ਨਵੀਂ ਦਿੱਲੀ : ਫੁੱਟਬਾਲ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਸਪੇਨ ਨੇ ਬਦਲਵੇਂ ਖਿਡਾਰੀ ਮਿਕੇਲ ਮੇਰੀਨੋ ਦੇ ਦੇਰ ਨਾਲ ਕੀਤੇ ਗੋਲ ਨਾਲ ਬੈਲਜੀਅਮ ‘ਤੇ 2-1 ਨਾਲ ਜਿੱਤ ਪ੍ਰਾਪਤ ਕਰਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ, ਜਿਥੇ ਉਸ ਦਾ ਮੁਕਾਬਲਾ ਸ਼ਕਤੀਸ਼ਾਲੀ ਟੀਮ ਫਰਾਂਸ ਨਾਲ ਹੋਵੇਗਾ। ਸਪੇਨ 30ਵੇਂ ਮਿੰਟ ਵਿੱਚ ਫੈਬੀਅਨ ਰੁਈਜ਼ ਦੇ ਰੀਬਾਊਂਡ ਸ਼ਾਟ ਰਾਹੀਂ 1-0 ਨਾਲ ਅੱਗੇ ਹੋ ਗਿਆ ਸੀ, ਪਰ ਬੈਲਜੀਅਮ ਨੇ 41ਵੇਂ ਮਿੰਟ ਵਿੱਚ ਚਾਰਲਸ ਡੀ ਕੇਟੇਲੇਅਰ ਦੇ ਹੈਡਰ ਰਾਹੀਂ ਸਕੋਰ ਬਰਾਬਰ 1-1 ਕਰ ਦਿੱਤਾ। ਸਪੇਨ ਦੇ ਬਦਲਵੇਂ ਖਿਡਾਰੀ ਵਜੋਂ ਮੇਰੀਨੋ 86 ਮਿੰਟਾਂ ਬਾਅਦ ਮੈਦਾਨ ਵਿਚ ਆਇਆ। ਉਸ ਨੇ ਆਉਣ ਤੋਂ ਦੋ ਮਿੰਟ ਬਾਅਦ ਹੀ ਬੈਲਜੀਅਮ ਦਾ ਫੱਟਾ ਖੜਕਾ ਕੇ ਟੀਮ ਨੂੰ ਇਕ ਗੋਲ ਨਾਲ ਬੜ੍ਹਤ ਦਿਵਾ ਦਿੱਤੀ। ਹਾਲਾਂ ਕਿ ਕੁਝ ਮਿੰਟ ਰਹਿੰਦਿਆਂ ਬੈਲਜੀਅਮ ਨੇ ਗੋਲ ਬਰਾਬਰ ਕਰਨ ਲਈ ਪੂਰੀ ਵਾਹ ਲਾਈ,ਪਰੰਤੂ ਸਪੇਨ ਨੇ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਹਾਰ ਨਾਲ ਬੈਲਜੀਅਮ ਦੀ ਚੁਣੌਤੀ ਖਤਮ ਹੋ ਗਈ ਹੈ।





