ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸੀ ਜੇ ਪੀ ਵੱਲੋਂ ਜੰਤਰ ਮੰਤਰ ਵਿਖੇ ਕੀਤੇ ਜਾ ਰਹੇ ਪ੍ਰਦਰਸ਼ਨ ਦੇ ਮੱਦੇਨਜ਼ਰ ਰਾਜਧਾਨੀ ਵਿੱਚ ਸਨਿੱਚਰਵਾਰ ਸਵੇਰ ਤੋਂ ਹੀ ਸਖ਼ਤ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਤੇ ਨਵੀਂ ਦਿੱਲੀ ਨੂੰ ਮੁਕੰਮਲ ਕਿਲੇ੍ਹਬੰਦੀ ਵਿਚ ਬਦਲ ਦਿੱਤਾ ਗਿਆ | ਇਸ ਦੌਰਾਨ ਮਮਤਾ ਬੈਨਰਜੀ, ਅਰਵਿੰਦ ਕੇਜਰੀਵਾਲ ਸਮੇਤ ਹੋਰ ਅਨੇਕਾਂ ਰਾਜਸੀ ਆਗੂਆਂ ਨੂੰ ਹਿਰਾਸਤ ‘ਚ ਲੈ ਲਿਆ ਗਿਆ | ਸੀ ਜੇ ਪੀ ਦੇ ਸੰਸਥਾਪਕ ਅਭੀਜੀਤ ਦੀਪਕੇ, ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਕੌਮੀ ਰਾਜਧਾਨੀ ਵਿੱਚ ਜਹਾਜ਼ ਉਤਰਨ ਤੋਂ ਬਾਅਦ ਦਿੱਲੀ ਪੁਲਸ ਨੇ ਹਿਰਾਸਤ ਵਿੱਚ ਲੈ ਲਿਆ | ਇਸ ਸੰਬੰਧੀ ਸੀ ਜੇ ਪੀ ਨੇ ਆਪਣੇ ਟਵਿਟਰ ਖਾਤੇ ‘ਤੇ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਦੀਪਕੇ ਨੂੰ ਜਹਾਜ਼ ਵਿੱਚੋਂ ਪੁਲਸ ਕਰਮੀਆਂ ਵੱਲੋਂ ਲਿਜਾਇਆ ਜਾ ਰਿਹਾ ਹੈ | ਇੱਕ ਬਿਆਨ ਵਿੱਚ ਪਾਰਟੀ ਨੇ ਇਸ ਕਾਰਵਾਈ ਨੂੰ ਆਜ਼ਾਦੀ ਦੀ ਉਲੰਘਣਾ ਦੱਸਿਆ ਅਤੇ ਤਿੰਨੋਂ ਆਗੂਆਂ ਦੀ ਤੁਰੰਤ ਅਤੇ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ | ਪੁਲਸ ਵੱਲੋਂ 3 ਹਜ਼ਾਰ ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲੈਣ ਦੀਆਂ ਰਿਪੋਰਟਾਂ ਹਨ |
ਇਸ ਤੋਂ ਪਹਿਲਾਂ ਪੁਲਸ ਨੇ ਜੰਤਰ-ਮੰਤਰ ‘ਤੇ ਕਾਕਰੋਚ ਜਨਤਾ ਪਾਰਟੀ ਦੇ ਪ੍ਰਸਤਾਵਿਤ ਪ੍ਰਦਰਸ਼ਨ ਤੋਂ ਪਹਿਲਾਂ ਯੂਟਿਊਬਰ ਧਰੁਵ ਰਾਠੀ ਨੂੰ ਗੁਰੂਗ੍ਰਾਮ ਦੇ ਸੈਕਟਰ 56 ਸਥਿਤ ਉਨ੍ਹਾ ਦੀ ਰਿਹਾਇਸ਼ ਤੋਂ ਹਿਰਾਸਤ ਵਿੱਚ ਲੈ ਲਿਆ | ਇਸ ਤੋਂ ਇਲਾਵਾ ਦਿੱਲੀ ਪੁਲਸ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਲਈ ਸੀ ਜੇ ਪੀ ਦੇ ਪ੍ਰਸਤਾਵਿਤ ਪ੍ਰਦਰਸ਼ਨ ਲਈ ਜੰਤਰ-ਮੰਤਰ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸੈਂਕੜੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ | ਰਾਜਧਾਨੀ ਵਿੱਚ ਹਜਾਰਾਂ ਪੁਲਸ ਮੁਲਾਜ਼ਮ ਤਾਇਨਾਤ ਹਨ ਤੇ ਜੰਤਰ ਮੰਤਰ ਦੀ ਮੁਕੰਮਲ ਨਾਕਾਬੰਦੀ ਕੀਤੀ ਹੋਈ ਹੈ | ਰਾਜਧਾਨੀ ਦੇ ਕੁਝ ਹਿੱਸਿਆਂ ਵਿੱਚ ਟਰੈਫਿਕ ਪਾਬੰਦੀਆਂ ਲਾਗੂ ਹਨ ਤੇ ਮੈਟਰੋ ਰੇਲ ਸੇਵਾਵਾਂ ਬੰਦ ਹਨ | ਸੈਂਕੜੇ ਰੇਲ ਗੱਡੀਆਂ ਰੱਦ ਹਨ ਅਤੇ ਮੋਬਾਇਲ ਇੰਟਰਨੈੱਟ ਸੇਵਾ ਮੁਅੱਤਲ ਹੈ | ਦਿੱਲੀ ਟਰੈਫਿਕ ਪੁਲਸ ਨੇ ਕਨਾਟ ਪਲੇਸ, ਮੰਡੀ ਹਾਊਸ, ਜੰਤਰ ਮੰਤਰ, ਪਟੇਲ ਚੌਕ ਅਤੇ ਮੱਧ ਦਿੱਲੀ ਦੇ ਹੋਰ ਮੁੱਖ ਚੌਰਾਹਿਆਂ ਦੇ ਆਲੇ-ਦੁਆਲੇ ਹਾਲਾਤ ਅਣਸੁਖਾਵੇਂ ਹੋਣ ਦੀ ਚਿਤਾਵਨੀ ਦਿੱਤੀ ਹੈ |
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਸ਼ੁੱਕਰਵਾਰ ਰਾਤ 9 ਵਜੇ ਤੋਂ ਸ਼ਨੀਵਾਰ ਸਥਿਤੀ ਆਮ ਹੋਣ ਤੱਕ 57 ਮੈਟਰੋ ਸਟੇਸ਼ਨਾਂ ਦੇ ਐਂਟਰੀ ਅਤੇ ਐਗਜ਼ਿਟ ਗੇਟ ਬੰਦ ਕਰ ਦਿੱਤੇ ਹਨ | ਮੱਧ ਦਿੱਲੀ ਵਿੱਚ 24 ਘੰਟੇ ਲਈ ਮੋਬਾਇਲ ਇੰਟਰਨੈੱਟ ਮੁਅੱਤਲੀ ਸ਼ੁੱਕਰਵਾਰ ਰਾਤ 10 ਵਜੇ ਲਾਗੂ ਹੋ ਗਈ ਸੀ | ਟਰੈਫਿਕ ਐਡਵਾਇਜ਼ਰੀ ਅਨੁਸਾਰ ਪ੍ਰਭਾਵਤ ਰਸਤਿਆਂ ਵਿੱਚ ਅਸ਼ੋਕ ਰੋਡ, ਜੰਤਰ ਮੰਤਰ ਰੋਡ, ਗੋਲ ਚੱਕਰ, ਤਾਲਸਟਾਏ ਮਾਰਗ-ਜਨਪਥ ਕਰਾਸਿੰਗ, ਜੈ ਸਿੰਘ ਰੋਡ, ਸੰਸਦ ਮਾਰਗ ਕਰਾਸਿੰਗ, ਰੇਲ ਭਵਨ ਗੋਲ ਚੱਕਰ, ਪਟੇਲ ਚੌਕ, ਗੋਲ ਡਾਕਖਾਨਾ ਅਤੇ ਵਿੰਡਸਰ ਪਲੇਸ ਸ਼ਾਮਲ ਹਨ |
ਪ੍ਰਦਰਸ਼ਨ ਦੌਰਾਨ ਬੈਰੀਕੇਡ ਤੋੜਨ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਆਕਾਸ਼ਵਾਣੀ ਭਵਨ ਨੇੜੇ ਇਮਤਿਆਜ਼ ਅਲੀ ਮਾਰਗ ‘ਤੇ ਸੁਰੱਖਿਆ ਕਰਮਚਾਰੀਆਂ ‘ਤੇ ਕਥਿਤ ਤੌਰ ‘ਤੇ ਪੱਥਰਬਾਜ਼ੀ ਕੀਤੀ | ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਦੁਪਹਿਰ ਲਗਭਗ 12 ਵਜੇ 25 ਤੋਂ 30 ਪ੍ਰਦਰਸ਼ਨਕਾਰੀਆਂ ਨੇ ਇਮਤਿਆਜ਼ ਅਲੀ ਮਾਰਗ ‘ਤੇ ਬੈਰੀਕੇਡ ਟੱਪ ਕੇ ਸੁਰੱਖਿਆ ਕਰਮਚਾਰੀਆਂ ‘ਤੇ ਪੱਥਰਬਾਜ਼ੀ ਕੀਤੀ | ਉਨ੍ਹਾ ਦੱਸਿਆ ਕਿ ਉਨ੍ਹਾਂ ਵਿੱਚੋਂ ਕੁਝ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਇਸ ਘਟਨਾ ਵਿੱਚ ਦੋ ਪੁਲਸ ਕਰਮਚਾਰੀ ਜ਼ਖ਼ਮੀ ਹੋ ਗਏ ਹਨ | ਅਧਿਕਾਰੀਆਂ ਦੁਆਰਾ ਪ੍ਰਦਰਸ਼ਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਅਤੇ ਪੂਰੇ ਨਵੀਂ ਦਿੱਲੀ ਜ਼ਿਲ੍ਹੇ ਵਿੱਚ ਸਖ਼ਤ ਸੁਰੱਖਿਆ ਉਪਾਅ ਲਾਗੂ ਕਰਨ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਦੁਆਰਾ ਜੰਤਰ-ਮੰਤਰ ਪਹੁੰਚਣ ਦੀ ਕੋਸ਼ਿਸ਼ ਕਰਨ ‘ਤੇ ਪੁਲਸ ਨੇ ਲਗਭਗ 500 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ | ਕਈ ਪ੍ਰਦਰਸ਼ਨਕਾਰੀਆਂ ਦਾ ਪਿੱਛਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ | ਜਦੋਂ ਉਨ੍ਹਾਂ ਵੱਖ-ਵੱਖ ਥਾਵਾਂ ‘ਤੇ ਦੁਬਾਰਾ ਇਕੱਠੇ ਹੋਣ ਅਤੇ ਸੁਰੱਖਿਆ ਘੇਰੇ ਤੋਂ ਬਚਣ ਦੀ ਕੋਸ਼ਿਸ਼ ਕੀਤੀ | ਇੱਕ ਵਕੀਲ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸੰਬੰਧਤ ਅਧਿਕਾਰੀਆਂ ਖ਼ਿਲਾਫ਼ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ | ਵਕੀਲ ਸ਼ੈਲੇਂਦਰ ਮਣੀ ਤਿ੍ਪਾਠੀ ਵੱਲੋਂ ਦਾਇਰ ਕੀਤੀ ਗਈ ਇਸ ਮਾਣਹਾਨੀ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਦੇ ਸਪੱਸ਼ਟ ਨਿਰਦੇਸ਼ਾਂ ਦੇ ਬਾਵਜੂਦ ਰਾਜਧਾਨੀ ਵਿੱਚ ਮੈਟਰੋ ਸਟੇਸ਼ਨਾਂ ਨੂੰ ਬੰਦ ਰੱਖਿਆ ਗਿਆ ਹੈ, ਜੋ ਕਿ ਅਦਾਲਤ ਦੇ ਹੁਕਮਾਂ ਦੀ ਸਰਾਸਰ ਉਲੰਘਣਾ ਹੈ | ਪਟੀਸ਼ਨ ਵਿੱਚ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਅਤੇ ਹੋਰਨਾਂ ਨੂੰ ਧਿਰ ਬਣਾਇਆ ਗਿਆ ਹੈ | ਜ਼ਿਕਰਯੋਗ ਹੈ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਸੀ ਜੇ ਪੀ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਵੀਰਵਾਰ/ ਸ਼ੁੱਕਰਵਾਰ ਨੂੰ ਸੁਣਵਾਈ ਕਰਦਿਆਂ ਕਿਹਾ ਸੀ ਕਿ ਪ੍ਰਦਰਸ਼ਨ ਨਾਲ ਨਜਿੱਠਣ ਲਈ ਸਰਕਾਰ ਸਭ ਕੁਝ ਠੱਪ ਨਹੀਂ ਕਰ ਸਕਦੀ | ਚੀਫ਼ ਜਸਟਿਸ ਸੂਰਜ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਸਪੱਸ਼ਟ ਕੀਤਾ ਸੀ ਕਿ ਕਾਨੂੰਨ ਵਿਵਸਥਾ ਬਣਾਉਣ ਲਈ ਕਦਮ ਚੁੱਕਣ ਦਾ ਅਧਿਕਾਰ ਹੈ, ਪਰ ਪਬਲਿਕ ਟਰਾਂਸਪੋਰਟ ‘ਤੇ ਮੁਕੰਮਲ ਪਾਬੰਦੀ ਨਹੀਂ ਲਗਾਈ ਜਾਣੀ ਚਾਹੀਦੀ ਅਤੇ ਮੈਟਰੋ ਟਰੇਨਾਂ ਨੂੰ ਨਿਯਮਤ ਤਰੀਕੇ ਨਾਲ ਚਲਾਉਣਾ ਚਾਹੀਦਾ ਹੈ | ਅਦਾਲਤ ਨੇ ਟਿੱਪਣੀ ਕੀਤੀ ਸੀ ਕਿ ਮੱਖੀ ਮਾਰਨ ਲਈ ਹਥੌੜੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ | ਹਾਲਾਂਕਿ ਜ਼ਮੀਨੀ ਪੱਧਰ ‘ਤੇ ਪਾਬੰਦੀਆਂ ਜਾਰੀ ਰਹਿਣ ਕਾਰਨ ਹੁਣ ਮਾਮਲਾ ਮਾਣਹਾਨੀ ਤੱਕ ਪਹੁੰਚ ਗਿਆ ਹੈ |
ਇੱਕ ਪਾਸੇ ਜਿੱਥੇ ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭੀਜੀਤ ਦੀਪਕੇ ਨੂੰ ਦਿੱਲੀ ਪੁਲਸ ਵੱਲੋਂ ਪ੍ਰਦਰਸ਼ਨ ਤੋਂ ਪਹਿਲਾਂ ਹਿਰਾਸਤ ਵਿੱਚ ਲਿਆ ਗਿਆ ਹੈ, ਉੱਥੇ ਹੀ ਉਨ੍ਹਾ ਦੇ ਪਰਵਾਰ ਨੂੰ ਲੈ ਕੇ ਇੱਕ ਬਹੁਤ ਹੀ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ | ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ਵਿੱਚ ਅਭੀਜੀਤ ਦੀਪਕੇ ਦੀ 85 ਸਾਲਾ ਦਾਦੀ ਸਾਵਿਤਰੀ ਬਾਈ ਦੀਪਕੇ ਦਾ ਦੇਹਾਂਤ ਹੋ ਗਿਆ | ਰਾਜਧਾਨੀ ਦਿੱਲੀ ਵਿੱਚ ਸੀ ਜੇ ਪੀ ਦੇ ਪ੍ਰਦਰਸ਼ਨ ਦੌਰਾਨ ਸਿਆਸੀ ਹਲਚਲ ਉਸ ਸਮੇਂ ਹੋਰ ਤੇਜ਼ ਹੋ ਗਈ, ਜਦੋਂ ਤਿ੍ਣਮੂਲ ਕਾਂਗਰਸ ਮੁਖੀ ਅਤੇ ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਦਿੱਲੀ ਪੁਲਸ ਅਤੇ ਸੀ ਆਰ ਪੀ ਐੱਫ ਨੇ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰੋਂ ਹਿਰਾਸਤ ਵਿੱਚ ਲੈ ਲਿਆ | ਟੀ ਐੱਮ ਸੀ. ਆਗੂ ਸਾਕੇਤ ਗੋਖਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ, ‘ਮਮਤਾ ਦੀਦੀ ਅਤੇ ਸਾਡੇ 5 ਸਾਥੀਆਂ ਨੂੰ ਦਿੱਲੀ ਪੁਲਸ ਅਤੇ ਸੀ ਆਰ ਪੀ ਐੱਫ ਵੱਲੋਂ ਦੀਦੀ ਦੀ ਰਿਹਾਇਸ਼ ਦੇ ਬਾਹਰੋਂ ਕੈਦੀ ਵੈਨ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ |





