ਚੰਡੀਗੜ੍ਹ : ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਭੁਗਤ ਰਹੇ ਬਲਵੰਤ ਸਿੰਘ ਰਾਜੋਆਣਾ ਨੂੰ ਅੱਖਾਂ ਦੀ ਜਾਂਚ ਅਤੇ ਢੁਕਵੇਂ ਇਲਾਜ ਲਈ ਪੀ ਜੀ ਆਈ ਦੇ ਨੇਤਰ ਵਿਗਿਆਨ ਵਿਭਾਗ ਵਿੱਚ ਲਿਜਾਇਆ ਜਾਵੇਗਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਰਾਜੋਆਣਾ ਨੇ ਹਾਈ ਕੋਰਟ ਨੂੰ ਦਿੱਤੀ ਅਰਜ਼ੀ ਵਿੱਚ ਦੱਸਿਆ ਸੀ ਕਿ ਉਸ ਨੂੰ ਐਨਕਾਂ (ਪਾਵਰ ਸਪੈਕਟਕਲਜ਼) ਤੋਂ ਐਲਰਜੀ ਹੋ ਗਈ ਹੈ ਅਤੇ ਡਾਕਟਰਾਂ ਨੇ ਉਸ ਨੂੰ ਮੋਤੀਆਬਿੰਦ ਦੀ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ ਹੈ।
ਹਲਵਾਰਾ ਤੋਂ ਦੁਪਹਿਰ ਦੀ ਉਡਾਣ ਦਾ ਸਮਾਂ ਬਦਲੇਗਾ
ਲੁਧਿਆਣਾ : ਹਲਵਾਰਾ ਹਵਾਈ ਅੱਡੇ ‘ਤੇ ਦਿੱਲੀ ਤੋਂ ਲੁਧਿਆਣਾ ਅਤੇ ਲੁਧਿਆਣਾ ਤੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਦੀ ਦੁਪਹਿਰ ਦੀ ਉਡਾਣ ਦਾ ਸਮਾਂ 10 ਸਤੰਬਰ ਤੋਂ ਬਦਲ ਜਾਵੇਗਾ। ਦਿੱਲੀ ਤੋਂ ਹਲਵਾਰਾ ਆਉਣ ਵਾਲੀ ਉਡਾਣ ਦਾ ਸਮਾਂ 3:35 ਵਜੇ ਹੋਵੇਗਾ, ਜਦੋਂ ਕਿ ਇਹੀ ਉਡਾਣ ਹਲਵਾਰਾ ਤੋਂ ਸ਼ਾਮ 4:05 ਵਜੇ ਦਿੱਲੀ ਲਈ ਰਵਾਨਾ ਹੋਵੇਗੀ। ਸਵੇਰ ਦੀ ਉਡਾਣ ਦਾ ਸਮਾਂ ਫਿਲਹਾਲ ਪਹਿਲਾਂ ਵਾਂਗ ਹੀ ਰਹੇਗਾ। ਡਾਇਰੈਕਟਰ ਜਗੀਰ ਸਿੰਘ ਨੇ ਦੱਸਿਆ ਕਿ ਨਿਯਮਤ ਯਾਤਰੀਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਉਡਾਣ ਦੇ ਸਮੇਂ ਵਿੱਚ 10 ਸਤੰਬਰ ਤੋਂ ਸੋਧ ਕੀਤੀ ਗਈ ਹੈ।
ਅਚਾਨਕ ਗੋਲੀ ਚੱਲਣ ਨਾਲ ਏ ਐੱਸ ਆਈ ਦੀ ਮੌਤ
ਮੁਹਾਲੀ : ਸਪੈਸ਼ਲ ਡੀ ਜੀ ਪੀ ਅਰਪਿਤ ਸ਼ੁਕਲਾ ਦੀ ਮੁਹਾਲੀ ਸਥਿਤ ਸੈਕਟਰ 80 ਦੀ ਰਿਹਾਇਸ਼ ‘ਤੇ ਤਾਇਨਾਤ ਗੰਨਮੈਨ ਏ ਐੱਸ ਆਈ ਓਂਕਾਰ ਸਿੰਘ ਦੀ ਵੀਰਵਾਰ ਦੁਪਹਿਰ ਗੋਲੀ ਲੱਗਣ ਕਾਰਨ ਮੌਤ ਹੋ ਗਈ। ਪੁਲਸ ਮੁਤਾਬਕ ਇਹ ਹਾਦਸਾ ਹੱਥੋਂ ਪਿਸਤੌਲ ਡਿੱਗਣ ਅਤੇ ਅਚਾਨਕ ਗੋਲੀ ਚੱਲਣ ਕਾਰਨ ਵਾਪਰਿਆ। ਦੂਜੇ ਪਾਸੇ ਸੂਤਰਾਂ ਦਾ ਦਾਅਵਾ ਹੈ ਕਿ ਮੌਕੇ ‘ਤੇ ਇੱਕ ਨਹੀਂ, ਸਗੋਂ ਛੇ ਗੋਲੀਆਂ ਚੱਲੀਆਂ। ਘਟਨਾ ਤੋਂ ਬਾਅਦ ਉਸ ਨੂੰ ਤੁਰੰਤ ਫੇਜ਼-6 ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।




