ਸ਼ਾਹਕੋਟ (ਗਿਆਨ ਸੈਦਪੁਰੀ) ‘ਤੰਗੀਆਂ-ਤੁਰਸ਼ੀਆਂ ਹੁੰਦਿਆਂ ਵੀ ਲੋਕਾਂ ਲਈ ਸੰਘਰਸ਼ ਕਰਦੇ ਰਹਿਣਾ ਕਿਸੇ ਆਮ ਵਿਅਕਤੀ ਦਾ ਕੰਮ ਨਹੀਂ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੂਰਤ ਸਿੰਘ ਧਰਮਕੋਟ ਨੇ ਕੀਤਾ। ਉਹ ਨੇੜਲੇ ਪਿੰਡ ਪਰਜੀਆਂ ਕਲਾਂ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਕਾਮਰੇਡ ਰੂੜਾ ਰਾਮ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਸਨ। ਉਨ੍ਹਾ ਕਿਹਾ ਕਿ ਕਾਮਰੇਡ ਰੂੜਾ ਰਾਮ ਦੇ ਰਹਿੰਦੇ ਕਾਰਜਾਂ ਨੂੰ ਪੂਰਾ ਕਰਨਾ ਹੀ ਉਨ੍ਹਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸ਼ਰਧਾਂਜਲੀ ਸਮਾਗਮ ਨੂੰ ਸੀ ਪੀ ਆਈ ਜ਼ਿਲ੍ਹਾ ਸਕੱਤਰ ਰਸ਼ਪਾਲ ਕੈਲੇ ਨੇ ਸੰਬੋਧਨ ਕਰਦਿਆ ਕਿਹਾ ਕਿ ਕਾਮਰੇਡ ਰੂੜਾ ਰਾਮ ਵਰਗੇ ਸੰਘਰਸ਼ੀਲ ਯੋਧੇ ਹੀ ਮਿਸਾਲੀ ਜੀਵਨ ਜਿਉ ਸਕਦੇ ਹਨ। ਉਨ੍ਹਾ ਕਿਹਾ ਕਿ ਉਨ੍ਹਾ ਵੱਲੋਂ ਅਬਾਦਕਾਰਾਂ ਲਈ ਕੀਤੇ ਵੱਡੇ ਸੰਘਰਸ਼ ਦੇ ਬਦਲੇ ਆਪਣੇ ਲਈ ਇੱਕ ਮਰਲਾ ਜ਼ਮੀਨ ਵੀ ਨਾ ਰੱਖਣਾ ਇੱਕ ਮਿਸਾਲ ਹੈ। ਉਨ੍ਹਾ ਸ਼ਰਧਾਂਜਲੀ ਸਮਾਗਮ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਦਾ ਪਰਵਾਰ ਵੱਲੋਂ ਧੰਨਵਾਦ ਵੀ ਕੀਤਾ। ਸਟੀਲ ਅਥਾਰਟੀ ਆਫ ਇੰਡੀਆ ਦੇ ਸਾਬਕਾ ਮੈਂਬਰ ਡਾ. ਜਗਤਾਰ ਸਿੰਘ ਚੰਦੀ ਅਤੇ ਅਮਨਦੀਪ ਸੈਦਪੁਰੀ ਨੇ ਵੀ ਸੰਬੋਧਨ ਕੀਤਾ। ਮਾਸਟਰ ਜਤਿੰਦਰ ਪਾਲ ਬੱਲਾ ਨੇ ਸਟੇਜ ਸਕੱਤਰ ਦੇ ਫਰਜ਼ ਨਿਭਾਉਂਦਿਆਂ ਕਾਮਰੇਡ ਰੂੜਾ ਰਾਮ ਵੱਲੋਂ ਕੀਤੇ ਗਏ ਕੰਮਾਂ ‘ਤੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾ ਵੱਲੋਂ ਆਏ ਸ਼ੋਕ ਮਤੇ ਵੀ ਪੜ੍ਹੇ ਗਏ, ਜਿਨ੍ਹਾਂ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੀ ਨੈਸ਼ਨਲ ਕੌਂਸਲ ਦੇ ਮੈਂਬਰ ਤੇ ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ, ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ, ਸੀ ਪੀ ਆਈ (ਐੱਮ) ਦੇ ਲਹਿੰਬਰ ਸਿੰਘ ਤੱਗੜ ਆਦਿ ਮੌਜੂਦ ਸਨ।
ਹੋਰਨਾਂ ਤੋਂ ਇਲਾਵਾ ਭਾਜਪਾ ਦੇ ਹਲਕਾ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ, ਡਾ. ਪਿਆਰਾ ਲਾਲ, ਬੂੜਾ ਰਾਮ, ਸੀਨੀਅਰ ਕਮਿਊਨਿਸਟ ਹਰਜਿੰਦਰ ਸਿੰਘ ਮੌਜੀ, ਕਾਮਰੇਡ ਸੁਨੀਲ ਕੁਮਾਰ ਭੱਠਾ ਮਜ਼ਦੂਰ ਯੂਨੀਅਨ ਦੇ ਆਗੂ, ਸਿਕੰਦਰ ਸੰਧੂ ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ, ਅਮਰੀਕ ਸਿੰਘ ਕਲੇਰ, ਹਰਦੇਵ ਸਿੰਘ ਪੀਟਾ ਸਾਬਕਾ ਮੈਂਬਰ ਨਗਰ ਪੰਚਾਇਤ ਸ਼ਾਹਕੋਟ, ਸਵਰਨ ਸਿੰਘ ਭੋਏਪੁਰੀ, ਕੇਵਲ ਕ੍ਰਿਸ਼ਨ ਮੱਟੂ, ਹਰਦਿਆਲ ਸਿੰਘ ਘਾਲੀ, ਤਰਸੇਮ ਸਿੰਘ ਮੌਜਗੜ੍ਹ, ਗੁਰਮੇਲ ਸਿੰਘ ਰੱਜੀਵਾਲਾ ਤੇ ਅਮਰਜੀਤ ਸਿੰਘ ਸ਼ੇਰਪੁਰੀ ਜ਼ਿਲ੍ਹਾ ਮੋਗਾ ਆਦਿ ਮੌਜੂਦ ਸਨ।




