ਚੰਡੀਗੜ੍ਹ : ਖੰਡ, ਪਿਆਜ਼ ਅਤੇ ਹੋਰ ਜ਼ਰੂਰੀ ਵਸਤੂਆਂ ਦੀਆਂ ਵਧਦੀਆਂ ਕੀਮਤਾਂ ਦਾ ਸਾਹਮਣਾ ਕਰ ਰਹੇ ਆਮ ਲੋਕਾਂ ‘ਤੇ ਹੁਣ ਸੀ ਐੱਨ ਜੀ ਦੀਆਂ ਦਰਾਂ ਵਧਣ ਨਾਲ ਮਹਿੰਗਾਈ ਦਾ ਇੱਕ ਹੋਰ ਬੋਝ ਪੈ ਗਿਆ ਹੈ। ਆਈ ਜੀ ਐੱਲ ਨੇ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ ਦੇ ਸ਼ਹਿਰਾਂ ਵਿੱਚ ਸੀ ਐੱਨ ਜੀ ਦੀ ਕੀਮਤ ਵਿੱਚ 3.89 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕਰ ਦਿੱਤਾ ਹੈ। ਇਹ ਨਵੀਆਂ ਦਰਾਂ ਸ਼ਨੀਵਾਰ ਸਵੇਰੇ ਛੇ ਵਜੇ ਤੋਂ ਪ੍ਰਭਾਵੀ ਹੋ ਗਈਆਂ ਹਨ। ਦਿੱਲੀ ਵਿਚ 86.98 ਰੁਪਏ ਪ੍ਰਤੀ ਕਿਲੋਗ੍ਰਾਮ, ਨੋਇਡਾ ਅਤੇ ਗਾਜ਼ੀਆਬਾਦ 95.59 ਰੁਪਏ ਪ੍ਰਤੀ ਕਿਲੋਗ੍ਰਾਮ, ਗੁਰੂਗ੍ਰਾਮ ਵਿਚ 92.01 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਮੇਰਠ ਵਿਚ 95.47 ਰੁਪਏ ਪ੍ਰਤੀ ਕਿਲੋਗ੍ਰਾਮ ਕੀਮਤ ਹੋ ਗਈ ਹੈ। ਚਾਲੂ ਸਾਲ ਦੌਰਾਨ ਸੀ ਐੱਨ ਜੀ ਦੀਆਂ ਕੀਮਤਾਂ ਵਿੱਚ ਇਹ ਪੰਜਵਾਂ ਵਾਧਾ ਹੈ।
ਮੁਲਾਜ਼ਮਾਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕਰਨ ਦੇ ਹੁਕਮ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਾਰੇ ਪ੍ਰਸ਼ਾਸਕੀ ਸਕੱਤਰਾਂ ਅਤੇ ਵਿਭਾਗਾਂ ਦੇ ਮੁਖੀਆਂ ਨੂੰ 27 ਅਗਸਤ ਨੂੰ ਸਮੂਹਿਕ ਛੁੱਟੀ ਲੈਣ ਵਾਲੇ ਮੁਲਾਜ਼ਮਾਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁਲਾਜ਼ਮਾਂ ਨੂੰ ਇਹ ਦੱਸਣ ਲਈ ਕਿਹਾ ਜਾਵੇਗਾ ਕਿ 27 ਅਗਸਤ ਨੂੰ ‘ਬਿਨਾਂ ਪ੍ਰਵਾਨਗੀ ਵਾਲੀ ਛੁੱਟੀ’ ‘ਤੇ ਜਾਣ ਲਈ ਉਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਿਉਂ ਨਾ ਸ਼ੁਰੂ ਕੀਤੀ ਜਾਵੇ। ਮੁਲਾਜ਼ਮ ਆਗੂ ਸਰਕਾਰ ਦੇ ਇਸ ਤਾਜ਼ਾ ਕਦਮ ਨੂੰ ਉਨ੍ਹਾਂ ‘ਤੇ ਦਬਾਅ ਬਣਾਉਣ ਅਤੇ ਉਨ੍ਹਾਂ ਨੂੰ ਗੱਲਬਾਤ ਦੀ ਮੇਜ਼ ‘ਤੇ ਵਾਪਸ ਲਿਆਉਣ ਦੀ ਕੋਸ਼ਿਸ਼ ਵਜੋਂ ਦੇਖ ਰਹੇ ਹਨ, ਜਦੋਂ ਕਿ ਯੂਨੀਅਨਾਂ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਸੰਭਾਵਨਾ ‘ਤੇ ਵਿਚਾਰ ਕਰ ਰਹੀਆਂ ਹਨ।
ਨੇਪਾਲ ਆਫਤ : ਦੋ ਅਰਬ ਤੋਂ ਵੱਧ ਦਾ ਦਾਨ
ਕਾਠਮੰਡੂ : ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਕਾਰਨ ਮਚੀ ਭਾਰੀ ਤਬਾਹੀ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਆਫ਼ਤ ਰਾਹਤ ਫੰਡ ਵਿੱਚ ਲੋਕ ਖੁੱਲ੍ਹ ਕੇ ਦਾਨ ਦੇ ਰਹੇ ਹਨ ਅਤੇ ਪਿਛਲੇ ਤਿੰਨ ਦਿਨਾਂ ਵਿੱਚ ਤਕਰੀਬਨ 2 ਅਰਬ ਰੁਪਏ ਤੋਂ ਵੱਧ ਦਾ ਦਾਨ ਮਿਲਿਆ ਹੈ। ਹਾਲ ਹੀ ਦੇ ਯੋਗਦਾਨ ਨਾਲ ਫੰਡ ਵਿੱਚ ਜਮਾਂ ਰਾਸ਼ੀ 2.17 ਅਰਬ ਰੁਪਏ ਤੋਂ ਵਧ ਕੇ 4.09 ਅਰਬ ਰੁਪਏ ਹੋ ਗਈ ਹੈ। ਮ੍ਰਿਤਕਾਂ ਦੀ ਗਿਣਤੀ ਵਧ ਕੇ 626 ਹੋ ਗਈ ਹੈ ਤੇ 2400 ਲੋਕ ਲਾਪਤਾ ਹਨ।




