ਨਵੀਂ ਦਿੱਲੀ (ਨ ਜ਼ ਸ)-ਦਿੱਲੀ ਦੇ ਬਵਾਨਾ ਇਲਾਕੇ ਵਿੱਚ ਨਿੱਜੀ ਸਕੂਲ ਦੀ ਤਿੰਨ ਸਾਲਾ ਨਰਸਰੀ ਦੀ ਵਿਦਿਆਰਥਣ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਸਕੂਲ ਬੱਸ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਘਟਨਾ 19 ਅਗਸਤ ਨੂੰ ਉਦੋਂ ਸਾਹਮਣੇ ਆਈ, ਜਦੋਂ ਬੱਚੀ ਦੇ ਪਰਵਾਰ ਨੇ ਉਸ ਦੇ ਗੁਪਤ ਅੰਗਾਂ ‘ਤੇ ਜ਼ਖਮ ਦੇਖੇ। ਪੁੱਛਗਿੱਛ ਕਰਨ ‘ਤੇ ਕੁੜੀ ਨੇ ਆਪਣੀ ਮਾਂ ਨੂੰ ਸਕੂਲ ਵਿੱਚ ਇੱਕ ‘ਬੁਰੇ ਅੰਕਲ’ ਬਾਰੇ ਦੱਸਿਆ, ਜੋ ਉਸ ਨੂੰ ਚਾਕਲੇਟ ਦਿੰਦਾ ਸੀ। ਪੁਲਸ ਨੇ ਦੱਸਿਆ ਕਿ 24 ਅਗਸਤ ਨੂੰ ਬੱਚੀ ਨੂੰ ਸੀ ਸੀ ਟੀ ਵੀ ਫੁਟੇਜ਼ ਦਿਖਾਈ ਗਈ, ਜਿਸ ਦੌਰਾਨ ਉਸ ਨੇ ਮੁਲਜ਼ਮ ਦੀ ਪਛਾਣ ਕਰ ਲਈ। ਇਸ ਤੋਂ ਬਾਅਦ ਪੋਕਸੋ ਐਕਟ ਤਹਿਤ ਐੱਫ ਆਈ ਆਰ ਦਰਜ ਕੀਤੀ ਗਈ ਅਤੇ ਮੁਲਜ਼ਮ ਨੂੰ ਸਕੂਲ ਤੋਂ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਅੱਠ ਮਹੀਨਿਆਂ ਤੋਂ ਸਕੂਲ ਬੱਸ ਚਲਾ ਰਿਹਾ ਸੀ। ਉਹ ਬੱਚੀ ਦਾ ਪਿੱਛਾ ਕਰਕੇ ਉਸ ਨੂੰ ਵਾਸ਼ਰੂਮ ਵਿੱਚ ਲੈ ਗਿਆ ਅਤੇ ਜਿਨਸੀ ਸ਼ੋਸ਼ਣ ਕੀਤਾ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਬੱਚੀ ਦਾ ਚਾਰ ਵਾਰ ਸ਼ੋਸ਼ਣ ਕੀਤਾ ਗਿਆ ਸੀ। ਮੁਲਜ਼ਮ ਦਾ ਮੋਬਾਇਲ ਫੋਨ ਵੀ ਜ਼ਬਤ ਕਰ ਲਿਆ ਗਿਆ ਹੈ, ਜਿਸ ਵਿੱਚੋਂ ਛੋਟੇ ਬੱਚਿਆਂ ਨੂੰ ਚਾਕਲੇਟਾਂ ਦਿੰਦਿਆਂ ਦੀਆਂ ਵੀਡੀਓਜ਼ ਬਰਾਮਦ ਹੋਈਆਂ ਹਨ। ਸਕੂਲ ਦੇ ਪੂਰੇ ਕੰਪਲੈਕਸ ਦੀ ਸੀ ਸੀ ਟੀ ਵੀ ਫੁਟੇਜ਼ ਕਬਜ਼ੇ ਵਿੱਚ ਲੈ ਲਈ ਗਈ ਹੈ।



