ਸ੍ਰੀ ਚਮਕੌਰ ਸਾਹਿਬ (ਗੁਰਵਿੰਦਰਪਾਲ ਸਿੰਘ ਬੌਬੀ) – ਨੇੜਲੇ ਪਿੰਡ ਭੈਰੋਮਾਜਰਾ ਅਤੇ ਜਟਾਣਾ ਦੇ ਕੋਲ ਸਰਹਿੰਦ ਨਹਿਰ ਵਿੱਚ ਬੁੱਧਵਾਰ ਤੜਕੇ ਕਰੀਬ 4 ਤੋਂ 5 ਵਜੇ ਦੇ ਵਿਚਕਾਰ ਇੱਕ ਵੱਡਾ ਪਾੜ ਪੈ ਜਾਣ ਕਾਰਨ ਪਾਣੀ ਓਵਰਫਲੋਅ ਹੋ ਕੇ ਪਿੰਡਾਂ ਦੀਆਂ ਫਸਲਾਂ ਅਤੇ ਮੁੱਖ ਸੜਕ ਵੱਲ ਵਗਣ ਲੱਗ ਪਿਆ, ਜਿਸ ਕਾਰਨ ਚਮਕੌਰ ਸਾਹਿਬ ਤੋਂ ਰੂਪਨਗਰ ਜਾਣ ਵਾਲੀ ਮੁੱਖ ਸੜਕ ਪਿੰਡ ਭੈਰੋਮਾਜਰਾ ਕੋਲੋਂ ਲਗਭਗ 15 ਤੋਂ 20 ਫੁੱਟ ਤੱਕ ਧਸ ਕੇ ਬੁਰੀ ਤਰ੍ਹਾਂ ਟੁੱਟ ਗਈ, ਜਿਸ ਨਾਲ ਇਲਾਕੇ ਦੇ ਡੇਢ ਦਰਜਨ ਪਿੰਡਾਂ ਨੂੰ ਨੁਕਸਾਨ ਦਾ ਖਤਰਾ ਪੈਦਾ ਹੋ ਗਿਆ ਹੈ। ਸਵੇਰੇ ਡਿਊਟੀ ਅਤੇ ਜਿਮ ਜਾਣ ਲਈ ਨਿਕਲੇ ਤਿੰਨ ਮੋਟਰਸਾਈਕਲ ਸਵਾਰ, ਜਿਨ੍ਹਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਸਨ, ਅਚਾਨਕ ਧਸੀ ਹੋਈ ਸੜਕ ਅਤੇ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ਵਿੱਚ ਆ ਗਏ। 21 ਸਾਲਾ ਨੌਜਵਾਨ ਹਰਪ੍ਰੀਤ ਸਿੰਘ ਦੀ ਲੱਤ ਟੁੱਟ ਗਈ, ਜਦੋਂਕਿ ਉਸ ਦੀ ਮਾਤਾ ਕਰਮਜੀਤ ਕੌਰ (45) ਦੇ ਗੋਡੇ ‘ਤੇ ਗੰਭੀਰ ਸੱਟ ਲੱਗੀ ਹੈ। ਦੋ ਹੋਰ ਗੰਭੀਰ ਜ਼ਖਮੀ ਨੌਜਵਾਨ ਜਸਕਰਨ ਸਿੰਘ (23) , ਜਸ਼ਨਪ੍ਰੀਤ ਸਿੰਘ (25) ਨੂੰ ਡਾਕਟਰਾਂ ਵੱਲੋਂ ਪੀ ਜੀ ਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਘਟਨਾ ਦੌਰਾਨ ਦੋ ਤੋਂ ਤਿੰਨ ਮੋਟਰਸਾਈਕਲ ਪਾਣੀ ‘ਚ ਡੁੱਬ ਕੇ ਬੁਰੀ ਤਰ੍ਹਾਂ ਨੁਕਸਾਨੇ ਗਏ, ਜਦੋ ਕਿ ਇੱਕ ਮੋਬਾਇਲ ਫੋਨ ਵੀ ਪਾਣੀ ਵਿੱਚ ਡੁੱਬ ਗਿਆ। ਪਿੰਡ ਭੈਰੋਮਾਜਰਾ ਦੇ ਸਰਪੰਚ ਰਜਿੰਦਰ ਸਿੰਘ ਅਤੇ ਪਿੰਡ ਜਟਾਣਾ ਦੇ ਸਰਪੰਚ ਹਰਿੰਦਰ ਸਿੰਘ ਕਾਕਾ ਸਮੇਤ ਇਲਾਕਾ ਵਾਸੀਆਂ ਨੇ ਦੱਸਿਆ ਕਿ ਨਹਿਰ ਦੇ ਕੰਢੇ ਚੂਹਿਆਂ ਦੀਆਂ ਖੁੱਡਾਂ ਹੋਣ ਕਾਰਨ ਪਿਛਲੇ ਕਈ ਦਿਨਾਂ ਤੋਂ ਪਾਣੀ ਸੜਕ ਦੇ ਹੇਠਾਂ ਰਿਸ ਰਿਹਾ ਸੀ। ਇਸ ਸੰਬੰਧੀ ਐੱਸ ਡੀ ਐੱਮ ਅਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਪਹਿਲਾਂ ਹੀ ਲਿਖਤੀ ਅਤੇ ਜ਼ਬਾਨੀ ਖ਼ਤਰੇ ਤੋਂ ਜਾਣੂ ਕਰਵਾਇਆ ਗਿਆ ਸੀ। ਉਕਤ ਸਰਪੰਚਾਂ ਅਤੇ ਪਿੰਡਾਂ ਦੇ ਲੋਕਾਂ ਦਾ ਦੋਸ਼ ਹੈ ਕਿ ਅਧਿਕਾਰੀਆਂ ਨੇ ਇਸ ਸਮੱਸਿਆ ਨੂੰ ਸੰਜੀਦਗੀ ਨਾਲ ਨਹੀਂ ਲਿਆ ਅਤੇ ਸਿਰਫ਼ ਇੱਕ ਜੇ ਸੀ ਬੀ ਭੇਜ ਕੇ ਲਿਪਾਪੋਚੀ ਕਰਕੇ ਪੱਲਾ ਝਾੜ ਲਿਆ। ਵਿਭਾਗ ਦੀ ਇਸ ਲਾਪਰਵਾਹੀ ਦਾ ਨਤੀਜਾ ਏਨੇ ਵੱਡੇ ਪਾੜ ਅਤੇ ਹਾਦਸੇ ਦੇ ਰੂਪ ਵਿੱਚ ਸਾਹਮਣੇ ਆਇਆ ਹੈ।?
ਘਟਨਾ ਦੀ ਖ਼ਬਰ ਮਿਲਦਿਆਂ ਹੀ ਪ੍ਰਸ਼ਾਸਨ ਦੀ ਉਡੀਕ ਕੀਤੇ ਬਿਨਾਂ ਪਿੰਡਾਂ ਦੇ ਲੋਕਾਂ ਨੇ ਸਵੇਰੇ 5 ਵਜੇ ਤੋਂ ਹੀ ਇਕੱਠੇ ਹੋ ਕੇ ਰੇਤ ਦੇ ਥੈਲੇ ਭਰ ਕੇ ਨਹਿਰ ਦੇ ਪਾੜ ਨੂੰ ਬੰਨ੍ਹਣ ਦਾ ਕੰਮ ਆਪਣੇ ਪੱਧਰ ‘ਤੇ ਸ਼ੁਰੂ ਕਰ ਦਿੱਤਾ, ਜਿਸ ਨਾਲ ਪਾਣੀ ਦੇ ਵਹਾਅ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ? ਅਧਿਕਾਰੀਆਂ ਦੇ ਦੇਰੀ ਨਾਲ ਪਹੁੰਚਣ ਕਾਰਨ ਭੜਕੇ ਪਿੰਡਾਂ ਦੇ ਲੋਕਾਂ ਨੇ ਨਹਿਰ ਪੁਲ ‘ਤੇ ਧਰਨਾ ਲਗਾ ਕੇ ਆਵਾਜਾਈ ਮੁਕੰਮਲ ਠੱਪ ਕਰ ਦਿੱਤੀ, ਜਿਸ ਨਾਲ ਪੁਲ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ?ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਧਰਨੇ ਵਿੱਚ ਸ਼ਮੂਲੀਅਤ ਕਰਦਿਆਂ ਪੰਜਾਬ ਸਰਕਾਰ ਅਤੇ ਵਿਭਾਗ ਦੀ ਕਾਰਗੁਜ਼ਾਰੀ ‘ਤੇ ਤਿੱਖੇ ਨਿਸ਼ਾਨੇ ਸਾਧੇ ਅਤੇ ਪੀੜਤਾਂ ਲਈ ਮੁਆਵਜ਼ੇ ਦੀ ਮੰਗ ਕੀਤੀ।
ਹਲਕਾ ਇੰਚਾਰਜ ਜਸਬੀਰ ਸਿੰਘ ਗੜ੍ਹੀ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਉਹ ਹਸਪਤਾਲ ਵਿੱਚ ਜ਼ਖਮੀਆਂ ਦਾ ਹਾਲ-ਚਾਲ ਪੁੱਛਣ ਵੀ ਗਏ। ਗੜ੍ਹੀ ਨੇ ਡਿਪਟੀ ਕਮਿਸ਼ਨਰ, ਡੀ ਐੱਸ ਪੀ, ਐਕਸੀਅਨ ਅਤੇ ਜੇ ਈ. ਡਰੇਨੇਜ ਸਮੇਤ ਸਮੁੱਚੇ ਪ੍ਰਸ਼ਾਸਨ ਨੂੰ ਮੌਕੇ ‘ਤੇ ਲਗਾ ਕੇ ਰਾਹਤ ਕਾਰਜ ਤੇਜ਼ ਕਰਵਾਏ। ਗੜ੍ਹੀ ਅਤੇ ਸੰਗਠਨ ਇੰਚਾਰਜ ਅਮਨਦੀਪ ਸਿੰਘ ਮਾਂਗਟ ਖੁਦ ਲੋਕਾਂ ਨਾਲ ਪਾੜ ਪੂਰਨ ਲਈ ਮਿੱਟੀ ਦੇ ਥੈਲੇ ਲਗਾਉਣ ਲਈ ਜੁਟ ਗਏ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਅਣਗਹਿਲੀ ਵਰਤਣ ਵਾਲੇ ਸੰਬੰਧਤ ਅਧਿਕਾਰੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ? ਜ਼ਖਮੀ ਨੌਜਵਾਨਾਂ ਦਾ ਸਾਰਾ ਇਲਾਜ ‘ਰੈੱਡ ਕਰਾਸ ਫੰਡ’ ਵਿਚੋਂ ਸਰਕਾਰੀ ਖ਼ਰਚੇ ‘ਤੇ ਕਰਵਾਇਆ ਜਾਵੇਗਾ ਅਤੇ ਪੀੜਤਾਂ ਨੂੰ ਯੋਗ ਮੁਆਵਜ਼ਾ ਦਿਵਾਇਆ ਜਾਵੇਗਾ। ਇਸ ਮੌਕੇ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ, ਐੱਸ ਡੀ ਐੱਮ ਪ੍ਰਦੀਪ ਸਿੰਘ ਬੈਂਸ, ਡੀ ਐੱਸ ਪੀ ਮਨਜੀਤ ਸਿੰਘ ਔਲਖ, ਤਹਿਸੀਲਦਾਰ ਕੁਲਵਿੰਦਰ ਸਿੰਘ ਅਤੇ ਥਾਣਾ ਮੁਖੀ ਸ਼ਵਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।





