ਕੈਨੇਡਾ ‘ਚ ਦੋ ਮਹੀਨਿਆਂ ‘ਚ ਲੱਖ ਤੋਂ ਵੱਧ ਨੌਕਰੀਆਂ ਖੁੱਸੀਆਂ

0
15

ਵੈਨਕੂਵਰ : ਸਟੈਟਿਸਟਿਕਸ ਕੈਨੇਡਾ ਦੀ ਤਾਜ਼ਾ ਲੇਬਰ ਫੋਰਸ ਰਿਪੋਰਟ ਮੁਤਾਬਕ ਸਤੰਬਰ ਮਹੀਨੇ ਵਿੱਚ ਦੇਸ਼ ਭਰ ਵਿੱਚੋਂ 68,000 ਨੌਕਰੀਆਂ ਖਤਮ ਹੋ ਗਈਆਂ ਹਨ | ਅਗਸਤ ਵਿੱਚ ਵੀ 42,000 ਲੋਕਾਂ ਨੂੰ ਰੁਜ਼ਗਾਰ ਤੋਂ ਹੱਥ ਧੋਣਾ ਪਿਆ ਸੀ | ਦੋ ਮਹੀਨਿਆਂ ਦੇ ਅੰਦਰ 1,10,000 ਨੌਕਰੀਆਂ ਘਟ ਗਈਆਂ ਹਨ, ਜਿਸ ਨਾਲ ਬੇਰੁਜ਼ਗਾਰੀ ਦੀ ਦਰ ਵਧ ਕੇ 6.5 ਫੀਸਦੀ ਹੋ ਗਈ ਹੈ | ਕੰਜ਼ਰਵੇਟਿਵ ਸੰਸਦ ਮੈਂਬਰ ਮਾਈਕਲ ਕੂਪਰ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਘੇਰਦਿਆਂ ਕਿਹਾ ਕਿ ਸਰਕਾਰ ਦੇ ਦਾਅਵੇ ਹਕੀਕਤ ਤੋਂ ਕੋਹਾਂ ਦੂਰ ਹਨ | ਉਨ੍ਹਾ ਸਵਾਲ ਕੀਤਾ ਕਿ ਜਦੋਂ ਦੇਸ਼ ਵਿੱਚ ਬੇਰੁਜ਼ਗਾਰੀ ਜੀ-7 ਦੇਸ਼ਾਂ ਵਿੱਚੋਂ ਦੂਜੀ ਸਭ ਤੋਂ ਵੱਧ ਹੈ ਅਤੇ ਲੇਬਰ ਪਾਰਟੀਸਿਪੇਸ਼ਨ ਰੇਟ ਪਿਛਲੇ 30 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ‘ਤੇ ਆ ਗਿਆ ਹੈ, ਤਾਂ ਸਰਕਾਰ ਦੀਆਂ ਨੀਤੀਆਂ ਕਿੱਥੇ ਖੜ੍ਹੀਆਂ ਹਨ? ਦੂਜੇ ਪਾਸੇ, ਸਰਕਾਰੀ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਉਹ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਟੈਕਸਾਂ ਵਿੱਚ ਛੋਟ ਅਤੇ ਕਈ ਰਾਹਤ ਪੈਕੇਜ ਦੇ ਰਹੇ ਹਨ | ਸਤੰਬਰ ਵਿੱਚ ਇਕੱਲੇ ਨੌਜਵਾਨਾਂ ਦੀਆਂ 48,000 ਨੌਕਰੀਆਂ ਗਈਆਂ ਹਨ, ਜਦਕਿ 50,000 ਹੋਰ ਨੌਜਵਾਨਾਂ ਨੇ ਨਿਰਾਸ਼ ਹੋ ਕੇ ਲੇਬਰ ਮਾਰਕੀਟ ਨੂੰ ਹੀ ਛੱਡ ਦਿੱਤਾ ਹੈ | ਇਸ ਨਾਲ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਦਰ 13 ਫੀਸਦੀ ਉੱਤੇ ਬਣੀ ਹੋਈ ਹੈ | ਇਸ ਤੋਂ ਇਲਾਵਾ, 25 ਤੋਂ 54 ਸਾਲ ਦੀ ਉਮਰ ਦੀਆਂ ਅÏਰਤਾਂ ਦੀਆਂ 28,000 ਨੌਕਰੀਆਂ ਘਟੀਆਂ ਹਨ ਅਤੇ ਉਨ੍ਹਾਂ ਦੀ ਬੇਰੁਜ਼ਗਾਰੀ ਦਰ ਵੀ ਵਧ ਕੇ 5.3 ਫੀਸਦੀ ਹੋ ਗਈ ਹੈ |
ਕਿਉਬਿਕ ਵਿੱਚ ਸਭ ਤੋਂ ਵੱਧ 49,000 ਨੌਕਰੀਆਂ ਦਾ ਨੁਕਸਾਨ ਹੋਇਆ ਹੈ, ਜਦਕਿ ਬਿ੍ਟਿਸ਼ ਕੋਲੰਬੀਆ ਵਿੱਚ 20,000 ਨੌਕਰੀਆਂ ਗਈਆਂ ਹਨ | ਮੈਨੀਟੋਬਾ ਵਿੱਚ ਵੀ 4,400 ਨੌਕਰੀਆਂ ਦਾ ਨੁਕਸਾਨ ਹੋਇਆ ਹੈ, ਹਾਲਾਂਕਿ, ਅਲਬਰਟਾ ਦਾ ਮਾਹੌਲ ਥੋੜ੍ਹਾ ਬਿਹਤਰ ਰਿਹਾ, ਜਿੱਥੇ 23,000 ਨਵੇਂ ਰੁਜ਼ਗਾਰ ਜੁੜੇ ਹਨ | ਸੈਕਟਰਾਂ ਦੇ ਹਿਸਾਬ ਨਾਲ, ਵਿੱਦਿਅਕ ਸੇਵਾਵਾਂ ਵਿੱਚ 35,000, ਸਿਹਤ ਸੰਭਾਲ ਵਿੱਚ 23,000 ਅਤੇ ਮੈਨੂਫੈਕਚਰਿੰਗ ਵਿੱਚ 13,000 ਨੌਕਰੀਆਂ ਘਟੀਆਂ ਹਨ | ਅਮਰੀਕਾ ਨਾਲ ਚੱਲ ਰਹੀ ਟਰੇਡ ਵਾਰ ਵਿਚਾਲੇ ਆਟੋਮੋਟਿਵ, ਸਟੀਲ ਅਤੇ ਐਲੂਮੀਨੀਅਮ ਉੱਤੇ ਲੱਗੇ ਅਮਰੀਕੀ ਟੈਕਸਾਂ ਨੇ ਕੈਨੇਡੀਅਨ ਅਰਥਚਾਰੇ ਨੂੰ ਵੱਡਾ ਖਤਰਾ ਪੈਦਾ ਕਰ ਦਿੱਤਾ ਹੈ | ਮਾਹਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਅਮਰੀਕੀ ਟੈਕਸਾਂ ਕਾਰਨ ਕੈਨੇਡਾ ਵਿੱਚ ਲਗਪਗ 87,000 ਨੌਕਰੀਆਂ ਖਤਰੇ ਵਿੱਚ ਪੈ ਸਕਦੀਆਂ ਹਨ |