ਫਿਰੋਜਪੁਰ : ਭਾਰਤ-ਪਾਕਿਸਤਾਨ ਸਰਹੱਦ ਨੇੜੇ ਸਰਹੱਦੀ ਚੌਕੀ ਪੱਛੜੀਆਂ ਕੋਲ ਪੰਜਾਬ ਪੁਲੀਸ ਅਤੇ ਬੀ ਐੱਸ ਐੱਫ ਦੇ ਸਾਂਝੇ ਅਪਰੇਸ਼ਨ ਦੌਰਾਨ 20.298 ਕਿਲੋਗ੍ਰਾਮ ਹੈਰੋਇਨ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਨਾਲ ਬਰਾਮਦ ਹੋਈਆਂ ਚਾਂਦੀ ਦੀਆਂ ਝਾਂਜਰਾਂ ਦੇ ਤਿੰਨ ਜੋੜਿਆਂ ‘ਤੇ ਭੇਤ ਬਣਿਆ ਹੋਇਆ ਹੈ | ਜਾਣਕਾਰੀ ਅਨੁਸਾਰ, ਇਹ ਚਾਂਦੀ ਦੀਆਂ ਝਾਂਜਰਾਂ ਇੱਕ ਸੰਤਰੀ ਰੰਗ ਦੇ ਪਾਊਚ ਵਿੱਚੋਂ ਬਰਾਮਦ ਹੋਈਆਂ ਹਨ, ਜਿਸ ਉੱਤੇ ‘ਅਲੀ ਵਕਾਰ ਜਵੈਲਰਜ਼, ਮੇਨ ਬਾਜ਼ਾਰ, ਕਸੂਰ (ਪਾਕਿਸਤਾਨ)’ ਦਾ ਨਾਂ ਲਿਖਿਆ ਹੋਇਆ ਸੀ | ਸੂਤਰਾਂ ਨੇ ਦੱਸਿਆ ਕਿ ਨਸ਼ਾ ਤਸਕਰਾਂ ਅਤੇ ਜਾਸੂਸੀ ਰੈਕੇਟ ਵਿੱਚ ਸ਼ਾਮਲ ਅÏਰਤਾਂ ਵਿਚਕਾਰ ਗਠਜੋੜ ਹੋਣ ਦੀ ਸੰਭਾਵਨਾ ਹੈ, ਜਿਨ੍ਹਾਂ ਲਈ ਸਰਹੱਦ ਪਾਰੋਂ ਤੋਹਫ਼ੇ ਵਜੋਂ ਜਾਂ ਵਿਸ਼ੇਸ਼ ਮੰਗ ‘ਤੇ ਇਹ ਖ਼ਾਸ ਚਾਂਦੀ ਦੀਆਂ ਝਾਂਜਰਾਂ ਭੇਜੀਆਂ ਗਈਆਂ ਹੋ ਸਕਦੀਆਂ ਹਨ | ਦਿਲਚਸਪ ਗੱਲ ਇਹ ਹੈ ਕਿ ਸੁਰੱਖਿਆ ਬਲਾਂ ਨੇ ਸ਼ਨੀਵਾਰ ਨੂੰ ਗੁਰਨੂਰ ਸਿੱਧੂ ਨਾਂ ਦੀ ਇੱਕ ਅÏਰਤ ਨੂੰ ਜਾਸੂਸੀ ਦੇ ਦੋਸ਼ ਹੇਠ ਗਿ੍ਫ਼ਤਾਰ ਕੀਤਾ ਹੈ, ਜੋ ਕਥਿਤ ਤੌਰ ‘ਤੇ ਰੱਖਿਆ ਗਤੀਵਿਧੀਆਂ ਸੰਬੰਧੀ ਗੁਪਤ ਜਾਣਕਾਰੀ ਭੇਜ ਰਹੀ ਸੀ | ਹਾਲਾਂ ਕਿ ਗੁਰਨੂਰ ਅੱਜ-ਕੱਲ੍ਹ ਫ਼ਰੀਦਕੋਟ ਦੇ ਹਰਿੰਦਰਾ ਨਗਰ ਵਿੱਚ ਰਹਿ ਰਹੀ ਸੀ, ਪਰ ਉਹ ਮੂਲ ਰੂਪ ਵਿੱਚ ਫਿਰੋਜ਼ਪੁਰ ਦੀ ਰਹਿਣ ਵਾਲੀ ਹੈ ਅਤੇ ਰਿਪੋਰਟਾਂ ਅਨੁਸਾਰ ਉਸ ਨੇ ਫ਼ਰੀਦਕੋਟ ਵਿੱਚ ਰਿਹਾਇਸ਼ ਲੈਣ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਸੀ | ਇਸ ਮਾਮਲੇ ਵਿੱਚ ਫ਼ੌਜ ਦੇ ਦੋ ਜਵਾਨਾਂ ਨੂੰ ਵੀ ਸਹਿ-ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ | ਸੂਤਰਾਂ ਨੇ ਦੱਸਿਆ ਕਿ ਜਾਸੂਸੀ ਰੈਕੇਟ ਵਿੱਚ ਅਜਿਹੀਆਂ ਹੋਰ ਅÏਰਤਾਂ ਦੇ ਸ਼ਾਮਲ ਹੋਣ ਦੀ ਵੀ ਸੰਭਾਵਨਾ ਹੈ, ਜਿਨ੍ਹਾਂ ਨੂੰ ਪਾਕਿਸਤਾਨੀ ਖੁਫ਼ੀਆ ਏਜੰਸੀ ਆਈ ਐੱਸ ਆਈ ਵੱਲੋਂ ਰੱਖਿਆ ਖੇਤਰ ਵਿੱਚ ਘੁਸਪੈਠ ਕਰਨ ਅਤੇ ਜਵਾਨਾਂ ਨੂੰ ਹਨੀ ਟ ਰੈਪ ਵਿੱਚ ਫਸਾਉਣ ਲਈ ਵਰਤਿਆ ਗਿਆ ਹੈ |
ਇੱਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਭਾਵੇਂ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਇੱਕ ਆਮ ਗੱਲ ਹੈ, ਪਰ ਇਹ ਪਹਿਲੀ ਵਾਰ ਹੈ ਜਦੋਂ ਅÏਰਤਾਂ ਵੱਲੋਂ ਪਹਿਨੇ ਜਾਣ ਵਾਲੇ ਗਹਿਣੇ ਬਰਾਮਦ ਹੋਏ ਹਨ, ਜੋ ਸ਼ਾਇਦ ਭਾਰਤੀ ਨਸ਼ਾ ਤਸਕਰਾਂ ਵੱਲੋਂ ਮੰਗਵਾਏ ਗਏ ਸਨ ਜਾਂ ਪਾਕਿਸਤਾਨੀ ਹੈਂਡਲਰਾਂ ਵੱਲੋਂ ਤੋਹਫ਼ੇ ਵਜੋਂ ਭੇਜੇ ਗਏ ਸਨ | ਐੱਸ ਐੱਸ ਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਵਾਲੇ ਪਾਸਿਓਾ ਡਰੋਨ ਰਾਹੀਂ ਸੁੱਟੀ ਗਈ ਨਸ਼ਿਆਂ ਦੀ ਖੇਪ ਪ੍ਰਾਪਤ ਕਰਨ ਵਾਲੇ ਮੁਲਜ਼ਮ ਤਸਕਰਾਂ ਦੀ ਪੁਲੀਸ ਵੱਲੋਂ ਪਛਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗਿ੍ਫਤਾਰ ਕਰ ਲਿਆ ਜਾਵੇਗਾ | ਚਾਂਦੀ ਦੀਆਂ ਝਾਂਜਰਾਂ ਦੀ ਬਰਾਮਦਗੀ ਬਾਰੇ ਉਨ੍ਹਾਂ ਕਿਹਾ ਕਿ ਪੁਲੀਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਨਸ਼ਿਆਂ ਦੇ ਨਾਲ ਕਿਸ ਦੇ ਲਈ ਅਤੇ ਕਿਸ ਮਕਸਦ ਨਾਲ ਭੇਜੀਆਂ ਗਈਆਂ ਸਨ |





