‘ਮੇਲਾ ਗ਼ਦਰੀ ਬਾਬਿਆਂ ਦਾ’ 30 ਅਕਤੂਬਰ ਤੋਂ

0
7

ਜਲੰਧਰ (ਕੇਸਰ)-ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਭਿਆਚਾਰਕ ਵਿੰਗ ਅਤੇ ਇਸ ਦੇ ਅੰਗਸੰਗ ਜੁੜੇ ਸੱਭਿਆਚਾਰਕ ਕਾਮਾ ਪਰਵਾਰ ਦੀ ਸ਼ਨੀਵਾਰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ‘ਚ ਹੋਈ ਮੀਟਿੰਗ ‘ਚ 30 ਅਕਤੂਬਰ ਤੋਂ ਪਹਿਲੀ ਨਵੰਬਰ ਸਾਰਾ ਦਿਨ ਸਾਰੀ ਰਾਤ ਹੋਣ ਵਾਲਾ ‘ਮੇਲਾ ਗ਼ਦਰੀ ਬਾਬਿਆਂ ਦਾ’ ਹੋਰ ਵੀ ਖਿੱਚ ਅਤੇ ਸੁਨੇਹਾ ਭਰਪੂਰ ਕਿਵੇਂ ਬਣੇ, ਇਸ ‘ਤੇ ਨਿਠ ਕੇ ਵਿਚਾਰਾਂ ਕਰਦਿਆਂ ਟੀਮਾਂ ਦਾ ਗਠਨ ਕੀਤਾ ਗਿਆ | ਇਹ ਫੈਸਲਾ ਵੀ ਕੀਤਾ ਗਿਆ ਕਿ ਪਹਿਲੀ ਨਵੰਬਰ ਦੀ ਰਾਤ ਮੇਲਾ ਅੱਧੀ ਰਾਤ ਦੀ ਬਜਾਏ ਸਰਘੀ ਵੇਲੇ ਤੱਕ ਜਾਰੀ ਰਹੇਗਾ | ਚਿੱਤਰਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ ਦਾ ਮਿਊਜ਼ੀਅਮ ਅਤੇ ਲਾਇਬ੍ਰੇਰੀ ਹਾਲ ‘ਚ 30 ਅਕਤੂਬਰ ਬਾਅਦ ਦੁਪਹਿਰ 2 ਵਜੇ ਸ਼ਮ੍ਹਾ ਰੌਸ਼ਨ ਕਰਕੇ ਆਗਾਜ਼ ਕੀਤਾ ਜਾਏਗਾ | ਇਸ ਵਿੱਚ ਪੰਜਾਬ ਦੇ ਜਾਣੇ-ਪਹਿਚਾਣੇ ਚਿੱਤਰਕਾਰ ਅਤੇ ਫੋਟੋ ਕਲਾਕਾਰਾਂ ਦੀਆਂ ਕਿਰਤਾਂ ਤੋਂ ਇਲਾਵਾ ਨਵੀਂ ਦਿੱਲੀ ਤੋਂ ਨਾਮਵਰ ਵਿਦਵਾਨ ਅਤੇ ਕਵੀ ਗੌਹਰ ਰਜ਼ਾ ਦੀ ਭਾਣਜੀ ਆਵਾਨ ਪੇਂਟਿੰਗਾਂ ਲੈ ਕੇ ਸ਼ਾਮਲ ਹੋਣਗੇ | 30 ਅਕਤੂਬਰ ਸ਼ਾਮ 4 ਵਜੇ ‘ਉਹਨਾਂ ਮਿੱਤਰਾਂ ਦੀ ਯਾਦ ਪਿਆਰੀ’… ਬੈਨਰ ਹੇਠ ਸ਼ੁਰੂ ਹੋਣ ਵਾਲੇ ਸਮਾਗਮ ‘ਚ ਪਿਛਲੇ ਦਿਨੀਂ ਵਿਛੜ ਗਈਆਂ ਸ਼ਖਸੀਅਤਾਂ ਨੂੰ ਸਿਜਦਾ ਕੀਤਾ ਜਾਏਗਾ | ਇਸ ਉਪਰੰਤ ਪੈਨਲ ਵਿਚਾਰ-ਚਰਚਾ ਹੋਏਗੀ, ਜਿਸ ਦੇ ਸੰਚਾਲਕ ਹਰਵਿੰਦਰ ਭੰਡਾਲ ਹੋਣਗੇ | ਇਸ ਵਿੱਚ ਪੰਜਾਬ ਦੀ ਤਰਕਸ਼ੀਲ ਲਹਿਰ ਦੇ ਜਾਣੇ-ਪਹਿਚਾਣੇ ਆਗੂ ਰਾਜਿੰਦਰ ਭਦੌੜ, ਸ਼ਿਵ ਇੰਦਰ ਸਿੰਘ ਅਤੇ ਹੋਰ ਸਾਥੀ ਸ਼ਾਮਲ ਹੋਣਗੇ | ਮੀਟਿੰਗ ‘ਚ 31 ਅਕਤੂਬਰ ਕੁਇਜ਼ ਅਤੇ ਪੇਂਟਿੰਗ ਮੁਕਾਬਲੇ ਦੀਆਂ ਪ੍ਰਬੰਧਕੀ ਜ਼ਿੰਮੇਵਾਰੀਆਂ ਸੰਭਾਲਣ ਲਈ ਕਮੇਟੀਆਂ ਦਾ ਪੁਨਰਗਠਨ ਕੀਤਾ ਗਿਆ | ਪੇਂਟਿੰਗ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ-ਸਨਮਾਨ ਦੇਣ ਤੋਂ ਪਹਿਲਾਂ ਤਰਕਸ਼ੀਲ ਸੁਸਾਇਟੀ ਪੰਜਾਬ, ਵਿਗਿਆਨਕ ਸੱਭਿਆਚਾਰਕ ਕਲਾ-ਵੰਨਗੀਆਂ ਪੇਸ਼ ਕਰੇਗੀ | ਸ਼ਾਮ ਨੂੰ ਪੀਪਲਜ਼ ਵਾਇਸ ਵੱਲੋਂ ਡਾ. ਸੈਲੇਸ਼ ਦੀ ਅਗਵਾਈ ‘ਚ ਦਸਤਾਵੇਜ਼ੀ ਫ਼ਿਲਮ ਸ਼ੋਅ ਹੋਏਗਾ | ਪਹਿਲੀ ਨਵੰਬਰ ਸਵੇਰੇ 10 ਵਜੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਦਰਸ਼ਨ ਖਟਕੜ ਵੱਲੋਂ ਗ਼ਦਰੀ ਝੰਡਾ ਲਹਿਰਾਉਣ ਅਤੇ ਸੰਬੋਧਨ ਉਪਰੰਤ ਅਮੋਲਕ ਸਿੰਘ ਦਾ ਨਵ-ਰਚਿਤ ਸੰਗੀਤ ਨਾਟ ਓਪੇਰਾ ਰੂਪੀ ਝੰਡੇ ਦਾ ਗੀਤ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਨਿਰਦੇਸ਼ਕ ਹਰਕੇਸ਼ ਚੌਧਰੀ ਦੇ ਨਿਰਦੇਸ਼ਨ ‘ਚ ਕਲਾਕਾਰ ਪੇਸ਼ ਕਰਨਗੇ | ਇਸ ਦਿਨ ਹੋਰ ਵੰਨ-ਸੁਵੰਨੀਆਂ ਕਲਾ ਕਿਰਤਾਂ ਤੋਂ ਇਲਾਵਾ ਵਿਦਿਆਰਥੀ ਆਗੂ ਨੇਹਾ ਬੋਰਾ ਨੂੰ ਸੰਬੋਧਨ ਕਰਨ ਲਈ ਬੁਲਾਇਆ ਗਿਆ ਹੈ | ਚੰਡੀਗੜ੍ਹ ਸਕੂਲ ਆਫ਼ ਡਰਾਮਾ ਦੇ ਨਿਰਦੇਸ਼ਕ ਏਕੱਤਰ ਇਸ ਮੌਕੇ ਨਾਟਕ ਖੇਡਣਗੇ | ਪਹਿਲੀ ਨਵੰਬਰ ਸ਼ਾਮ 7 ਵਜੇ ‘ਭੰਡ ਆਏ ਮੇਲੇ ‘ਤੇ’ ਕਲਾ ਵੰਨਗੀ ਲੈ ਕੇ ਆਉਣਗੇ | ਇਪਟਾ ਦੇ ਅਵਤਾਰ ਚੜਿੱਕ ਅਤੇ ਸਾਥੀਆਂ ਨਾਲ ਸ਼ੁਰੂ ਹੋਏਗੀ ਸਾਰੀ ਰਾਤ ਚੱਲਣ ਵਾਲੀ ਨਾਟਕ ਅਤੇ ਗੀਤ-ਸੰਗੀਤ ਦੀ ਲੜੀ | ਬੱਬਰ ਅਕਾਲੀ ਪਿੰਡਾਂ ਅਤੇ ਪਰਵਾਰਾਂ ਦਾ ਪਹਿਲੀ ਨਵੰਬਰ ਦਿਨ ਵੇਲੇ ਮੇਲੇ ‘ਚ ਸਨਮਾਨ ਕੀਤਾ ਜਾਏਗਾ | ਮੇਲਾ ਤਿਆਰੀ ਵਜੋਂ ਇਹਨਾਂ ਪਿੰਡਾਂ ‘ਚ ਸੰਪਰਕ ਮੁਹਿੰਮ ਜਲਦੀ ਹੀ ਸ਼ੁਰੂ ਕੀਤੀ ਜਾ ਰਹੀ ਹੈ | ਬੱਬਰਾਂ ਦੇ ਪਿੰਡਾਂ ਵੱਲੋਂ ਇਸ ਵਾਰ ਮੇਲੇ ‘ਚ ਲੰਗਰ ਦੀ ਸੇਵਾ ਨਿਭਾਉਣ ਲਈ ਅੱਗੇ ਆਉਣ ‘ਤੇ ਮੀਟਿੰਗ ‘ਚ ਬੱਬਰਾਂ ਦੇ ਪਿੰਡਾਂ ਦਾ ਧੰਨਵਾਦ ਕੀਤਾ ਗਿਆ | ਮੀਟਿੰਗ ‘ਚ ਪਾਸ ਵਿਸ਼ੇਸ਼ ਮਤੇ ਰਾਹੀਂ ਮੰਗ ਕੀਤੀ ਗਈ ਕਿ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਹਰਮੇਸ਼ ਮਾਲੜੀ ਨੂੰ ਜਾਤੀ ਸੂਚਕ ਸ਼ਬਦ ਕਹਿਣ ਅਤੇ ਹਮਲਾ ਕਰਨ ਵਾਲੇ ਪਾਸ਼ ਦੇ ਪਿੰਡ ਤਲਵੰਡੀ ਸਲੇਮ ਦੇ ਸਰਪੰਚ ਪ੍ਰਦੀਪ ‘ਤੇ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕੀਤਾ ਜਾਏ | ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਨਾਲ ਛੇੜਛਾੜ ਬੰਦ ਕਰਕੇ ਉਸ ਨੂੰ ਵਿਰਾਸਤੀ ਯਾਦਗਾਰ ਦਾ ਦਰਜਾ ਦਿੱਤਾ ਜਾਏ | ਮੀਟਿੰਗ ਉਪਰੰਤ ਇਹ ਜਾਣਕਾਰੀ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦਿੱਤੀ |