ਨਵੀਂ ਦਿੱਲੀ (ਨ ਜ਼ ਸ)
ਉੱਤਰਾਖੰਡ ਦੇ ਹਲਦਵਾਨੀ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰੈਲੀ ਵਾਲੀ ਥਾਂ ਦੇ ਸ਼ੁੱਧੀਕਰਨ ਦਾ ਮਾਮਲ ਹੋਰ ਗਰਮਾ ਗਿਆ ਹੈ। ਇਸ ਮਾਮਲੇ ‘ਤੇ ਕਾਂਗਰਸ ਨੇ ਸੋਮਵਾਰ ਰਾਹੁਲ ਗਾਂਧੀ ਖਿਲਾਫ ਐੱਫ ਆਈ ਆਰ ਦਰਜ ਕਰਨ ਦੀ ਸਖਤ ਨਿਖੇਧੀ ਕੀਤੀ ਹੈ। ਕਾਂਗਰਸ ਨੇ ਕਿਹਾ ਕਿ ਅਸਲ ਮੁੱਦਾ ਤਾਂ ਇਹ ਹੈ ਕਿ ਉੱਤਰਾਖੰਡ ਦੀ ਭਾਜਪਾ ਸਰਕਾਰ ਨੇ ਹਲਦਵਾਨੀ ਵਿੱਚ ਖੜਗੇ ਵੱਲੋਂ ਵਰਤੇ ਗਏ ਮੰਚ ਦੀ ਸ਼ੁੱਧੀਕਰਨ ਕਰਨ ਵਾਲੇ ਲੋਕਾਂ ਵਿਰੁੱਧ ਹੁਣ ਤੱਕ ਕੇਸ ਕਿਉਂ ਨਹੀਂ ਦਰਜ ਕੀਤਾ। ਕਾਂਗਰਸ ਆਗੂਆਂ ਰਣਦੀਪ ਸਿੰਘ ਸੂਰਜੇਵਾਲਾ, ਕੁਮਾਰੀ ਸ਼ੈਲਜਾ ਅਤੇ ਪਵਨ ਖੇੜਾ ਨੇ ਰਾਹੁਲ ਖਿਲਾਫ ਕੀਤੀ ਗਈ ਕਾਰਵਾਈ ‘ਤੇ ਸਵਾਲ ਉਠਾਉਂਦਿਆਂ ਭਾਜਪਾ ‘ਤੇ ਦੋਸ਼ ਲਾਇਆ ਕਿ ਉਸ ਨੇ ਘਟਨਾ ਖਿਲਾਫ ਆਵਾਜ਼ ਚੁੱਕਣ ਵਾਲੇ ਨੇਤਾ ਵਿਰੁੱਧ ਤਾਂ ਫੌਰਨ ਐੱਫ ਆਈ ਆਰ ਦਰਜ ਕਰ ਦਿੱਤੀ, ਪਰ ਇਸ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਪਵਨ ਖੇੜਾ ਨੇ ਕਿਹਾ, ”ਰਾਹੁਲ ਜੀ ਵਿਰੁੱਧ ਦਰਜ ਐੱਫ ਆਈ ਆਰ ਨੂੰ ਲੈ ਕੇ ਮੁੱਦਾ ਨਾ ਬਣਾਓ। ਜਿਸ ਵਿਅਕਤੀ ਖਿਲਾਫ ਭਾਜਪਾ ਪੂਰੇ ਦੇਸ਼ ਵਿੱਚ 40-50 ਕੇਸ ਦਰਜ ਕਰ ਚੁੱਕੀ ਹੈ, ਉਸ ਦੇ ਖਿਲਾਫ ਇੱਕ ਹੋਰ ਐੱਫ ਆਈ ਆਰ ਦਰਜ ਹੋਣ ਨਾਲ ਸਾਡੇ ਸਿਰ ‘ਤੇ ਕਿਹੜਾ ਅਸਮਾਨ ਡਿੱਗ ਪਿਆ ਹੈ? ਅਸਲ ਮੁੱਦਾ ਰਾਹੁਲ ਜੀ ਵਿਰੁੱਧ ਐੱਫ ਆਈ ਆਰ ਦਾ ਨਹੀਂ। ਅਸਲ ਮੁੱਦਾ ‘ਸ਼ੁੱਧੀਕਰਨ’ ਦਾ ਹੈ।””
ਸ਼ੈਲਜਾ ਨੇ ਕਿਹਾ, “ਪਹਿਲਾਂ ‘ਸ਼ੁੱਧੀਕਰਨ’ ਕੀਤਾ ਗਿਆ। ਫਿਰ ਉੱਤਰਾਖੰਡ ਦੇ ਭਾਜਪਾ ਪ੍ਰਧਾਨ ਨੇ ਖੁੱਲ੍ਹ ਕੇ ਇਸ ਦਾ ਬਚਾਅ ਕੀਤਾ ਅਤੇ ਹੁਣ ਜਦੋਂ ਰਾਹੁਲ ਗਾਂਧੀ ਨੇ ਕਾਨੂੰਨ ਤਹਿਤ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ, ਤਾਂ ਉੱਤਰਾਖੰਡ ਦੀ ਭਾਜਪਾ ਸਰਕਾਰ ਨੇ ਇਸ ਦੀ ਬਜਾਏ ਉਨ੍ਹਾ ਵਿਰੁੱਧ ਹੀ ਕੇਸ ਦਰਜ ਕਰ ਦਿੱਤਾ।” ਇਸ ਨੂੰ ਭਾਜਪਾ-ਆਰ ਐੱਸ ਐੱਸ ਦੀ ਦਲਿਤ ਵਿਰੋਧੀ ਅਤੇ ਸੰਵਿਧਾਨ ਵਿਰੋਧੀ ਸੋਚ ਦੀ ਇੱਕ ਗੰਭੀਰ ਮਿਸਾਲ ਦੱਸਦਿਆਂ ਸ਼ੈਲਜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ‘ਤੇ ਵੀ ਸਵਾਲ ਚੁੱਕੇ। ਉਨ੍ਹਾ ਕਿਹਾ, ‘ਸ਼ੁੱਧੀਕਰਨ ‘ਤੇ ਸਵਾਲ ਪੁੱਛੋ ਤਾਂ ਐੱਫ ਆਈ ਆਰ, ਦਲਿਤ ਸਨਮਾਨ ਦੀ ਗੱਲ ਕਰੋ ਤਾਂ ਐੱਫ ਆਈ ਆਰ ਤੇ ਸੰਵਿਧਾਨ ਲਈ ਆਵਾਜ਼ ਚੁੱਕੋ ਤਾਂ ਐੱਫ ਆਈ ਆਰ।’



