ਪੰਜਾਬ ‘ਚ 13 ਲੱਖ ਵੋਟਰ ਘਟੇ

0
11

ਚੰਡੀਗੜ੍ਹ (ਗੁਰਜੀਤ ਬਿੱਲਾ,
ਸੁਰਜੀਤ ਸਿੰਘ ਸੁਮਨ)
ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਘੀ ਸੁਧਾਈ (ਐੱਸ ਆਈ ਆਰ) ਮੁਕੰਮਲ ਹੋਣ ਮਗਰੋਂ ਸੂਬੇ ਅੰਦਰ ਰਜਿਸਟਰਡ ਵੋਟਰਾਂ ਦੀ ਕੁੱਲ ਗਿਣਤੀ ਹੁਣ 2.01 ਕਰੋੜ ਦਰਜ ਕੀਤੀ ਗਈ ਹੈ | ਸੋਮਵਾਰ ਜਾਰੀ ਕੀਤੀ ਗਈ ਅੰਤਮ ਵੋਟਰ ਸੂਚੀ ਮੁਤਾਬਕ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੇ ਕੁੱਲ 2,01,00,727 ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ | ਇਨ੍ਹਾਂ ਵਿੱਚ 1,03,76,026 ਪੁਰਸ਼ ਵੋਟਰ, 97,24,195 ਮਹਿਲਾ ਵੋਟਰ ਅਤੇ 506 ਥਰਡ ਜੈਂਡਰ (ਤੀਜੇ ਲਿੰਗ) ਦੇ ਵੋਟਰ ਸ਼ਾਮਲ ਹਨ | ਇਸ ਸਾਲ ਦੇ ਸ਼ੁਰੂ ਵਿੱਚ ਜਾਰੀ ਖਰੜਾ ਸੂਚੀ ਵਿੱਚੋਂ 20 ਲੱਖ ਤੋਂ ਵੱਧ ਵੋਟਾਂ ਕੱਟੇ ਜਾਣ ਤੋਂ ਬਾਅਦ ਹੁਣ ਪੰਜਾਬ ਦੀ ਵੋਟਰ ਸੂਚੀ ਵਿੱਚ 7.06 ਲੱਖ ਨਵੇਂ ਵੋਟਰ ਸ਼ਾਮਲ ਕੀਤੇ ਗਏ ਹਨ | ਇਸ ਦਾ ਮਤਲਬ ਹੈ ਕਿ ਐੱਸ ਆਈ ਆਰ ਤੋਂ ਪਹਿਲਾਂ ਦੇ 2,14,61,043 ਵੋਟਰਾਂ ਦੇ ਮੁਕਾਬਲੇ ਹੁਣ ਕੁੱਲ ਵੋਟਰਾਂ ਦੀ ਗਿਣਤੀ 2,01,00,727 ਰਹਿ ਗਈ ਹੈ | ਸ਼ੁਰੂਆਤ ਵਿੱਚ ਜਦੋਂ ਅਗਸਤ ਮਹੀਨੇ ਖਰੜਾ ਵੋਟਰ ਸੂਚੀ ਜਾਰੀ ਹੋਈ ਸੀ, ਤਾਂ 20,66,608 ਵੋਟਰਾਂ ਦੇ ਨਾਂਅ ਕੱਟ ਦਿੱਤੇ ਗਏ ਸਨ ਅਤੇ ਉਸ ਵੇਲੇ ਪੰਜਾਬ ਵਿੱਚ ਕੁੱਲ ਵੋਟਰ 1,93,94,435 ਦਰਜ ਕੀਤੇ ਗਏ ਸਨ | ਪੰਜਾਬ ਦੀ ਮੁੱਖ ਚੋਣ ਅਧਿਕਾਰੀ (ਸੀ ਈ ਓ) ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ ਵੋਟਰ ਸੂਚੀ ਵਿੱਚ ਆਈ 6.3 ਫੀਸਦੀ ਕਟੌਤੀ ਦੇ ਮੁੱਖ ਕਾਰਨ ਕੁਝ ਵੋਟਰਾਂ ਦੀ ਮੌਤ ਹੋਣਾ, ਸੂਬੇ ਤੋਂ ਪੱਕੇ ਤੌਰ ‘ਤੇ ਬਾਹਰ ਚਲੇ ਜਾਣਾ, 2003 ਦੇ ਪਿਛਲੇ ਸਰਵੇਖਣ ਦੌਰਾਨ ਦਿੱਤੇ ਪਤੇ ‘ਤੇ ਗੈਰ-ਹਾਜ਼ਰ ਮਿਲਣਾ ਜਾਂ ਇੱਕ ਤੋਂ ਵੱਧ ਥਾਵਾਂ ‘ਤੇ ਦਰਜ (ਡੁਪਲੀਕੇਟ) ਵੋਟਾਂ ਦਾ ਹੋਣਾ ਸੀ |
ਉਨ੍ਹਾ ਕਿਹਾ, ”ਅਸੀਂ ਵੋਟਰ ਸੂਚੀਆਂ ਦੀ ਸੁਚੱਜੀ ਸੁਧਾਈ ਨੂੰ ਯਕੀਨੀ ਬਣਾਉਣ ਲਈ ਇੱਕ ਵਿਆਪਕ ਮੁਹਿੰਮ ਚਲਾਈ ਸੀ | ਇਸ ਦੌਰਾਨ 7,97,263 ਨਵੇਂ ਵੋਟਰ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਵਿੱਚ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਅਤੇ ਮਹਿਲਾ ਵੋਟਰ ਸ਼ਾਮਲ ਹਨ |”
ਅੰਤਮ ਵੋਟਰ ਸੂਚੀ ਭਾਰਤੀ ਚੋਣ ਕਮਿਸ਼ਨ ਦੀ ਵੈੱਬਸਾਈਟ ‘ਤੇ ਅੱਪਡੇਟ ਕਰ ਦਿੱਤੀ ਗਈ ਹੈ ਅਤੇ ਮੁੱਖ ਚੋਣ ਅਧਿਕਾਰੀ ਵੱਲੋਂ ਸੂਬੇ ਦੀਆਂ ਸਾਰੀਆਂ ਸੱਤ ਰਜਿਸਟਰਡ ਤੇ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੀ ਸਾਂਝੀ ਕੀਤੀ ਗਈ ਹੈ |
ਮੁੱਖ ਚੋਣ ਅਧਿਕਾਰੀ ਨੇ ਦੱਸਿਆ, ”ਅਸੀਂ 34 ਲੱਖ ਵੋਟਰਾਂ ਨੂੰ ਨੋਟਿਸ ਜਾਰੀ ਕੀਤੇ, ਉਨ੍ਹਾਂ ਦਾ ਪੱਖ ਸੁਣਿਆ ਅਤੇ ਗਲਤੀਆਂ ਨੂੰ ਠੀਕ ਕੀਤਾ | ਇਸ ਕੰਮ ਵਿੱਚ ਪੂਰੀ ਪਾਰਦਰਸ਼ਤਾ ਵਰਤੀ ਗਈ ਹੈ | ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਨਿਯੁਕਤ ਬਲਾਕ ਪੱਧਰੀ ਸਹਾਇਕਾਂ (ਬੀ ਐੱਲ ਏ) ਦੀ ਮਦਦ ਲਈ ਗਈ ਸੀ ਅਤੇ ਉਨ੍ਹਾਂ ਨੇ ਯੋਗ ਵੋਟਰਾਂ ਦੀ ਪੜਤਾਲ ਵਿੱਚ ਸਾਡਾ ਸਹਿਯੋਗ ਕੀਤਾ | ਜਿਨ੍ਹਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਮੌਤ ਸਰਟੀਫਿਕੇਟ ਲਏ ਗਏ ਹਨ ਅਤੇ ਦੋਹਰੀਆਂ ਵੋਟਾਂ ਵਾਲਿਆਂ ਦੀ ਵੱਖਰੀ ਸੂਚੀ ਬਣਾਈ ਗਈ ਹੈ ਤਾਂ ਜੋ ਪੂਰੀ ਪਾਰਦਰਸ਼ਤਾ ਬਣੀ ਰਹੇ |”
ਸੀ ਈ ਓ ਪੰਜਾਬ ਵੱਲੋਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸਾਰੇ 117 ਵਿਧਾਨ ਸਭਾ ਹਲਕਿਆਂ ਦੀਆਂ ਅੰਤਮ ਵੋਟਰ ਸੂਚੀਆਂ ਦੀਆਂ ਹਾਰਡ ਕਾਪੀਆਂ ਅਤੇ ਸਾਫਟ ਕਾਪੀਆਂ ਸੌਂਪੀਆਂ ਗਈਆਂ¢ ਉਨ੍ਹਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਵਡਮੁੱਲੇ ਸਹਿਯੋਗ, ਖ਼ਾਸ ਕਰਕੇ ਸੂਬੇ ਭਰ ਵਿੱਚ ਤਾਇਨਾਤ 89,395 ਬੂਥ ਲੈਵਲ ਏਜੰਟਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਸਰਗਰਮ ਭਾਗੀਦਾਰੀ ਸਦਕਾ ਇਹ ਕਾਰਜ ਨੇਪਰੇ ਚੜ੍ਹ ਸਕਿਆ¢ਮੁੱਖ ਚੋਣ ਅਫ਼ਸਰ ਨੇ ਅਪੀਲ ਕੀਤੀ ਕਿ ਜਿਹੜੇ ਯੋਗ ਵਿਅਕਤੀ ਕਿਸੇ ਵੀ ਕਾਰਨ ਕਰਕੇ ਅੰਤਮ ਵੋਟਰ ਸੂਚੀ ਦੇ ਪ੍ਰਕਾਸ਼ਨ ਤੋਂ ਬਾਅਦ ਵੀ ਸ਼ਾਮਲ ਹੋਣ ਤੋਂ ਰਹਿ ਗਏ ਹਨ ਜਾਂ ਨਵੇਂ ਵੋਟਰ ਵਜੋਂ ਨਾਂਅ ਦਰਜ ਕਰਵਾਉਣਾ ਚਾਹੁੰਦੇ ਹਨ, ਉਹ ਈ ਸੀ ਆਈ ਨੈਟ ਐਪ ਰਾਹੀਂ ਆਨਲਾਈਨ ਜਾਂ ਆਪਣੇ ਸੰਬੰਧਤ ਬੀ ਐੱਲ ਓ ਰਾਹੀਂ ਫਾਰਮ ਨੰਬਰ 6 ਭਰ ਕੇ ਆਫ਼ਲਾਈਨ ਅਪਲਾਈ ਕਰ ਸਕਦੇ ਹਨ¢