕੀ ਭਰੇ ਲਹਿਜੇ ਵਿੱਚ ਕਿਹਾ, ‘ਜੇਕਰ ਤੁਸੀਂ ਮਹਿਲਾ ਨਾ ਹੁੰਦੇ ਤਾਂ ਮੈਂ ਪਤਾ ਨਹੀਂ ਕੀ ਕਰ ਦਿੰਦਾ।’ ਇਸ ਤੋਂ ਇਲਾਵਾ ਉਨ੍ਹਾ ਸਰੇਆਮ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕੀਤੀ। ਪੰਜਾਬ ਪੁਲਸ, ਜਿਸ ਨੇ ਦੇਸ਼ ਵਿੱਚੋਂ ਅੱਤਵਾਦ ਦਾ ਖ਼ਾਤਮਾ ਕੀਤਾ ਅਤੇ ਜੋ ਅੱਜ ਨਸ਼ਿਆਂ ਖ਼ਿਲਾਫ਼ ਦੇਸ਼ ਵਿੱਚ ਸਭ ਤੋਂ ਸ਼ਾਨਦਾਰ ਕੰਮ ਕਰ ਰਹੀ ਹੈ, ਉਸ ਨੂੰ ਇਸ ਤਰ੍ਹਾਂ ਅਪਮਾਨਿਤ ਕਰਨਾ ਬੇਹੱਦ ਸ਼ਰਮਨਾਕ ਹੈ।
ਉਨ੍ਹਾ ਕਿਹਾ ਕਿ ਬਿੱਟੂ ਜੀ, ਪੰਜਾਬ ਦੇ ਲੋਕ ਵੱਡੇ ਦਿਲ ਵਾਲੇ ਹਨ ਅਤੇ ਮਾਫ਼ ਕਰਨਾ ਜਾਣਦੇ ਹਨ। ਜੇਕਰ ਤੁਹਾਡੇ ਤੋਂ ਇਹ ਹਰਕਤ ਅਣਜਾਣੇ ਵਿੱਚ ਹੋਈ ਹੈ, ਤਾਂ ਤੁਸੀਂ ਪੰਜਾਬ ਪੁਲਸ, ਮਹਿਲਾ ਅਧਿਕਾਰੀ ਅਤੇ ਉਨ੍ਹਾਂ ਪੁਲਸ ਮੁਲਾਜ਼ਮਾਂ ਦੇ ਮਾਤਾ-ਪਿਤਾ ਤੋਂ ਤੁਰੰਤ ਬਿਨਾਂ ਸ਼ਰਤ ਮੁਆਫੀ ਮੰਗੋ ਅਤੇ ਜੇਕਰ ਇਹ ਸਭ ਤੁਸੀਂ ਜਾਣਬੁੱਝ ਕੇ ਆਪਣੀ ਘਟੀਆ ਰਾਜਨੀਤੀ ਚਮਕਾਉਣ ਲਈ ਕੀਤਾ ਹੈ, ਤਾਂ ਕਾਨੂੰਨ ਆਪਣਾ ਕੰਮ ਬਾਖ਼ੂਬੀ ਕਰਨਾ ਜਾਣਦਾ ਹੈ।
ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ‘ਆਪ’ ਆਗੂ ਗੁਰਪ੍ਰਤਾਪ ਸਿੰਘ ਸੰਧੂ ਨਾਲ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਪੁਲਸ ਦੇ ਅਧਿਕਾਰੀਆਂ ਨਾਲ ਬਿੱਟੂ ਵੱਲੋਂ ਕੀਤੇ ਗਏ ਦੁਰਵਿਹਾਰ ਦੀ ਸਖ਼ਤ ਨਿਖੇਧੀ ਕੀਤੀ ਅਤੇ ਪੁਲਸ ਅਧਿਕਾਰੀਆਂ ਖ਼ਿਲਾਫ਼ ਉਨ੍ਹਾ ਦੀਆਂ ਟਿੱਪਣੀਆਂ ਨੂੰ ਸ਼ਰਮਨਾਕ, ਨਿੰਦਣਯੋਗ ਅਤੇ ਅਸਵੀਕਾਰਨਯੋਗ ਕਰਾਰ ਦਿੱਤਾ। ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤੇ ਗਏ ਪੁਖ਼ਤਾ ਪ੍ਰਬੰਧਾਂ ਸਦਕਾ ਪੰਜਾਬ ਭਰ ਵਿੱਚ ਲਗਭਗ 99 ਫੀਸਦੀ ਮਤਦਾਨ ਸ਼ਾਂਤੀਪੂਰਵਕ ਨੇਪਰੇ ਚੜ੍ਹਿਆ। ਹਾਲਾਂਕਿ, ਉਨ੍ਹਾ ਕਿਹਾ ਕਿ ਭਾਜਪਾ ਆਗੂਆਂ ਨੇ ਇੱਕ ਵਾਰ ਫਿਰ ਡਰਾਉਣ-ਧਮਕਾਉਣ ਅਤੇ ਗੁੰਡਾਗਰਦੀ ਰਾਹੀਂ ਜਮਹੂਰੀ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾ ਕਿਹਾ ਕਿ ਇਹ ਸਿਰਫ਼ ਪੰਜਾਬ ਪੁਲਸ ‘ਤੇ ਹਮਲਾ ਨਹੀਂ, ਸਗੋਂ ਚੋਣਾਂ ਦੌਰਾਨ ਸੱਤਾ ਦੀ ਦੁਰਵਰਤੋਂ ਕਰਨ, ਸੰਸਥਾਵਾਂ ਨੂੰ ਧਮਕਾਉਣ ਅਤੇ ਡਰ ਦਾ ਮਾਹੌਲ ਪੈਦਾ ਕਰਨ ਦੇ ਭਾਜਪਾ ਦੇ ਵੱਡੇ ਨੀਤੀ-ਢੰਗ ਦਾ ਹਿੱਸਾ ਹੈ। ਪੰਜਾਬੀਆਂ ਦਾ ਜ਼ੁਲਮ ਖ਼ਿਲਾਫ਼ ਖੜ੍ਹੇ ਹੋਣ ਦਾ ਲੰਮਾ ਇਤਿਹਾਸ ਰਿਹਾ ਹੈ ਅਤੇ ਪੰਜਾਬ ਵਿੱਚ ਭਾਜਪਾ ਆਗੂਆਂ ਦੀ ਅਜਿਹੀ ਕਿਸੇ ਵੀ ਧਮਕੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।