ਕਿਰਤੀਆਂ ਦਾ ਝੰਡਾਬਰਦਾਰ ‘ਨਵਾਂ ਜ਼ਮਾਨਾ’ 75ਵੇਂ ਵਰ੍ਹੇ ‘ਚ

0
5

ਜਲੰਧਰ (ਗਿਆਨ ਸੈਦਪੁਰੀ)
ਦੇਸ਼ ਦੀ ਵੰਡ ਤੋਂ ਬਾਅਦ ਬਣੇ ਸਿਆਸੀ, ਸਮਾਜੀ ਤੇ ਆਰਥਕ ਹਾਲਾਤ ਦੇ ਮੱਦੇਨਜ਼ਰ ਸਮਾਜਵਾਦੀ ਵਿਚਾਰਧਾਰਾ ਦੇ ਪਾਸਾਰ ਵਿੱਚ ਹਿੱਸਾ ਪਾਉਣ ਲਈ ਹੋਂਦ ਵਿੱਚ ਆਏ ਉਰਦੂ ਰੋਜ਼ਨਾਮਾ ‘ਨਯਾ ਜ਼ਮਾਨਾ’ ਤੋਂ ਬਾਅਦ ਪੰਜਾਬੀ ਦਾ ਪ੍ਰਚਲਨ ਵਧਣ ਨਾਲ ‘ਨਵਾਂ ਜ਼ਮਾਨਾ’ ਬਣੇ ਅਖਬਾਰ ਦਾ 75ਵਾਂ ਜਨਮ ਦਿਨ ਮਨਾਉਣ ਲਈ ਮੰਗਲਵਾਰ ਇਸ ਦੇ ਦਫ਼ਤਰ ਵਿੱਚ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ‘ਨਵਾਂ ਜ਼ਮਾਨਾ’ ਦੀ ਸੰਚਾਲਕ ਸੰਸਥਾ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਜਲੰਧਰ ਦੇ ਪ੍ਰਧਾਨ ਕਾਮਰੇਡ ਰਛਪਾਲ ਸਿੰਘ ਬੜਾ ਪਿੰਡ ਨੇ ਕੀਤੀ।
ਸ਼ੁਰੂ ਵਿੱਚ ਸਟਾਫ਼ ਤੇ ਸਨੇਹੀਆਂ ਨਾਲ ‘ਨਵਾਂ ਜ਼ਮਾਨਾ’ ਦੇ ਸਫ਼ਰ ‘ਤੇ ਚਾਨਣਾ ਪਾਉਂਦਿਆਂ ਟਰੱਸਟ ਦੇ ਕਨਵੀਨਰ ਕਾਮਰੇਡ ਗੁਰਮੀਤ ਨੇ ਕਿਹਾ ਕਿ ਇਹ ਕਹਿਣੀ ਤੇ ਕਰਨੀ ‘ਤੇ ਹਮੇਸ਼ਾ ਪੂਰਾ ਉਤਰਦਾ ਰਿਹਾ ਹੈ। ਉਨ੍ਹਾ ਕਿਹਾ ਕਿ ‘ਨਵਾਂ ਜ਼ਮਾਨਾ’ ਲੋਕ ਮਸਲਿਆਂ ਤੇ ਉਨ੍ਹਾਂ ਦੇ ਹੱਲ ਲਈ ਖ਼ਬਰਾਂ ਤੇ ਲੇਖ ਤਾਂ ਛਾਪਦਾ ਹੀ ਹੈ, ਸਗੋਂ ਇਹ ਲੋਕ ਘੋਲਾਂ ਵਿੱਚ ਵੀ ਹਿੱਸਾ ਲੈਂਦਾ ਰਿਹਾ ਹੈ। ਉਨ੍ਹਾ ਖੁਸ਼ਹੈਸੀਅਤ ਦੇ ਮੋਰਚੇ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਸ ਵੇਲੇ ‘ਨਵਾਂ ਜ਼ਮਾਨਾ’ ਦੇ ਮੁੱਖ ਸੰਪਾਦਕ ਜਗਜੀਤ ਸਿੰਘ ਆਨੰਦ ਅਤੇ ਸਾਰੇ ਸਟਾਫ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ‘ਨਵਾਂ ਜ਼ਮਾਨਾ’ ਵਿਦਿਆਰਥੀਆਂ, ਇਸਤਰੀਆਂ, ਨੌਜਵਾਨਾਂ, ਕਿਸਾਨਾਂ ਤੇ ਖੇਤ ਮਜ਼ਦੂਰਾਂ ਸਮੇਤ ਆਪਣੇ ਹੱਕਾਂ ਲਈ ਲੜਦੇ ਲੋਕਾਂ ਦੀ ਆਵਾਜ਼ ਬਣਿਆ ਹੈ। ਉਨ੍ਹਾ ਕਿਹਾ ਕਿ ‘ਨਵਾਂ ਜ਼ਮਾਨਾ’ ਦੇ ਮੁਰਾਤਬੇ ਦਾ ਇਸ ਗੱਲ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਦੋਂ ਪੰਜਾਬੀ ਵਿੱਚ ਪੱਤਰਕਾਰੀ ਦਾ ਕੋਈ ਕੋਰਸ ਨਹੀਂ ਸੀ ਤਾਂ ਪੰਜਾਬੀ ਵਿੱਚ ਨਵੇਂ ਨਿਕਲ ਰਹੇ ਅਖਬਾਰਾਂ ਵਿੱਚ ਨੌਕਰੀ ਲਈ ਇਹੋ ਯੋਗਤਾ ਕਾਫ਼ੀ ਹੁੰਦੀ ਸੀ ਕਿ ਉਹ ‘ਨਵਾਂ ਜ਼ਮਾਨਾ’ ਤੋਂ ਆਇਆ ਹੈ। ਕਾਮਰੇਡ ਗੁਰਮੀਤ ਨੇ ਕਿਹਾ ਕਿ ‘ਨਵਾਂ ਜ਼ਮਾਨਾ’ ਨੂੰ ਇਹ ਹਮੇਸ਼ਾ ਮਾਣ ਰਹੇਗਾ ਕਿ ਇਸ ਨੇ ਪੰਜਾਬੀ ਮਾਂ ਬੋਲੀ ਦੇ ਮਹਾਨ ਸਪੂਤਾਂ ਦੀ ਸੰਗਤ ਦਾ ਨਿੱਘ ਮਾਣਿਆ ਹੈ। ਇਨ੍ਹਾਂ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ, ਟੀਕਾ ਰਾਮ ਸੁਖਨ, ਸੋਹਣ ਸਿੰਘ ਜੋਸ਼, ਅਰਜਨ ਸਿੰਘ ਗੜਗੱਜ, ਜਗਜੀਤ ਸਿੰਘ ਆਨੰਦ ਤੇ ਉਨ੍ਹਾਂ ਦੇ ਹੋਰ ਸਾਥੀਆਂ ਬਾਬਾ ਗੁਰਬਖਸ਼ ਸਿੰਘ ਬੰਨੋਆਣਾ, ਸੁਰਜਣ ਜ਼ੀਰਵੀ, ਸੁਰਜੀਤ ਖੁਰਸ਼ੀਦੀ, ਸਰਵਣ ਜ਼ਫ਼ਰ, ਦਲਬੀਰ ਸਿੰਘ ਤੇ ਬਲਜੀਤ ਪਨੂੰ ਆਦਿ ਸ਼ਾਮਲ ਹਨ। ਕਾਮਰੇਡ ਗੁਰਮੀਤ ਨੇ ਹੋਰ ਬਹੁਤ ਸਾਰੀਆਂ ਖੂਬਸੂਰਤ ਯਾਦਾਂ ਦੇ ਨਾਲ ਅਵਾਮੀ ਪ੍ਰਿੰਟਿੰਗ ਪ੍ਰੈੱਸ ਦਾ ਵੀ ਜ਼ਿਕਰ ਕੀਤਾ।
ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਨਵੇਂ ਬਣੇ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਤੇ ਟਰੱਸਟੀ ਐਡਵੋਕੇਟ ਰਜਿੰਦਰ ਸਿੰਘ ਮੰਡ ਨੇ ‘ਨਵਾਂ ਜ਼ਮਾਨਾ’ ਦੇ ਬਿਹਤਰ ਭਵਿੱਖ ਲਈ ਸੁਝਾਅ ਦਿੱਤੇ। ਐਡਵੋਕੇਟ ਮੰਡ ਨੇ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਦੀ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ 5 ਜੂਨ ਨੂੰ ਮਨਾਈ ਜਾ ਰਹੀ ਪਹਿਲੀ ਬਰਸੀ ਵਿੱਚ ਸ਼ਮੂਲੀਅਤ ਦਾ ਵੀ ਸੱਦਾ ਦਿੱਤਾ। ਇਸ ਮੌਕੇ ‘ਨਵਾਂ ਜ਼ਮਾਨਾ’ ਦੇ ਸੰਪਾਦਕ ਚੰਦ ਫਤਿਹਪੁਰੀ, ਉੱਘੇ ਵਿਸ਼ਲੇਸ਼ਕ ਤੇ ‘ਨਵਾਂ ਜ਼ਮਾਨਾ’ ਦੇ ਟਰੱਸਟੀ ਜਤਿੰਦਰ ਪਨੂੰ, ਨਵੇਂ ਬਣੇ ਟਰੱਸਟੀ ਐਡਵੋਕੇਟ ਰਜਿੰਦਰ ਸਿੰਘ ਰਾਣਾ, ਰਾਜੇਸ਼ ਥਾਪਾ ਸਮੇਤ ‘ਨਵਾਂ ਜ਼ਮਾਨਾ’ ਦਾ ਸਮੂਹ ਸਟਾਫ਼ ਮੌਜੂਦ ਸੀ।