ਮ੍ਰਿਤਕ ਦੇ ਨਕਲੀ ਗੋਡੇ ਕੱਢ ਕੇ ਲੈ ਗਿਆ

0
10

ਬਠਿੰਡਾ (ਪਰਵਿੰਦਰ ਜੀਤ ਸਿੰਘ) : ਅਪਰਾਧ ਦੀ ਦੁਨੀਆ ਵਿੱਚ ਚੋਰੀ ਦੀਆਂ ਵਾਰਦਾਤਾਂ ਦੇ ਕਈ ਹੈਰਾਨ ਕਰਨ ਵਾਲੇ ਮਾਮਲੇ ਸਾਹਮਣੇ ਆਉਂਦੇ ਹਨ, ਪਰ ਬਠਿੰਡਾ ਦੇ ਪਿੰਡ ਭਾਈ ਬਖ਼ਤੌਰ ਵਿੱਚ ਸਾਹਮਣੇ ਆਈ ਘਟਨਾ ਨੇ ਲੋਕਾਂ ਨੂੰ ਹੈਰਾਨੀ ਵਿੱਚ ਪਾ ਦਿੱਤਾ। ਇੱਥੇ ਇੱਕ ਵਿਅਕਤੀ ਨੇ ਸ਼ਮਸ਼ਾਨਘਾਟ ਤੋਂ ਮ੍ਰਿਤਕ ਦੇ ਨਕਲੀ ਗੋਡੇ ਹੀ ਚੋਰੀ ਕਰ ਲਏ। ਮ੍ਰਿਤਕ ਦੇ ਪਰਵਾਰ ਵਾਲਿਆਂ ਨੇ ਜਦੋਂ ਫੁੱਲ (ਅਸਥੀਆਂ) ਚੁਗਣ ਲਈ ਸ਼ਮਸ਼ਾਨਘਾਟ ਪਹੁੰਚ ਕੇ ਇਹ ਨਜ਼ਾਰਾ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉਡ ਗਏ।
ਪਿੰਡ ਭਾਈ ਬਖ਼ਤੌਰ ਦੇ ਉਜਾਗਰ ਸਿੰਘ (65) ਦੀ ਦੋ ਦਿਨ ਪਹਿਲਾਂ ਮੌਤ ਹੋ ਗਈ ਸੀ। ਉਨ੍ਹਾ ਗੋਡਿਆਂ ਵਿੱਚ ਨਕਲੀ ਜੋੜ ਪਵਾ ਰੱਖੇ ਸਨ। ਪਰਵਾਰ ਨੇ ਧਾਰਮਿਕ ਰੀਤੀ-ਰਿਵਾਜ਼ਾਂ ਅਨੁਸਾਰ ਉਨ੍ਹਾ ਦਾ ਅੰਤਮ ਸੰਸਕਾਰ ਕਰ ਦਿੱਤਾ। ਅਗਲੇ ਦਿਨ ਜਦੋਂ ਪਰਵਾਰ ਦੇ ਜੀਅ ਅਸਥੀਆਂ ਚੁਗਣ ਲਈ ਸ਼ਮਸ਼ਾਨਘਾਟ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਮ੍ਰਿਤਕ ਦੇ ਸਰੀਰ ਵਿੱਚ ਲਗਾਏ ਗਏ ਦੋਵੇਂ ਨਕਲੀ ਗੋਡੇ ਗਾਇਬ ਹਨ। ਪਰਵਾਰ ਵਾਲਿਆਂ ਨੇ ਆਸ-ਪਾਸ ਭਾਲ ਸ਼ੁਰੂ ਕੀਤੀ ਤਾਂ ਇੱਕ ਸ਼ੱਕੀ ਵਿਅਕਤੀ ਚੋਰੀ ਕੀਤੇ ਗਏ ਨਕਲੀ ਗੋਡੇ ਲੈ ਕੇ ਉੱਥੋਂ ਨਿਕਲਦਾ ਦਿਖਾਈ ਦਿੱਤਾ। ਪਰਵਾਰ ਦੇ ਮੈਂਬਰਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਕਾਬੂ ਕਰ ਲਿਆ। ਫੜੇ ਗਏ ਵਿਅਕਤੀ ਕੋਲੋਂ ਮ੍ਰਿਤਕ ਦੇ ਗੋਡੇ ਬਰਾਮਦ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਘਟਨਾ ਨੇ ਸ਼ਮਸ਼ਾਨਘਾਟਾਂ ਦੀ ਸੁਰੱਖਿਆ ਵਿਵਸਥਾ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।