ਸਕੂਲ, ਸਟੇਸ਼ਨ ਉਡਾਉਣ ਦੀ ਧਮਕੀ

0
11

ਚੰਡੀਗੜ੍ਹ (ਨ ਜ਼ ਸ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੰਡੀਗੜ੍ਹ ਤੇ ਪੰਜਾਬ ਦੌਰੇ ਤੋਂ ਠੀਕ ਪਹਿਲਾਂ ਸਕੂਲਾਂ ਨੂੰ ਧਮਕੀ ਭਰੀ ਈ-ਮੇਲ ਮਿਲੀ ਹੈ, ਜਿਸ ਵਿੱਚ 17 ਜੁਲਾਈ ਨੂੰ ਚੰਡੀਗੜ੍ਹ ਤੇ ਜਲੰਧਰ ਵਿੱਚ ਬੰਬ ਧਮਾਕੇ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ। ਮੁਹਾਲੀ ਤੇ ਚੰਡੀਗੜ੍ਹ ਦੇ ਕਈ ਸਕੂਲਾਂ ਨੂੰ ਭੇਜੀ ਗਈ ਇਸ ਈ-ਮੇਲ ਵਿੱਚ ਲਿਖਿਆ ਗਿਆ ਹੈ ਕਿ 17 ਜੁਲਾਈ ਨੂੰ ਸਥਾਨਕ ਸਕੂਲਾਂ, ਮੁਹਾਲੀ ਮੇਅਰ ਦੇ ਦਫਤਰ ਅਤੇ ਜਲੰਧਰ-ਚੰਡੀਗੜ੍ਹ ਰੇਲਵੇ ਸਟੇਸ਼ਨਾਂ ‘ਤੇ ਆਈ ਈ ਡੀ ਧਮਾਕੇ ਕੀਤੇ ਜਾਣਗੇ।
ਪ੍ਰਮੋਦ ਨੌਟਿਆਲ ਗ੍ਰਿਫਤਾਰ
ਦੇਹਰਾਦੂਨ : ਉੱਤਰਾਖੰਡ ਪੁਲਸ ਨੇ ਬਦਰੀਨਾਥ ਮੰਦਰ ਵਿੱਚ ਚੜ੍ਹਾਈ ਜਾਣ ਵਾਲੀ ਦਾਨ ਰਾਸ਼ੀ ਦੇ ਪ੍ਰਬੰਧਨ ਵਿੱਚ ਕਥਿਤ ਗੜਬੜੀਆਂ ਦੇ ਮੁੱਖ ਮੁਲਜ਼ਮ ਪ੍ਰਮੋਦ ਨੌਟਿਆਲ ਨੂੰ ਗ੍ਰਿਫਤਾਰ ਕਰ ਲਿਆ ਹੈ। ਚਮੋਲੀ ਦੇ ਐੱਸ ਐੱਸ ਪੀ ਸੁਰਜੀਤ ਸਿੰਘ ਪੰਵਾਰ ਨੇ ਸੋਮਵਾਰ ਦੱਸਿਆ ਕਿ ਨੌਟਿਆਲ ‘ਸ੍ਰੀ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ’ ਦਾ ਮੁਅੱਤਲ ਕਰਮਚਾਰੀ ਹੈ। ਉਹ ਕਮੇਟੀ ਦੇ ਚੇਅਰਮੈਨ ਦੇ ਨਿੱਜੀ ਸਹਾਇਕ ਵਜੋਂ ਸੇਵਾਵਾਂ ਨਿਭਾਅ ਰਿਹਾ ਸੀ।
ਪੱਬ ‘ਚ ਅੱਗ, 27 ਮੌਤਾਂ
ਬੈਂਕਾਕ : ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਉੱਤਰੀ ਹਿੱਸੇ ‘ਚ ਇੱਕ ਪੱਬ ਵਿੱਚ ਸੋਮਵਾਰ ਤੜਕੇ ਲੱਗੀ ਅੱਗ ਕਾਰਨ 27 ਜਣਿਆਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਸਾਹਮਣੇ ਆਈਆਂ ਤਸਵੀਰਾਂ ਵਿੱਚ ਪੱਬ ਦੇ ਅੰਦਰ ਸੜ ਚੁੱਕੀਆਂ ਕੁਰਸੀਆਂ, ਮੇਜ਼ ਅਤੇ ਬੁਰੀ ਤਰ੍ਹਾਂ ਨੁਕਸਾਨਿਆ ਅੰਦਰੂਨੀ ਹਿੱਸਾ ਦਿਖਾਈ ਦੇ ਰਿਹਾ ਹੈ।
ਟੈਂਟ ਸਿਟੀ ‘ਚ ਅੱਗ ਨਾਲ 13 ਟੈਂਟ ਸੜੇ
ਸ੍ਰੀ ਆਨੰਦਪੁਰ ਸਾਹਿਬ : ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਸ੍ਰੀ ਆਨੰਦਪੁਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਅਗੰਮਪੁਰ ਸਥਿਤ ਸਰਕਾਰੀ ਆਈ ਟੀ ਆਈ ਦੇ ਪਿਛਲੇ ਪਾਸੇ ਬਣਾਈ ਗਈ ਟੈਂਟ ਸਿਟੀ ਵਿੱਚ ਅਚਾਨਕ ਅੱਗ ਲੱਗਣ ਕਾਰਨ 13 ਟੈਂਟ ਸੜ ਕੇ ਸੁਆਹ ਹੋ ਗਏ। ਘਟਨਾ ਵੇਲੇ ਟੈਂਟਾਂ ਵਿੱਚ ਠਹਿਰੇ ਸ਼ਰਧਾਲੂ ਗੁਰਧਾਮਾਂ ਦੇ ਦਰਸ਼ਨਾਂ ਲਈ ਜਾ ਚੁੱਕੇ ਸਨ, ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਹਾਲਾਂਕਿ ਟੈਂਟਾਂ ਅਤੇ ਹੋਰ ਸਾਮਾਨ ਦਾ ਵੱਡਾ ਨੁਕਸਾਨ ਹੋਇਆ ਹੈ।