ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਈ-20 ਪੈਟਰੋਲ ਦੀ ਵਰਤੋਂ ਨਾਲ ਗੱਡੀਆਂ ‘ਤੇ ਪੈਣ ਵਾਲੇ ਅਸਰ ਨੂੰ ਲੈ ਕੇ ਪੈਟਰੋਲ ਪੰਪ ਅਤੇ ਸਰਵਿਸ ਸਟੇਸ਼ਨ ‘ਤੇ ਜਾ ਕੇ ਸਰਕਾਰ ਦੇ ਈ-20 ‘ਤੇ ਚਿੱਟੇ ਝੂਠ ਨੂੰ ਬੇਨਕਾਬ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਪੰਪ ‘ਤੇ ਪੈਟਰੋਲ ਲੈਣ ਆਏ ਅਤੇ ਸਰਵਿਸ ਸਟੇਸ਼ਨ ‘ਤੇ ਗੱਡੀ ਠੀਕ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕਰਕੇ ਸਮਝਿਆ ਕਿ ਈ-20 ਦੀ ਵਰਤੋਂ ਨਾਲ ਉਨ੍ਹਾਂ ਦੀਆਂ ਗੱਡੀਆਂ ‘ਤੇ ਕੀ ਅਸਰ ਪੈ ਰਿਹਾ ਹੈ।ਇਸ ਦੌਰਾਨ ਲੋਕਾਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ, ਜੋ ਸਰਕਾਰ ਦੇ ਦਾਅਵਿਆਂ ਦੇ ਬਿਲਕੁਲ ਉਲਟ ਹਨ।ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਰੇ ਲੋਕ ਕਹਿ ਰਹੇ ਹਨ ਕਿ ਈ-20 ਪੈਟਰੋਲ ਨੂੰ ਲੈ ਕੇ ਸਰਕਾਰ ਚਿੱਟਾ ਝੂਠ ਬੋਲ ਰਹੀ ਹੈ। ਇਸ ਦੇ ਕਾਰਨ ਸੱਚਮੁੱਚ ਗੱਡੀਆਂ ਵਿੱਚ ਦਿੱਕਤਾਂ ਆ ਰਹੀਆਂ ਹਨ ਅਤੇ ਆਮ ਲੋਕ ਇਥੇਨੌਲ ਤੋਂ ਬਹੁਤ ਦੁਖੀ ਹਨ। ਕੇਜਰੀਵਾਲ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਮੈਂ ਦੇਖ ਰਿਹਾ ਹਾਂ ਕਿ ਦੇਸ਼ ਵਿੱਚ ਜੋ ਵੀ ਲੋਕ ਈ-20 ਪੈਟਰੋਲ ਦਾ ਵਿਰੋਧ ਕਰਦੇ ਹਨ, ਉਨ੍ਹਾਂ ਨੂੰ ਸਰਕਾਰ ਦੇ ਮੰਤਰੀ ਗੰਦੀਆਂ-ਗੰਦੀਆਂ ਗਾਲ੍ਹਾਂ ਕੱਢ ਰਹੇ ਹਨ। ਕਦੇ ਕਹਿੰਦੇ ਹਨ ਕਿ ਇਹ ਦੇਸ਼ਧ੍ਰੋਹੀ ਹਨ, ਕਦੇ ਐਂਟੀ-ਨੈਸ਼ਨਲ ਕਹਿੰਦੇ ਹਨ, ਕਦੇ ਪੈਟਰੋਲ ਲਾਬੀ ਦੇ ਦਲਾਲ ਦੱਸਦੇ ਹਨ । ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਏਨਾ ਹੰਕਾਰ ਠੀਕ ਨਹੀਂ ਹੈ। ਜਿੰਨੇ ਵੀ ਲੋਕ ਈ-20 ਬਾਰੇ ਬੋਲ ਰਹੇ ਹਨ ਇਹ ਸਾਡੇ ਹੀ ਦੇਸ਼ ਦੇ ਲੋਕ ਹਨ। ਇਹ ਦੇਸ਼ਧ੍ਰੋਹੀ ਨਹੀਂ, ਬਲ ਕਿ ਦੇਸ਼ ਭਗਤ ਹਨ ਅਤੇ ਦੇਸ਼ ਦੇ ਸਾਰੇ 140 ਕਰੋੜ ਲੋਕ ਦੇਸ਼ ਭਗਤ ਹਨ। ਇਨ੍ਹਾਂ ਲੋਕਾਂ ਨੂੰ ਇਸ ਤਰ੍ਹਾਂ ਗਾਲ੍ਹਾਂ ਕੱਢਣਾ ਠੀਕ ਨਹੀਂ ਹੈ।ਕੇਜਰੀਵਾਲ ਨੇ ਕਿਹਾ ਕਿ ਸਰਕਾਰ ਦਾ ਫ਼ਰਜ਼ ਹੈ ਕਿ ਲੋਕਾਂ ਦੀਆਂ ਜੋ ਵੀ ਸ਼ਿਕਾਇਤਾਂ ਹਨ, ਉਨ੍ਹਾਂ ਨੂੰ ਸੁਣ ਕੇ ਠੀਕ ਕਰੇ।





