ਅੰਮ੍ਰਿਤਸਰ : ਇੱਥੇ ਇਸਲਾਮਾਬਾਦ ਇਲਾਕੇ ਵਿੱਚ ਸ਼ਨੀਵਾਰ ਰਾਤ 75 ਸਾਲਾ ਇੱਕ ਬਜ਼ੁਰਗ ਨੂੰ ਅਵਾਰਾ ਕੁੱਤਿਆਂ ਦੇ ਝੁੰਡ ਨੇ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਗਲੀ ਚੌਕੀਆਂ ਵਾਲੀ ਦੇ ਰਹਿਣ ਵਾਲੇ ਗੁਰਦੀਪ ਸਿੰਘ ਵਜੋਂ ਹੋਈ ਹੈ। ਗੁਰਦੀਪ ਸਿੰਘ ਟਾਹਲੀ ਸਾਹਿਬ ਬਾਜ਼ਾਰ ਸਥਿਤ ਇੱਕ ਕੱਪੜੇ ਦੀ ਦੁਕਾਨ ‘ਤੇ ਕੰਮ ਕਰਦਾ ਸੀ। ਰਾਤ ਨੂੰ ਉਹ ਕੰਮ ਤੋਂ ਪਰਤਿਆ ਅਤੇ ਰਾਤ ਦਾ ਖਾਣਾ ਖਾਣ ਤੋਂ ਬਾਅਦ ਨਾਲ ਲੱਗਦੀ ਗਲੀ ਵਿੱਚ ਰਹਿੰਦੇ ਆਪਣੇ ਇੱਕ ਬਿਮਾਰ ਰਿਸ਼ਤੇਦਾਰ ਦਾ ਹਾਲ-ਚਾਲ ਪੁੱਛਣ ਚਲਾ ਗਿਆ। ਰਾਤ ਕਰੀਬ 10.30 ਵਜੇ ਜਦੋਂ ਉਹ ਪੈਦਲ ਆਪਣੇ ਘਰ ਪਰਤ ਰਿਹਾ ਸੀ, ਤਾਂ ਗਲੀ ਵਿੱਚ 5 ਤੋਂ 7 ਅਵਾਰਾ ਕੁੱਤਿਆਂ ਦੇ ਝੁੰਡ ਨੇ ਉਸ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ।
ਸਰਕਾਰੀ ਸਕੂਲਾਂ ਦੇ 881 ਸਟੂਡੈਂਟ ਨੀਟ ‘ਚ ਪਾਸ
ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਸਕੂਲਾਂ ਦੇ 881 ਵਿਦਿਆਰਥੀਆਂ ਨੇ ਇਸ ਸਾਲ ਨੀਟ ਦੀ ਪ੍ਰੀਖਿਆ ਪਾਸ ਕੀਤੀ ਹੈ। ਮੁਬਾਰਕਬਾਦ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵੱਡੀ ਗਿਣਤੀ ਵਿਦਿਆਰਥੀਆਂ ਨੇ ਨੀਟ ਦੀ ਪ੍ਰੀਖਿਆ ਪਾਸ ਕਰਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਇਹ ਸ਼ਾਨਦਾਰ ਸਫਲਤਾ ਸੂਬੇ ਵਿੱਚ ਆਈ ਸਿੱਖਿਆ ਕ੍ਰਾਂਤੀ, ਅਧਿਆਪਕਾਂ ਦੀ ਅਣਥੱਕ ਮਿਹਨਤ ਅਤੇ ਵਿਦਿਆਰਥੀਆਂ ਦੇ ਦ੍ਰਿੜ੍ਹ ਸਮਰਪਣ ਦਾ ਹੀ ਨਤੀਜਾ ਹੈ।
ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਕਰੰਟ ਨਾਲ ਮੌਤ
ਬਰਨਾਲਾ : ਨੇੜਲੇ ਪਿੰਡ ਭੂਰੇ ਵਿੱਚ ਐਤਵਾਰ ਚਾਰ ਭੈਣਾਂ ਦੇ ਇਕਲੌਤੇ ਭਰਾ ਇਕਬਾਲ ਸਿੰਘ ਉਰਫ ਗੁੱਗੀ (24) ਦੀ ਖੇਤ ਵਿੱਚ ਕਰੰਟ ਲੱਗਣ ਕਾਰਨ ਮੌਤ ਹੋ ਗਈ। ਪਿੰਡ ਦੇ ਲੋਕ ਤੁਰੰਤ ਬਰਨਾਲਾ ਹਸਪਤਾਲ ਲੈ ਕੇ ਪੁੱਜੇ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉੁਸ ਦੇ ਪਿਤਾ ਦੀ ਵੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਹ ਮਾਂ ਨਾਲ ਇਕੱਲਾ ਹੀ ਖੇਤੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ। ਉਸ ਕੋਲ ਕਰੀਬ ਡੇਢ ਕਿੱਲਾ ਹੀ ਜ਼ਮੀਨ ਸੀ। ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਪਰਵਾਰ ਦੀ ਮਾਲੀ ਮਦਦ ਕੀਤੀ ਜਾਵੇ।



