ਪੱਛਮ ਦੇ ਅੰਦੋਲਨਾਂ ਦਾ ਭਵਿੱਖ

0
2

ਫਰਾਂਸ ਦੀ ਪ੍ਰਮੁੱਖ ਖੱਬੇ-ਪੱਖੀ ਪਾਰਟੀ, ਲਾ ਫਰਾਂਸ ਇਨਸੂਮਾਈਸ (ਐੱਲ ਐੱਫ ਆਈ) ਦੇ ਨੇਤਾ ਜੀਨ-ਲੂਕ ਮੇਲੇਨਚੋਨ ਨੇ ਫਰਾਂਸ ਅਤੇ ਦੁਨੀਆ-ਭਰ ਦੇ ਕਈ ਦੇਸ਼ਾਂ ਵਿੱਚ ਨੌਜਵਾਨਾਂ/ਲੋਕ ਅੰਦੋਲਨਾਂ ਕਾਰਨ ਹੋ ਰਹੀ ਉਥਲ-ਪੁਥਲ ਦਰਮਿਆਨ ਕਿਹਾ ਹੈ ਕਿ ਦੁਨੀਆ ਇਤਿਹਾਸ ਦੇ ਇੱਕ ਮਹਾਨ ਪਲ ਵਿੱਚੋਂ ਗੁਜ਼ਰ ਰਹੀ ਹੈ | ਹਰ ਕੋਨੇ ਵਿੱਚ ਵਿਦਿਆਰਥੀ ਅੰਦੋਲਨ ਹੋ ਰਹੇ ਹਨ…ਨਵਉਦਾਰਵਾਦ ਨੇ ਹਰ ਥਾਂ ਜਨਤਕ ਸੇਵਾਵਾਂ ਅਤੇ ਮਜ਼ਦੂਰਾਂ ਦੀਆਂ ਪ੍ਰਾਪਤੀਆਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਆਮ ਲੋਕਾਂ ਲਈ ਅਸਹਿਣਯੋਗ ਹਾਲਾਤ ਪੈਦਾ ਕਰ ਦਿੱਤੇ ਹਨ | ਅਜਿਹੇ ਅੰਦੋਲਨ ਉਦੋਂ ਪੈਦਾ ਹੁੰਦੇ ਹਨ, ਜਦੋਂ ਦੁਨੀਆ-ਭਰ ਦੀ ਆਬਾਦੀ ਦੀ ਬਹੁਗਿਣਤੀ ਤੋਂ ਸਵੈ-ਨਿਰਭਰਤਾ ਦੀ ਉਮੀਦ ਖੋਹ ਲਈ ਜਾਂਦੀ ਹੈ |
ਕਈ ਦੇਸ਼ਾਂ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ, ਫਰਾਂਸ ਨੇ ਸਭ ਤੋਂ ਵੱਧ ਵਿਸ਼ਵਵਿਆਪੀ ਧਿਆਨ ਖਿੱਚਿਆ ਹੈ | ਫਰਾਂਸ ਵਿੱਚ ਜਨਤਕ ਅਸ਼ਾਂਤੀ ਦੇ ਕਾਰਨਾਂ ਦਾ ਵਰਣਨ ਕਰਦੇ ਹੋਏ ਮੇਲੇਨਚੋਨ ਨੇ ਕਿਹਾ, ”ਲੋਕ ਭੁੱਖੇ ਹਨ | ਉਨ੍ਹਾਂ ਕੋਲ ਘਰ ਜਾਣ ਲਈ ਆਪਣੀਆਂ ਕਾਰਾਂ ‘ਚ ਤੇਲ ਭਰਨ ਜੋਗੇ ਪੈਸੇ ਨਹੀਂ ਹਨ | 90 ਲੱਖ ਲੋਕ ਗਰੀਬੀ ਵਿੱਚ ਜੀ ਰਹੇ ਹਨ | ਵਿਦਿਆਰਥੀਆਂ ਨੂੰ ਇੱਕ ਯੂਰੋ ਦੀ ਕੀਮਤ ਵਾਲੇ ਭੋਜਨ ਲਈ ਕਤਾਰਾਂ ਵਿੱਚ ਖੜ੍ਹੇ ਹੋਣ ਲਈ ਮਜਬੂਰ ਕੀਤਾ ਜਾਂਦਾ ਹੈ |” ”
ਫਰਾਂਸ ਦੇ ਨਾਲ-ਨਾਲ ਪੁਰਤਗਾਲ, ਸਪੇਨ, ਸਰਬੀਆ, ਇਟਲੀ ਤੇ ਯੂਨਾਨ ਵਿੱਚ ਵੀ ਵਿਦਿਆਰਥੀ ਤੇ ਨੌਜਵਾਨ ਸੜਕਾਂ ‘ਤੇ ਹਨ |
ਇਸ ਸੰਕਟ ਨੇ ਯੂਰਪੀ ਦੇਸ਼ਾਂ ਦੀ ਲੋਕਤੰਤਰ ਪ੍ਰਤੀ ਵਚਨਬੱਧਤਾ ਦੇ ਅਸਲ ਸੁਭਾਅ ਨੂੰ ਉਜਾਗਰ ਕਰ ਦਿੱਤਾ ਹੈ | ਫਰਾਂਸ ਇਸ ਦੀ ਇੱਕ ਪ੍ਰਮੁੱਖ ਮਿਸਾਲ ਹੈ | ਸਪੱਸ਼ਟ ਤੌਰ ‘ਤੇ, ਵਿਰੋਧ ਪ੍ਰਦਰਸ਼ਨਾਂ ਦੀ ਇਸ ਲਹਿਰ ਨੇ ਇਹ ਖੁਲਾਸਾ ਕੀਤਾ ਹੈ ਕਿ ਨਵਉਦਾਰਵਾਦੀ ਨੀਤੀਆਂ ਨੇ ਸਭ ਤੋਂ ਅਮੀਰ ਸਮਾਜਾਂ ਨੂੰ ਵੀ ਕਮਜ਼ੋਰ ਕਰ ਦਿੱਤਾ ਹੈ | ਇਸ ਸਮੇਂ ਦੌਰਾਨ, ਸਰਕਾਰਾਂ ਨੇ ਜਨਤਕ ਭਲਾਈ ਖਰਚਿਆਂ ਨੂੰ ਘਟਾਉਣ ਲਈ ਨੀਤੀਆਂ ਅਪਣਾਈਆਂ ਅਤੇ ਪਹਿਲਾਂ ਤੋਂ ਹੀ ਅਮੀਰਾਂ ਨੂੰ ਵੱਧ ਤੋਂ ਵੱਧ ਦੌਲਤ ਦੇ ਤਬਾਦਲੇ ਦਾ ਰਾਹ ਪੱਧਰਾ ਕੀਤਾ | ਨਵੀਂ ਪੈਦਾ ਹੋਈ ਦੌਲਤ ਕੁਝ ਲੋਕਾਂ ਦੇ ਹੱਥਾਂ ਵਿੱਚ ਕੇਂਦਿ੍ਤ ਹੋ ਗਈ, ਜਿਸ ਨਾਲ ਅਸਮਾਨਤਾ ਵਧ ਗਈ | ਦੂਜੇ ਪਾਸੇ ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ‘ਤੇ ਖਰਚ ਵਿੱਚ ਕਟੌਤੀ ਨੇ ਆਮ ਲੋਕਾਂ ਦੇ ਜੀਵਨ ਪੱਧਰ ਵਿੱਚ ਗਿਰਾਵਟ ਨੂੰ ਹੋਰ ਵਧਾ ਦਿੱਤਾ | ਹਥਿਆਰ ਉਦਯੋਗ ਦੇ ਦਬਾਅ ਹੇਠ ਹਾਕਮ ਵਰਗਾਂ ਨੇ ਜੰਗ-ਭੜਕਾਊ ਨੀਤੀਆਂ ਅਪਣਾਈਆਂ, ਪਰ ਜੰਗਾਂ ਦੇ ਨਤੀਜੇ ਵਜੋਂ ਊਰਜਾ ਸੰਕਟ ਅਤੇ ਅਸਮਾਨ ਛੂਹ ਰਹੀ ਮਹਿੰਗਾਈ ਹੋਈ ਹੈ | ਨਤੀਜੇ ਸੜਕਾਂ ‘ਤੇ ਦਿਖਾਈ ਦੇ ਰਹੇ ਹਨ |
ਹਾਲਾਂਕਿ ਅਜੇ ਵੀ ਇਹ ਸਵਾਲ ਹੈ : ਕੀ ਇਹ ਅੰਦੋਲਨ ਸੱਚਮੁੱਚ ਤਸਵੀਰ ਬਦਲ ਦੇਣਗੇ? ਜਾਂ ਕੀ ਇਹ ਜਨਤਕ ਗੁੱਸੇ ਦਾ ਇੱਕ ਪਲ ਭਰ ਦਾ ਪ੍ਰਗਟਾਵਾ ਬਣੇ ਰਹਿਣਗੇ? ਵਰਤਮਾਨ ਵਿੱਚ, ਸਥਿਤੀ ਇਹ ਹੈ ਕਿ ਫਰਾਂਸ ਤੋਂ ਇਲਾਵਾ ਅੰਦੋਲਨਾਂ ਵਾਲੇ ਕਿਸੇ ਵੀ ਹੋਰ ਦੇਸ਼ ਕੋਲ ਇੱਕ ਮਜ਼ਬੂਤ ਸਿਆਸੀ ਗਰੁੱਪ ਨਹੀਂ ਹੈ, ਜੋ ਉੱਭਰ ਰਹੇ ਹਾਲਾਤ ਨੂੰ ਸਥਾਈ ਤਬਦੀਲੀ ਵਿੱਚ ਬਦਲਣ ਦੇ ਸਮਰੱਥ ਹੋਵੇ | ਫਰਾਂਸ ਵਿੱਚ ਵੀ ਮੇਲੇਨਚੋਨ ਇੱਕੋ-ਇੱਕ ਵਿਕਲਪ ਬਣੇ ਹੋਏ ਹਨ, ਪਰ ਪੂਰਾ ਫਰਾਂਸੀਸੀ ਹਾਕਮ ਵਰਗ ਉਨ੍ਹਾ ਦੇ ਵਿਰੁੱਧ ਇਕੱਠਾ ਹੋ ਗਿਆ ਹੈ | ਅੰਦੋਲਨ ਵਾਲੇ ਦੇਸ਼ਾਂ ਵਿੱਚ ਅਜਿਹੇ ਆਗੂ ਨਜ਼ਰ ਨਹੀਂ ਆ ਰਹੇ, ਜਿਨ੍ਹਾਂ ਪਿੱਛੇ ਲੋਕ ਇਕਮੁੱਠ ਹੋ ਕੇ ਚੱਲਣ ਲਈ ਤਿਆਰ ਹੋ ਜਾਣ, ਪਰ ਸਥਿਤੀਆਂ ਕੁਝ ਨਵਾਂ ਹੋਣ ਵਾਪਰਨ ਦਾ ਸੰਕੇਤ ਦੇ ਰਹੀਆਂ ਹਨ | ਇਸ ਲਈ ਮੌਜੂਦਾ ਘਟਨਾਵਾਂ ਨੂੰ ਸੰਭਾਵਨਾਵਾਂ ਦੇ ਸਰੋਤ ਵਜੋਂ ਵੇਖਣਾ ਇੱਕ ਵਾਜਬ ਪਹੁੰਚ ਹੋਵੇਗੀ |