ਗਾਰਡ ਨੇ ਬੈਂਕ ਲੁੱਟ ਹੋਣੋ ਬਚਾਈ

0
11

ਜੰਡਿਆਲਾ ਗੁਰੂ : ਘਾਹ ਮੰਡੀ ਚੌਕ ਨੇੜੇ ਸਥਿਤ ਯੂਨੀਅਨ ਬੈਂਕ ਦੀ ਬਰਾਂਚ ਵਿੱਚ ਵੀਰਵਾਰ ਪੰਜ ਨਕਾਬਪੋਸ਼ ਲੁਟੇਰਿਆਂ ਦੀ ਲੁੱਟ ਦੀ ਕੋਸ਼ਿਸ਼ ਸਕਿਉਰਟੀ ਗਾਰਡ ਨੇ ਨਾਕਾਮ ਕਰ ਦਿੱਤੀ। ਗਾਰਡ ਦੀ ਫੌਰੀ ਕਾਰਵਾਈ ਕਾਰਨ ਲੁਟੇਰੇ ਭੱਜ ਗਏ। ਬੈਂਕ ਮੈਨੇਜਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਕਰੀਬ ਸਵੇਰੇ 11.15 ਵਜੇ ਚਾਰ ਨਕਾਬਪੋਸ਼ ਨੌਜਵਾਨ ਬੈਂਕ ਵਿੱਚ ਦਾਖਲ ਹੋ ਕੇ ਗਾਹਕਾਂ ਵਾਲੀ ਕਤਾਰ ਵਿੱਚ ਬੈਠ ਗਏ ਤੇ ਵਾਊਚਰ ਭਰਨ ਲੱਗ ਪਏ। ਸਕਿਉਰਟੀ ਗਾਰਡ ਵੱਲੋਂ ਜਦੋਂ ਉਨ੍ਹਾਂ ਨੂੰ ਮੂੰਹ ਤੋਂ ਮਾਸਕ ਹਟਾਉਣ ਲਈ ਕਿਹਾ ਗਿਆ ਤਾਂ ਇਸੇ ਦੌਰਾਨ ਇੱਕ ਹੋਰ ਵਿਅਕਤੀ ਬੈਂਕ ਵਿੱਚ ਦਾਖਲ ਹੋਇਆ ਅਤੇ ਗਾਰਡ ਦੇ ਪਿੱਛੇ ਜਾ ਕੇ ਉਸ ਦੇ ਮੂੰਹ ‘ਤੇ ਕੋਈ ਸਪਰੇਅ ਛਿੜਕ ਦਿੱਤੀ। ਸਪਰੇਅ ਕੀਤੇ ਜਾਣ ਦੇ ਬਾਵਜੂਦ ਸਕਿਉਰਟੀ ਗਾਰਡ ਨੇ ਹਿੰਮਤ ਨਹੀਂ ਹਾਰੀ ਅਤੇ ਤੁਰੰਤ ਆਪਣੀ ਰਾਈਫਲ ਚੁੱਕ ਲਈ। ਗਾਰਡ ਵੱਲੋਂ ਰਾਈਫਲ ਚੁੱਕਦਿਆਂ ਹੀ ਸਾਰੇ ਲੁਟੇਰੇ ਘਬਰਾ ਕੇ ਬੈਂਕ ਵਿੱਚੋਂ ਬਾਹਰ ਦੌੜ ਗਏ। ਇਸ ਤਰ੍ਹਾਂ ਬੈਂਕ ਦਾ ਕਿਸੇ ਵੀ ਕਿਸਮ ਦਾ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਐੱਸ ਐੱਚ ਓ ਹਰਪਾਲ ਸਿੰਘ ਨੇ ਦੱਸਿਆ ਕਿ ਸੀ ਸੀ ਟੀ ਵੀ ਫੁਟੇਜ਼ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ।