ਜਲੰਧਰ (ਗਿਆਨ ਸੈਦਪੁਰੀ)
‘ਹਰ ਵੰਨਗੀ ਦੀਆਂ ਸਰਕਾਰਾਂ ਸਸਤਾ ਆਟਾ-ਦਾਲ ਵਰਗੀਆਂ ਸਕੀਮਾਂ ਰਾਹੀਂ ਗੁੰਮਰਾਹ ਕਰ ਕੇ ਕਿਰਤੀਆਂ ਨੂੰ ਉਨ੍ਹਾਂ ਦੇ ਬੁਨਿਆਦੀ ਹੱਕਾਂ ਤੋਂ ਵਾਂਝਿਆਂ ਰੱਖਦੀਆਂ ਰਹੀਆਂ ਹਨ। ਮੌਜੂਦਾ ਪੰਜਾਬ ਸਰਕਾਰ ਵੀ ਸਾਢੇ ਚਾਰ ਸਾਲ ਤੋਂ ਉਸੇ ਹੀ ਰਾਹ ‘ਤੇ ਚੱਲ ਰਹੀ ਹੈ’।ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਕੀਤਾ। ਉਹ ਸ਼ਨਿੱਚਰਵਾਰ ਨੂੰ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਵਿੱਚ ਪੰਜਾਬ ਖੇਤ ਮਜ਼ਦੂਰ ਸਭਾ ਦੀ ਜ਼ਿਲ੍ਹਾ ਕੌਂਸਲ ਨੂੰ ਸੰਬੋਧਨ ਕਰ ਰਹੇ ਸਨ।ਉਨ੍ਹਾਂ ਕਿਹਾ ਕਿ ਲੋੜ ਤਾਂ ਇਸ ਗੱਲ ਦੀ ਹੈ ਕਿ ਜਨਤਕ ਵੰਡ ਪ੍ਰਣਾਲੀ ਰਾਹੀਂ ਲੋੜਵੰਦ ਵਰਗਾਂ ਨੂੰ ਵਾਜ਼ਬ ਕੀਮਤ ‘ਤੇ ਰਾਸ਼ਨ ਮੁਹੱਈਆ ਕਰਵਾਇਆ ਜਾਵੇ। ਇਸ ਪ੍ਰਣਾਲੀ ਰਾਹੀਂ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਸਰਕਾਰਾਂ ਦੀ ਮਨਸ਼ਾ ਇਹ ਰਹਿੰਦੀ ਹੈ ਕਿ ਗਰੀਬ ਵਰਗ ਦੀ ਅਸਲ ਬਿਹਤਰੀ ਦੇ ਕਦਮ ਚੁੱਕਣ ਦੀ ਬਜਾਏ ਉਨ੍ਹਾਂ ਨੂੰ ਨਿਗੁਣੀਆ ਜਿਹੀਆਂ ਸਹੂਲਤਾਂ ਦੇ ਕੇ ਤਰਸ ਦਾ ਬਿਰਤਾਂਤ ਸਿਰਜ ਕੇ ‘ਦਿਆਲੂ’ ਬਣਦਿਆਂ ਗ਼ਰੀਬਾਂ ਦੇ ‘ਰਾਖੇ’ ਬਣਿਆ ਜਾਵੇ। ਅਜਿਹੇ ਵਰਤਾਰੇ ਰਾਹੀਂ ਪੈਨਸ਼ਨਾਂ ਦੀ ਮੰਨੀ ਹੋਈ ਮੰਗ, ਭੂਮੀ ਸੁਧਾਰ ਦਾ ਮਾਮਲਾ, ਪਿੰਡਾਂ ਦੀਆਂ ਸ਼ਾਮਲਾਟਾਂ ਜ਼ਮੀਨਾਂ ਦੀਆਂ ਡੰਮੀ ਬੋਲੀਆਂ ਬੰਦ ਕਰਵਾਉਣ ਅਤੇ ਹੋਰ ਬਹੁਤ ਸਾਰੀਆਂ ਹੱਕੀ ਮੰਗਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਕਾਮਰੇਡ ਨੇ ਮਜ਼ਦੂਰ ਵਿਹੜਿਆਂ ‘ਚ ਨਸ਼ਿਆ ਦੀ ਮਾਰ ਅਤੇ ਮਾਪਿਆ ਵੱਲੋਂ ਜਵਾਨ ਪੁੱਤਾਂ ਦੀਆਂ ਅਰਥੀਆਂ ਚੁੱਕਣ ਦੇ ਹਵਾਲੇ ਨਾਲ ਕਿਹਾ ਕਿ ਸਰਕਾਰਾਂ ਦੀ ਝਾਕ ਛੱਡ ਕੇ ਚਿੰਤਨ ਮੰਥਨ ਰਾਹੀਂ ਜਾਗਰੂਕ ਹੋ ਕੇ ਮਜ਼ਦੂਰ ਵਰਗ ਨੂੰ ਖ਼ੁਦ ਹੀ ਉੱਠਣਾ ਪਵੇਗਾ।ਇਸ ਤੋਂ ਪਹਿਲਾਂ ਇੱਕ ਸ਼ੋਕ ਮਤੇ ਰਾਹੀ ਪੰਜਾਬ ਖੇਤ ਮਜ਼ਦੂਰ ਸਭਾ ਜ਼ਿਲਾ ਜਲੰਧਰ ਦੇ ਸਰਪ੍ਰਸਤ ਰਹੇ ਮਰਹੂਮ ਕਾਮਰੇਡ ਰੂੜਾ ਰਾਮ ਪਰਜੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਮੀਟਿੰਗ ਦੀ ਪ੍ਰਧਾਨਗੀ ਪੰਜਾਬ ਖੇਤ ਮਜ਼ਦੂਰ ਸਭਾ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਾਮਰੇਡ ਵੀਰ ਸਿੰਘ ਨੇ ਕੀਤੀ। ਇਸ ਦੌਰਾਨ ਦੇਵੀ ਕੁਮਾਰੀ ਨੇ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੀ ਲੁਧਿਆਣਾ ਵਿਖੇ ਹੋਈ ਮੀਟਿੰਗ ਦੇ ਹਵਾਲੇ ਨਾਲ ਦੱਸਿਆ ਕਿ ਪੰਜ ਅਗਸਤ ਨੂੰ ਮਜ਼ਦੂਰਾਂ ਦੇ ਸਾਂਝੇ ਮੋਰਚੇ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪੰਜਾਬ ਪੱਧਰ ਦੀ ਵੱਡੀ ਰੈਲੀ ਕੀਤੀ ਜਾਵੇਗੀ। ਰੈਲੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਲੰਧਰ ਰਹਾਇਸ਼ ਵੱਲ ਮਾਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਰੈਲੀ ਤੇ ਮਾਰਚ ਨੂੰ ਇਤਿਹਾਸਿਕ ਬਣਾਉਣ ਲਈ ਅੱਜ ਤੋਂ ਹੀ ਤਿਆਰੀਆਂ ਵਿੱਢ ਦਿੱਤੀਆਂ ਜਾਣ। ਜਿਲ੍ਹੇ ਦੇ ਆਗੂਆਂ ਨੂੰ ਰੈਲੀ ਦੀ ਸਫਲਤਾ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਖੇਤ ਮਜ਼ਦੂਰ ਸਭਾ ਵੀ ਮਜ਼ਬੂਤ ਹੋਵੇਗੀ। ਮੀਟਿੰਗ ਵਿੱਚ ਸੀ.ਪੀ. ਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਕਾਮਰੇਡ ਰਸ਼ਪਾਲ ਕੈਲੇ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਮੀਟਿੰਗ ਵਿੱਚ ਸਰਵ ਸਾਥੀ ਸਿੰਕਦਰ ਸੰਧੂ, ਸੁਨੀਲ ਕੁਮਾਰ, ਪਰਵਿੰਦਰ ਸਿੰਘ ਫਲਪੋਤਾ, ਕਸ਼ਮੀਰ ਕੁਰੈਸ਼ੀ, ਗੁਰਪ੍ਰੀਤ ਗੋਪੀ, ਸੰਦੀਪ ਸਿੱਧੂ, ਲਵਪ੍ਰੀਤ ਹੰਸ ਆਦਿ ਮੌਜੂਦ ਸਨ।




