ਗੁਰਨਾਮ ਸਿੰਘ ਦਾਊਦ ਦੀ ਸੜਕ ਹਾਦਸੇ ‘ਚ ਮੌਤ

0
7

ਬਿਆਸ/ਜਲੰਧਰ
(ਪਰਮਜੀਤ ਸਿੰਘ ਰੱਖੜਾ/ਰਾਜੇਸ਼ ਥਾਪਾ)
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਦੀ ਮੰਗਲਵਾਰ ਸਵੇਰੇ ਤਕਰੀਬਨ 8-30 ਵਜੇ ਰਈਆ ਮੰਡੀ ਨੇੜਲੇ ਪਿੰਡ ਬੁਟਾਹਰੀ ਵਿਖੇ ਬੱਸ ਹੇਠਾਂ ਆਉਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ।ਉਹ ਜਲੰਧਰ ਵਿਖੇ ਹੋਣ ਜਾ ਰਹੀ ਕੁਲ ਹਿੰਦ ਕਿਸਾਨ ਮਹਾਂ ਸਭਾ ਦੀ ਕੌਮੀ ਕਾਨਫਰੰਸ ਦੀ ਕਾਮਯਾਬੀ ਲਈ ਜਨਤਕ ਉਗਰਾਹੀ ਕਰਨ ਲਈ ਮੋਟਰਸਾਈਕਲ ‘ਤੇ ਰਈਆ ਤੋਂ ਮੇਨ ਹਾਈਵੇ ਖਿਲਚੀਆਂ ਵੱਲ ਨੂੰ ਜਾ ਰਹੇ ਸਨ ਤਾਂ ਜਲੰਧਰ ਤੋਂ ਅੰਮ੍ਰਿਤਸਰ ਵੱਲ ਨੂੰ ਆ ਰਹੀ ਔਰਬਿਟ ਬੱਸ ਉਨ੍ਹਾ ਨੂੰ ਟੱਕਰ ਮਾਰਦੀ ਹੋਈ ਘੜੀਸ ਕੇ ਕਈ ਫੁੱਟ ਦੂਰ ਲੈ ਗਈ, ਜਿਸ ਨਾਲ ਉਨ੍ਹਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਡਰਾਈਵਰ ਬੱਸ ਛੱਡ ਕੇ ਭੱਜ ਗਿਆ। ਸਬ-ਇੰਸਪੈਕਟਰ ਖਿਲਚੀਆਂ ਹਰਦਿਆਲ ਸਿੰਘ ਨੇ ਕਾਨੂੰਨੀ ਕਾਰਵਾਈ ਕਰਦਿਆਂ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ। ਆਰ ਐੱਮ ਪੀ ਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਹਰਕੰਵਲ ਸਿੰਘ, ਰਾਜ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ, ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਮਹੀਪਾਲ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਤੇ ਸਕੱਤਰ ਡਾ. ਸਤਨਾਮ ਸਿੰਘ ਅਜਨਾਲਾ ਤੇ ਕੁਲਵੰਤ ਸਿੰਘ ਸੰਧੂ, ਪਾਰਟੀ ਦਫਤਰ ਦੇ ਇੰਚਾਰਜ ਗੁਰਦਰਸ਼ਨ ਬੀਕਾ, ਸੀ ਟੀ ਯੂ ਪੰਜਾਬ ਦੇ ਪ੍ਰਧਾਨ ਤੇ ਸਕੱਤਰ ਜਗਦੀਸ਼ ਚੰਦਰ ਤੇ ਹਰਿੰਦਰ ਰੰਧਾਵਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਨਰਲ ਸਕੱਤਰ ਧਰਮਿੰਦਰ ਸਿੰਘ ਨੇ ਸਾਥੀ ਦਾਊਦ ਦੇ ਵਿਛੋੜੇ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਉਨ੍ਹਾ ਦੇ ਇਨਕਲਾਬੀ ਜਜ਼ਬੇ ਨੂੰ ਸੂਹੀ ਸਲਾਮ ਪੇਸ਼ ਕੀਤੀ ਹੈ। ਸਾਥੀ ਦਾਊਦ ਦੀ ਅੰਤਮ ਯਾਤਰਾ ‘ਚ ਉਕਤ ਆਗੂਆਂ ਤੋਂ ਇਲਾਵਾ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖ਼ਤਪੁਰਾ, ਸੀ ਪੀ ਆਈ ਦੇ ਸੂਬਾਈ ਆਗੂ ਲਖਬੀਰ ਸਿੰਘ ਨਿਜ਼ਾਮਪੁਰਾ, ਸੀ ਪੀ ਆਈ (ਐੱਮ ਐੱਲ) ਨਿਊ ਡੈਮੋਕ੍ਰੇਸੀ ਦੇ ਸੀਨੀਅਰ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ, ਪ ਸ ਸ ਫ ਦੇ ਪ੍ਰਧਾਨ ਸਤੀਸ਼ ਰਾਣਾ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਨੱਥਾ ਸਿੰਘ ਢਡਵਾਲ, ਸ਼ਿਵ ਕੁਮਾਰ ਪਠਾਨਕੋਟ ਤੇ ਸਰਬਜੀਤ ਸਿੰਘ ਮੁਠੱਡਾ ਵੀ ਉਚੇਚੇ ਹਾਜ਼ਰ ਹੋਏ।ਹਜ਼ਾਰਾਂ ਸਾਥੀ ਆਕਾਸ਼ ਗੂੰਜਾਊ ਇਨਕਲਾਬੀ ਨਾਅਰੇ ਲਾਉਂਦੇ ਹੋਏ ਉਨ੍ਹਾ ਨੂੰ ਪਿੰਡ ਦਾਊਦ ਦੇ ਸ਼ਮਸ਼ਾਨਘਾਟ ਤੱਕ ਲੈ ਕੇ ਗਏ।ਉਨ੍ਹਾ ਦੇ ਵੱਡੇ ਸਪੁੱਤਰ ਕਿਰਨਜੀਤ ਸਿੰਘ ਸੋਨੂ ਨੇ ਉਨ੍ਹਾ ਦੀ ਚਿਖਾ ਨੂੰ ਅਗਨੀ ਦਿਖਾਈ।ਸਾਥੀ ਦਾਊਦ ਨਮਿਤ ਸ਼ੋਕ ਸਮਾਗਮ 10 ਸਤੰਬਰ ਨੂੰ ਰਈਆ ਮੰਡੀ ਵਿਖੇ ਹੋਵੇਗਾ।ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਸਮੁੱਚੀ ਦੇਸ਼ ਭਗਤ ਯਾਦਗਾਰ ਕਮੇਟੀ ਦੀ ਤਰਫੋਂ ਗੁਰਨਾਮ ਸਿੰਘ ਦਾਊਦ ਦੇ ਬੇਵਕਤੀ ਹਿਰਦੇਵੇਦਕ ਵਿਛੋੜੇ ‘ਤੇ ਪਰਵਾਰ, ਸਾਕ-ਸੰਬੰਧੀਆਂ ਅਤੇ ਸੰਗੀ-ਸਾਥੀਆਂ ਨਾਲ਼ ਗਹਿਰੇ ਦੁੱਖ਼ ਦਾ ਪ੍ਰਗਟਾਵਾ ਕੀਤਾ ਹੈ। ਦਾਊਦ ਦੇਸ਼ ਭਗਤ ਯਾਦਗਾਰ ਕਮੇਟੀ ਦੀਆਂ ਸਰਗਰਮੀਆਂ ਵਿਚ ਨਿਰੰਤਰ ਯੋਗਦਾਨ ਪਾਉਂਦੇ ਆ ਰਹੇ ਸਨ ਅਤੇ ਵਿਸ਼ੇਸ਼ ਕਰਕੇ ‘ਮੇਲਾ ਗ਼ਦਰੀ ਬਾਬਿਆਂ ਦਾ’ ਮੌਕੇ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਸਾਥੀਆਂ ਵਿੱਚ ਸ਼ੁਮਾਰ ਸਨ।
ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਗੁਰਨਾਮ ਸਿੰਘ ਦਾਊਦ ਦੀ ਬੇਵਕਤ ਮੌਤ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।ਮੋਰਚੇ ਵੱਲੋਂ ਬਿਆਨ ਜਾਰੀ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਸੇਲਵਰ੍ਹਾ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਮੁਕੇਸ਼ ਮਲੌਦ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਤੇ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਖੇੜੀ ਨੇ ਆਖਿਆ ਕਿ ਦਾਊਦ ਦੀ ਮੌਤ ਨਾਲ ਪੇਂਡੂ ਤੇ ਖੇਤ ਮਜ਼ਦੂਰਾਂ ਦੀ ਲਹਿਰ ਲਈ ਵੱਡਾ ਝਟਕਾ ਲੱਗਾ ਹੈ।ਦਾਊਦ ਨੇ ਆਰਥਿਕ, ਸਮਾਜਿਕ ਤੇ ਜਾਤਪਾਤੀ ਵਿਤਕਰੇ ਦਾ ਸੰਤਾਪ ਹੰਢਾਉਂਦੇ ਪੇਂਡੂ ਤੇ ਖੇਤ ਮਜ਼ਦੂਰਾਂ ਨੂੰ ਜਥੇਬੰਦ ਕਰਕੇ ਉਹਨਾਂ ਦੇ ਹੱਕਾਂ, ਹਿੱਤਾਂ ਲਈ ਤਾ ਉਮਰ ਲੰਮੀ ਘਾਲਣਾ ਘਾਲੀ।ਉਹਨਾਂ ਦਾਊਦ ਦੇ ਪਰਵਾਰ ਤੇ ਉਹਨਾ ਦੀ ਜਥੇਬੰਦੀ ਦਿਹਾਤੀ ਮਜ਼ਦੂਰ ਸਭਾ ਦੇ ਦੁੱਖ ‘ਚ ਸ਼ਰੀਕ ਹੁੰਦਿਆਂ ਅਹਿਦ ਕੀਤਾ ਕਿ ਸਾਂਝਾ ਮਜ਼ਦੂਰ ਮੋਰਚਾ ਪੰਜਾਬ ਪੇਂਡੂ ਤੇ ਖੇਤ ਮਜ਼ਦੂਰਾਂ ਦੇ ਹੱਕਾਂ, ਹਿੱਤਾਂ ਦੀ ਰਾਖੀ ਲਈ ਜੱਦੋ-ਜਹਿਦ ਜਾਰੀ ਰੱਖੇਗਾ।