ਜਲੰਧਰ/ਫਗਵਾੜਾ (ਰਾਜੇਸ਼ ਥਾਪਾ, ਸੁਰਿੰਦਰ ਕੁਮਾਰ)- ਫਗਵਾੜਾ ਨੇੜੇ ਚਹੇੜੂ ਪਿੰਡ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਲਾਅ ਗੇਟ ਦੇ ਬਾਹਰਵਾਰ ਸ਼ਨੀਵਾਰ ਦਿਨ-ਦਿਹਾੜੇ ਉਸ ਸਮੇਂ ਸਨਸਨੀ ਅਤੇ ਦਹਿਸ਼ਤ ਫੈਲ ਗਈ, ਜਦੋਂ ਕੁਝ ਅਣਪਛਾਤੇ ਹਮਲਾਵਰਾਂ ਵੱਲੋਂ ਇੱਕ ਨੌਜਵਾਨ ਵਕੀਲ ‘ਤੇ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਆਰ ਟੀ ਆਈ ਕਾਰਕੁੰਨ ਤੇ ਵਕੀਲ ਸਿਮਰਨਜੀਤ ਸਿੰਘ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਡਵੋਕੇਟ ਸਿਮਰਨਜੀਤ ਸਿੰਘ ਮਹੇੜੂ ਦੇ ਲਾਅ ਗੇਟ ਨੇੜੇ ਮੌਜੂਦ ਸਨ ਕਿ ਇਸੇ ਦੌਰਾਨ ਅਚਾਨਕ ਕੁਝ ਅਣਪਛਾਤੇ ਨੌਜਵਾਨ ਉੱਥੇ ਪਹੁੰਚੇ। ਹਮਲਾਵਰਾਂ ਨੇ ਉਨ੍ਹਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਸਿਮਰਨਜੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਕੇ ਉੱਥੇ ਹੀ ਡਿੱਗ ਪਏ। ਵਾਰਦਾਤ ਤੋਂ ਤੁਰੰਤ ਬਾਅਦ ਆਸ-ਪਾਸ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾ ਨੂੰ ਮ੍ਰਿਤਕ ਐਲਾਨ ਦਿੱਤਾ। ੈ




