ਉੱਤਰ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ (ਯੂ ਪੀ ਪੀ ਐੱਸ ਸੀ) ਨਾਲ ਸੰਬੰਧਤ ਸੋਸ਼ਲ ਮੀਡੀਆ ਪੋਸਟ ਦੇ ਮਾਮਲੇ ਵਿੱਚ ਮੁਕੇਸ਼ ਕੁਮਾਰ ਵਰਮਾ ਵਿਰੁੱਧ ਐੱਫ ਆਈ ਆਰ ਦਰਜ ਕਰ ਲਈ ਗਈ ਹੈ। ਉਸ ਦਾ ਕਸੂਰ ਇਹ ਹੈ ਕਿ ਉਹ ਆਪਣੇ ‘ਐੱਕਸ’ ਹੈਂਡਲ ‘ਤੇ ਯੂ ਪੀ ਪੀ ਐੱਸ ਸੀ ਭਰਤੀ ਪ੍ਰੀਖਿਆਵਾਂ ਵਿੱਚ ਰਾਖਵੇਂਕਰਨ ਨੂੰ ਲਾਗੂ ਕਰਨ ਵਿੱਚ ਕਥਿਤ ਬੇਨੇਮੀਆਂ ਅਤੇ ਅੰਤਰ ਸੰਬੰਧੀ ਮੀਡੀਆ ਰਿਪੋਰਟਾਂ ਨੂੰ ਨਿਯਮਿਤ ਤੌਰ ‘ਤੇ ਸਾਂਝਾ ਕਰਦਾ ਰਿਹਾ ਹੈ। ਹਾਲ ਹੀ ਵਿੱਚ ਉਸ ਨੇ ਆਪਣੇ ਹੈਂਡਲ ‘ਤੇ ‘ਨਵਭਾਰਤ ਟਾਈਮਜ਼’ ਅਤੇ ‘ਭਾਰਤ ਸਮਾਚਾਰ’ ਦੀਆਂ ਉਨ੍ਹਾਂ ਖਬਰਾਂ ਨੂੰ ਸਾਂਝੀਆਂ ਕੀਤਾ, ਜਿਸ ਵਿੱਚ ਯੂ ਪੀ ਪੀ ਐੱਸ ਸੀ ਨੂੰ ਮੌਜੂਦਾ ਸਮੇਂ ਵਿੱਚ ਮੌਜੂਦ ਸਭ ਤੋਂ ਭ੍ਰਿਸ਼ਟ ਕਮਿਸ਼ਨ ਕਿਹਾ ਗਿਆ।
ਆਪਣੀ ਪੋਸਟ ਵਿੱਚ ਉਸ ਨੇ ਲਿਖਿਆ, ”ਯੂ ਪੀ ਪੀ ਐੱਸ ਸੀ ਕਮਿਸ਼ਨ ਦੁਨੀਆ ਦਾ ਸਭ ਤੋਂ ਭ੍ਰਿਸ਼ਟ ਕਮਿਸ਼ਨ ਬਣ ਗਿਆ ਹੈ। ਕਈ ਵਾਰ ਯੂ ਪੀ ਪੀ ਐੱਸ ਸੀ-ਜੇ ਮੇਨਜ਼ ਪ੍ਰੀਖਿਆ ਦੇ ਪੇਪਰ ਬਦਲ ਦਿੱਤੇ ਜਾਂਦੇ ਹਨ ਅਤੇ ਕਈ ਵਾਰ ਆਰ ਓ/ਏ ਆਰ ਓ ਪੇਪਰ ਲੀਕ ਹੋ ਜਾਂਦੇ ਹਨ। ਇਸ ਤੋਂ ਬਾਅਦ, ਜੇ ਕੋਈ ਪ੍ਰੀਖਿਆ ਹੁੰਦੀ ਹੈ, ਤਾਂ ਮਾਈਗ੍ਰੇਸ਼ਨ ਘੁਟਾਲੇ (ਰਿਜ਼ਰਵੇਸ਼ਨ ਘੁਟਾਲੇ) ਦਾ ਸ਼ਿਕਾਰ ਹੋ ਜਾਂਦੀ ਹੈ। ਇਸ ਕਾਰਨ ਸਾਰੀਆਂ ਪ੍ਰੀਖਿਆਵਾਂ ਅਦਾਲਤ ਵਿੱਚ ਪਹੁੰਚ ਗਈਆਂ ਹਨ ਅਤੇ ਉਸੇ ਕ੍ਰਮ ਵਿੱਚ ਸਮੀਖਿਆ ਅਧਿਕਾਰੀਆਂ ਦੀ ਜੁਆਇਨਿੰਗ ਨੂੰ ਵੀ ਰੋਕ ਦਿੱਤਾ ਗਿਆ ਹੈ।” ਕਮਿਸ਼ਨ ਦੇ ਸੈਕਸ਼ਨ ਅਫਸਰ ਵਕਾਰ ਅਹਿਮਦ ਅਨਸਾਰੀ ਦੀ ਸ਼ਿਕਾਇਤ ਦੇ ਆਧਾਰ ‘ਤੇ ਸਿਵਲ ਲਾਈਨਜ਼ ਪੁਲਸ ਸਟੇਸ਼ਨ ਵਿੱਚ ਮੁਕੇਸ਼ ਵਰਮਾ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਉਸ ‘ਤੇ ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਪੋਸਟ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਯੋਗੀ ਆਦਿੱਤਿਆਨਾਥ ਦੇ ਰਾਜ ਵਿੱਚ ਵਰਮਾ ਨੂੰ ਹੀ ਨਹੀਂ ਲਪੇਟਿਆ ਗਿਆ, ਜੌਨਪੁਰ ਦੇ ਸ਼ਾਹਗੰਜ ਵਿੱਚ ਲੇਖਾਕਾਰ ਅਸ਼ੋਕ ਕੁਮਾਰ ਯਾਦਵ ਨੂੰ ਇਸ ਕਰਕੇ ਮੁਅੱਤਲ ਕਰ ਦਿੱਤਾ ਗਿਆ ਹੈ ਕਿ ਉਸ ਨੇ ਪਿਛਲੇ ਐਤਵਾਰ ਆਪਣੇ ਫੇਸਬੁੱਕ ਅਕਾਊਂਟ ‘ਤੇ ਇਹ ਵਿਅੰਗਮਈ ਪੋਸਟ ਪਾ ਦਿੱਤੀ ਸੀ-ਚਾਯ ਖਤਰੇ ਮੇਂ ਹੈ ਮਿੱਤਰ, ਚੀਨੀ ਪਹੁੰਚ ਗਈ ਸੱਤਰ। ਤਹਿਸੀਲਦਾਰ ਸੌਰਭ ਕੁਮਾਰ ਨੇ ਕਿਹਾ ਕਿ ਇੱਕ ਸਰਕਾਰੀ ਕਰਮਚਾਰੀ ਨੇ ਸੋਸ਼ਲ ਮੀਡੀਆ ‘ਤੇ ਸਰਕਾਰੀ ਨੀਤੀਆਂ ‘ਤੇ ਟਿੱਪਣੀ ਕੀਤੀ, ਜੋ ਕਿ ਉਚਿਤ ਨਹੀਂ ਹੈ। ਸਰਕਾਰੀ ਸੇਵਾ ਵਿੱਚ ਲੱਗੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸੋਸ਼ਲ ਮੀਡੀਆ ‘ਤੇ ਅਜਿਹੀਆਂ ਪੋਸਟਾਂ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਹ ਵਿਭਾਗ ਦੀ ਛਵੀ ਨੂੰ ਖਰਾਬ ਕਰ ਸਕਦੀਆਂ ਹਨ ਅਤੇ ਵਿਵਾਦ ਪੈਦਾ ਕਰ ਸਕਦੀਆਂ ਹਨ।
ਇਹ ਧਿਆਨ ਦੇਣਯੋਗ ਹੈ ਕਿ ਪਹਿਲਾਂ ਵੀ ਰਾਜ ਵਿੱਚ ਸਮੇਂ-ਸਮੇਂ ‘ਤੇ ਕਈ ਪੱਤਰਕਾਰਾਂ, ਸਮਾਜਿਕ ਕਾਰਕੁੰਨਾਂ ਅਤੇ ਸਰਕਾਰ ਤੇ ਪ੍ਰਸ਼ਾਸਨ ਦੀ ਆਲੋਚਨਾ ਕਰਨ ਵਾਲੇ ਲੋਕਾਂ ਵਿਰੁੱਧ ਕਾਰਵਾਈ ਅਤੇ ਐੱਫ ਆਈ ਆਰਜ਼ ਦਰਜ ਕੀਤੀਆਂ ਗਈਆਂ ਹਨ। ਭਾਜਪਾ ਦੀ ਯੋਗੀ ਦੀ ਅਗਵਾਈ ਵਾਲੀ ਸਰਕਾਰ ਆਪਣੀ ਅਲੋਚਨਾ ਸੁਣਨ ਲਈ ਜ਼ਰਾ ਵੀ ਤਿਆਰ ਨਹੀਂ। ਹੋ ਸਕਦਾ ਹੈ ਕਿ ਥੋੜ੍ਹੇ ਦਿਨਾਂ ਤੱਕ ਯੋਗੀ ਵਰਮਾ ਤੇ ਯਾਦਵ ਦੇ ਘਰਾਂ ‘ਤੇ ਇਹ ਕਹਿ ਕੇ ਬੁਲਡੋਜ਼ਰ ਚਲਵਾ ਦੇਣ ਕਿ ਇਨ੍ਹਾਂ ਨੇ ਸਰਕਾਰੀ ਥਾਂ ਘੇਰੀ ਹੋਈ ਹੈ।



